
ਲੌਕਡਾਊਨ ਵਿਚ, ਦੋ ਮਜ਼ਦੂਰਾਂ ਦੀਆਂ ਪਤਨੀਆਂ, ਜੋ ਕਿ ਨਾਸਿਕ ਤੋਂ 30 ਕਿਲੋਮੀਟਰ ਪਹਿਲਾਂ ਤੋਂ ਹੀ ਪੈਦਲ ਚੱਲ ਰਹੀਆਂ ਸਨ ਦੋਨੋਂ ਗਰਭਵਤੀ ਸਨ
ਨਵੀਂ ਦਿੱਲੀ - ਸ਼ਹਿਰ ਤੋਂ ਪੈਦਲ ਹੀ ਆਪਣੇ ਪਿੰਡ ਵਾਪਸ ਪਰਤ ਰਹੀ ਗਰਭਵਤੀ ਔਰਤ ਨੇ ਸਖ਼ਤ ਧੁੱਪ ਵਿਚ ਸੜਕ ‘ਤੇ ਬੱਚੇ ਨੂੰ ਜਨਮ ਦਿੱਤਾ। ਬੱਚੇ ਦੇ ਪੈਦਾ ਹੋਣ ਦੀ ਖੁਸ਼ੀ ਐਨੀ ਮਨਾਈ ਵੀ ਨਹੀਂ ਸੀ ਕਿ ਬੱਚੇ ਦੇ ਜਨਮ ਤੋਂ 2 ਘੰਟੇ ਬਾਅਦ ਹੀ ਮਹਿਲਾ ਫਿਰ ਪੈਦਲ ਚੱਲਣ ਲੱਗੀ। ਇਹ ਹੈਰਾਨ ਕਰਨ ਵਾਲਾ ਮਾਮਲਾ ਮੱਧ ਪ੍ਰਦੇਸ਼ ਦੇ ਬਡਵਾਨੀ ਜ਼ਿਲ੍ਹੇ ਤੋਂ ਸਾਹਮਣੇ ਆਇਆ ਹੈ।
File photo
ਲੌਕਡਾਊਨ ਵਿਚ, ਦੋ ਮਜ਼ਦੂਰਾਂ ਦੀਆਂ ਪਤਨੀਆਂ, ਜੋ ਕਿ ਨਾਸਿਕ ਤੋਂ 30 ਕਿਲੋਮੀਟਰ ਪਹਿਲਾਂ ਤੋਂ ਹੀ ਪੈਦਲ ਚੱਲ ਰਹੀਆਂ ਸਨ ਦੋਨੋਂ ਗਰਭਵਤੀ ਸਨ, ਜਿਨ੍ਹਾਂ ਵਿੱਚੋਂ ਇੱਕ ਔਰਤ ਸ਼ਕੁੰਤਲਾ ਨੇ ਮਹਾਰਾਸ਼ਟਰ ਦੇ ਪਿਪਰੀ ਪਿੰਡ ਵਿੱਚ ਇੱਕ ਬੱਚੇ ਨੂੰ ਜਨਮ ਦਿੱਤਾ। ਸਾੜ੍ਹੀ ਨਾਲ ਓਹਲਾ ਕਰ ਕੇ ਹੀ ਦੂਜੀਆਂ ਔਰਤਾਂ ਨੇ ਉਸ ਔਰਤ ਦੀ ਡਿਲਵਰੀ ਕੀਤੀ। ਮਾਂ ਅਤੇ ਬੱਚੇ ਦੀ ਡਾਕਟਰੀ ਜਾਂਚ ਤੋਂ ਬਿਨਾਂ ਮਾਂ ਬੱਚੇ ਨੂੰ ਜਨਮ ਦੇ ਕੇ ਫਿਰ ਭੁੱਖੀ ਪਿਆਸੀ ਪੈਦਲ ਸਫਰ ਕਰਨ ਲੱਗ ਪਈ। ਪਰਿਵਾਰ ਐਤਵਾਰ ਨੂੰ ਪੈਦਲ ਹੀ ਮੱਧ ਪ੍ਰਦੇਸ਼ ਦੇ ਸੇਧਵਾ ਪਹੁੰਚ ਗਿਆ।
File photo
ਇਸ ਨਾਲ ਚੱਲ ਰਹੀ ਇਕ ਹੋਰ ਮਜ਼ਦੂਰ ਦੀ ਪਤਨੀ ਗਰਭ ਅਵਸਥਾ ਦੇ 8 ਮਹੀਨਿਆਂ ਦੀ ਸੀ ਪਰ ਉਹ ਫਿਰ ਵੀ ਕੜਾਕੇਦਾਰ ਧੁੱਪ ਵਿਚ ਆਪਣਾ ਸਫਰ ਜਾਰੀ ਰੱਖ ਰਹੀ ਸੀ। ਆਖਰਕਾਰ, ਇਹ ਪਰਿਵਾਰ ਪੈਦਲ ਪਹੁੰਚ ਹੀ ਗਿਆ। ਉਨ੍ਹਾਂ ਸਾਰਿਆਂ ਨੂੰ ਸਤਨਾ ਜਾਣਾ ਸੀ। ਮੱਧ ਪ੍ਰਦੇਸ਼-ਮਹਾਰਾਸ਼ਟਰ ਸਰਹੱਦ ਦੇ ਥਾਣਾ ਇੰਚਾਰਜ ਦੀ ਨਿਗ੍ਹਾ ਉਹਨਾਂ ਤੇ ਪਈ। ਇਨ੍ਹਾਂ ਲੋਕਾਂ ਨਾਲ ਗੱਲ ਕਰਨ ਅਤੇ ਉਨ੍ਹਾਂ ਦੇ ਦਰਦ ਨੂੰ ਸਮਝਣ ਤੋਂ ਬਾਅਦ, ਉੱਚ ਅਧਿਕਾਰੀਆਂ ਨਾਲ ਗੱਲ ਕਰਨ ਤੋਂ ਬਾਅਦ ਉਨ੍ਹਾਂ ਨੂੰ ਕੁਆਰੰਟੀਨ ਸੈਂਟਰ ਲਿਆਂਦਾ ਗਿਆ। ਬਾਅਦ ਵਿਚ ਦੋਵੇਂ ਔਰਤਾਂ ਨੂੰ ਸੇਧਵਾ ਦੇ ਸਰਕਾਰੀ ਹਸਪਤਾਲ ਵਿਚ ਦਿਖਾਇਆ ਗਿਆ।
File photo
ਔਰਤ ਦੇ ਪਤੀ ਰਾਕੇਸ਼ ਨੇ ਕਿਹਾ ਕਿ ਅਸੀਂ ਨਾਸਿਕ ਤੋਂ 30 ਕਿਲੋਮੀਟਰ ਦੂਰ ਰਹਿੰਦੇ ਸੀ। ਉੱਥੋਂ ਚੱਲ ਕੇ ਅਸੀਂ ਐਮ ਪੀ ਦੇ ਸਤਨਾ ਜ਼ਿਲ੍ਹੇ ਵਿੱਚ ਪੈਦਲ ਜਾ ਰਹੇ ਹਾਂ। ਮੇਰੇ ਨਾਲ ਮੇਰੀ ਪਤਨੀ ਅਤੇ ਬੱਚੇ ਹਨ। ਉੱਥੋਂ ਚੱਲ ਕੇ ਅਸੀਂ ਪਿਪਰੀ ਪਿੰਡ ਪਹੁੰਚੇ, ਮੇਰੀ ਪਤਨੀ ਨੇ ਬੱਚੇ ਨੂੰ ਜਨਮ ਦਿੱਤਾ। ਉਸ ਨੇ ਦੱਸਿਆ ਕਿ ਨਾਲ ਵਾਲੀਆਂ ਔਰਤਾਂ ਨੇ ਸਾੜੀ ਦਾ ਓਹਲਾ ਕਰ ਕੇ ਮੇਰੀ ਪਤਨੀ ਦੀ ਡਿਲਵਰੀ ਕੀਤੀ।
File Photo
ਉਸ ਨੇ ਕਿਹਾ ਕਿ ਅਸੀਂ ਉੱਥੇ ਸਿਰਫ਼ 2 ਘੰਟੇ ਹੀ ਰੁਕੇ ਅਤੇ ਫਿਰ ਚੱਲ ਪਏ। ਸੇਧਵਾ ਰੂਰਲ ਦੇ ਸਟੇਸ਼ਨ ਇੰਚਾਰਜ ਵਿਸ਼ਵਦੀਪ ਪਰਿਹਾਰ ਨੇ ਦੱਸਿਆ ਕਿ ਉਹ ਨਾਸਿਕ ਤੋਂ 30 ਕਿਲੋਮੀਟਰ ਦੂਰ ਇੱਕ ਪਿੰਡ ਵਿੱਚ ਕੰਮ ਕਰਦਾ ਸੀ ਅਤੇ ਸਤਨਾ ਜ਼ਿਲ੍ਹੇ ਦੇ ਉਪਨਿਆ ਪਿੰਡ ਦਾ ਵਸਨੀਕ ਹੈ। ਇਹ ਲਗਭਗ 15 - 16 ਮਜ਼ਦੂਰ ਹਨ ਅਤੇ ਉਨ੍ਹਾਂ ਦੇ 8-10 ਬੱਚੇ ਵੀ ਹਨ।
File photo
ਇਨ੍ਹਾਂ ਔਰਤਾਂ ਵਿਚੋਂ ਇਕ ਦਾ ਨਾਮ ਸ਼ਕੁੰਤਲਾ ਹੈ ਅਤੇ ਉਸ ਦੇ ਪਤੀ ਦਾ ਨਾਮ ਰਾਕੇਸ਼ ਹੈ। ਇਹ ਲੋਕ ਆ ਰਹੇ ਸਨ ਤਾਂ ਨਾਸਿਕ ਅਤੇ ਧੂਲੀਆ ਦੇ ਵਿਚਾਲੇ ਇਕ ਔਰਤ ਦੀ ਡਿਲਵਰੀ ਹੋਈ। ਉਥੇ ਕੁਝ ਸਥਾਨਕ ਲੋਕਾਂ ਨੇ ਉਸ ਦੀ ਮਦਦ ਕੀਤੀ ਅਤੇ ਉਹ ਉਥੇ ਤਕਰੀਬਨ ਡੇਢ ਤੋਂ ਦੋ ਘੰਟੇ ਰੁਕੇ, ਜਿਸ ਤੋਂ ਬਾਅਦ ਔਰਤ ਨਵਜੰਮੇ ਬੱਚੇ ਨੂੰ ਆਪਣੇ ਹੱਥ ਵਿੱਚ ਲੈ ਕੇ ਹੀ ਚਲੀ ਪਈ। ਕਦੇ ਉਹ ਕਿਸੇ ਵਾਹਨ ਵਿਚ ਬੈਠ ਕੇ, ਕਦੇ ਪੈਦਲ ਆ ਕੇ ਇਥੋਂ ਤੱਕ ਪਹੁੰਚੇ।