
ਆਗਰਾ-ਲਖਨਊ ਐਕਸਪ੍ਰੈੱਸ ਵੇਅ 'ਤੇ ਇਕ ਵਾਰ ਫਿਰ ਤੇਜ਼ ਰਫ਼ਤਾਰ ਕਈ ਜ਼ਿੰਦਗੀਆਂ 'ਤੇ ਭਾਰੀ ਪੈ ਗਈ ਹੈ।
ਉਤਰ ਪ੍ਰਦੇਸ਼: ਆਗਰਾ-ਲਖਨਊ ਐਕਸਪ੍ਰੈੱਸ ਵੇਅ 'ਤੇ ਇਕ ਵਾਰ ਫਿਰ ਤੇਜ਼ ਰਫ਼ਤਾਰ ਕਈ ਜ਼ਿੰਦਗੀਆਂ 'ਤੇ ਭਾਰੀ ਪੈ ਗਈ ਹੈ। ਆਗਰਾ ਦੇ ਫਤਿਹਾਬਾਦ ਖੇਤਰ ਵਿਚ ਐਕਸਪ੍ਰੈੱਸ ਵੇਅ 'ਤੇ ਵੀਰਵਾਰ ਸਵੇਰੇ ਤੇਜ਼ ਰਫ਼ਤਾਰ ਆਰਟਿਗਾ ਕਾਰ ਆਪਣੇ ਤੋਂ ਅੱਗੇ ਜਾ ਰਹੇ ਟਰੱਕ ਹੇਠਾਂ ਜਾ ਵੜੀ, ਇਸ ਭਿਆਨਕ ਹਾਦਸੇ ਵਿਚ ਕਾਰ 'ਚ ਸਵਾਰ ਅੱਠ ਲੋਕਾਂ ਦੀ ਮੌਤ ਹੋ ਗਈ ਸੀ।
ਮ੍ਰਿਤਕਾਂ ਵਿਚ ਸੱਤ ਨੌਜਵਾਨ ਜੌਨਪੁਰ ਅਤੇ ਇਕ ਆਜ਼ਮਗੜ੍ਹ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ। ਸਾਰੇ ਨੌਜਵਾਨ ਆਗਰਾ ਦੀ ਡਾ. ਭੀਮਰਾਓ ਅੰਬੇਦਕਰ ਯੂਨੀਵਰਸਿਟੀ ਦੇ ਖੰਦਾਰੀ ਕੈਂਪਸ ਵਿਚ ਅਧਿਆਪਕ ਲਈ ਇੰਟਰਵਿਊ ਦੇਣ ਜਾ ਰਹੇ ਸਨ। ਇਹ ਹਾਦਸਾ ਸਵੇਰੇ ਕਰੀਬ 8 ਵਜੇ ਲਖਨਊ ਐਕਸਪ੍ਰੈੱਸ ਵੇਅ ਮਾਈਲ ਸਟੋਨ 37.2 ਦੇ ਨੇੜੇ ਵਾਪਰਿਆ ਹੈ।
ਮੌਕੇ 'ਤੇ ਪਹੁੰਚੀ ਪੁਲਿਸ ਨੇ ਕਾਰ ਵਿਚ ਫਸੇ ਨੌਜਵਾਨਾਂ ਨੂੰ ਬਾਹਰ ਕੱਢਿਆ, ਜਿਨ੍ਹਾਂ ਵਿਚੋਂ ਛੇ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦਕਿ ਦੋ ਨੇ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਦਮ ਤੋੜ ਦਿਤਾ ਹੈ। ਦਸ ਦਈਏ ਕਿ ਇਸ ਤੋਂ ਪਹਿਲਾਂ ਵੀ ਲਖਨਊ-ਆਗਰਾ ਐਕਸਪ੍ਰੈੱਸ ਵੇਅ 'ਤੇ ਤੇਜ਼ ਰਫ਼ਤਾਰੀ ਕਾਰਨ ਕਈ ਵੱਡੇ ਹਾਦਸੇ ਵਾਪਰ ਚੁੱਕੇ ਹਨ। ਹਾਦਸੇ ਤੋਂ ਬਾਅਦ ਇਲਾਕੇ ਵਿਚ ਸਨਸਨੀ ਪੈਦਾ ਹੋ ਗਈ ਹੈ।
ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਬੀਤੇ ਦਿਨੀਂ 4 ਅਪ੍ਰੈਲ ਨੂੰ ਵੀ ਆਗਰਾ-ਲਖਨਊ ਐਕਸਪ੍ਰੈੱਸ ਵੇਅ 'ਤੇ ਇਕ ਦਰਦਨਾਕ ਹਾਦਸਾ ਹੋਇਆ ਸੀ। ਇਸ ਹਾਦਸੇ ਵਿਚ ਯਾਤਰੀਆਂ ਨਾਲ ਭਰੀ ਇਕ ਟੂਰਿਸਟ ਬਸ ਅਤੇ ਟਰੱਕ ਵਿਚ ਭਿਆਨਕ ਟੱਕਰ ਹੋ ਗਈ ਸੀ ਇਸ ਹਾਦਸੇ ਵਿਚ 20 ਯਾਤਰੀਆਂ ਦੇ ਜ਼ਖਮੀ ਹੋਣ ਦੀ ਖਬਰ ਸਾਹਮਣੇ ਆਈ ਸੀ।
ਜ਼ਿਕਰਯੋਗ ਹੈ ਕਿ ਇਕ ਰਿਪੋਰਟ ਦੇ ਮੁਤਾਬਿਕ ਅਗਸਤ 2017 ਤੋਂ ਮਾਰਚ 2018 ਤੱਕ ਲਖਨਊ ਐਕਸਪ੍ਰੈੱਸ ਵੇਅ ‘ਤੇ ਕੁੱਲ 873 ਹਾਦਸੇ ਹੋਏ ਹਨ, ਜਿਨ੍ਹਾਂ ਵਿਚ 100 ਲੋਕਾਂ ਦੀ ਮੌਤ ਹੋਈ ਹੈ ਅਤੇ ਅਪ੍ਰੈਲ 2018 ਤੋਂ ਦਸੰਬਰ 2018 ਦੇ ਸਮੇਂ ਦੌਰਾਨ ਇਸ ਐਕਸਪ੍ਰੈੱਸ ਵੇਅ ‘ਤੇ ਕੁੱਲ 1,113 ਸੜਕ ਹਾਦਸੇ ਹੋਏ, ਜਿਨ੍ਹਾਂ ਵਿਚ 191 ਲੋਕਾਂ ਨੇ ਆਪਣੀ ਜਾਨ ਗਵਾਈ ਹੈ।