
ਹੁਣ ਤੱਕ 2 ਹਜ਼ਾਰ ਵਿਧਾਇਕਾਂ ਦੀ ਰਜਿਸਟ੍ਰੇਸ਼ਨ ਹੋ ਚੁਕੀ ਹੈ
ਚੰਡੀਗੜ੍ਹ : ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਨੇ 15 ਤੋਂ 17 ਜੂਨ ਤੱਕ ਮੁੰਬਈ ਵਿਚ ਹੋਣ ਵਾਲੀ ਨੈਸ਼ਨਲ ਲੈਜਿਸਲੇਟਰਜ਼ ਕਾਨਫ਼ਰੰਸ ਦੀਆਂ ਤਿਆਰੀਆਂ ਸ਼ੁਰੂ ਕਰ ਦਿਤੀਆਂ ਹਨ। ਇਸ ਸਬੰਧੀ ਅੱਜ ਤਿੰਨਾਂ ਰਾਜਾਂ ਦੀਆਂ ਵਿਧਾਨ ਸਭਾਵਾਂ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ, ਗਿਆਨ ਚੰਦ ਗੁਪਤਾ ਅਤੇ ਕੁਲਦੀਪ ਸਿੰਘ ਪਠਾਨੀਆ, ਕੌਮੀ ਵਿਧਾਇਕ ਸੰਮੇਲਨ ਦੇ ਕਨਵੀਨਰ ਰਾਹੁਲ ਵੀ.ਕਰੜ ਨੇ ਹਰਿਆਣਾ ਨਿਵਾਸ ’ਤੇ ਮੀਟਿੰਗ ਕੀਤੀ।
ਹਰਿਆਣਾ ਵਿਧਾਨ ਸਭਾ ਦੇ ਸਪੀਕਰ ਗਿਆਨਚੰਦ ਗੁਪਤਾ ਨੇ ਕਿਹਾ ਕਿ ਇਹ ਇਤਿਹਾਸਕ ਪ੍ਰੋਗਰਾਮ ਹੈ। ਇਸ ਵਿਚ ਸਾਰੀਆਂ ਪਾਰਟੀਆਂ ਦੇ ਆਗੂ ਸ਼ਾਮਲ ਹਨ, ਭਾਵੇਂ ਸਰਕਾਰ ਵੱਖ-ਵੱਖ ਸਿਆਸੀ ਪਾਰਟੀਆਂ ਦੀ ਹੋਵੇ ਪਰ ਇਹ ਪ੍ਰੋਗਰਾਮ ਦੇਸ਼ ਦੇ ਸੰਵਿਧਾਨ ਅਤੇ ਅਖੰਡਤਾ 'ਤੇ ਹੋਵੇਗਾ। ਇਸ ਵਿਚ ਭਾਗ ਲੈਣ ਲਈ 30 ਮਈ ਤੱਕ ਰਜਿਸਟ੍ਰੇਸ਼ਨ ਕਰਵਾਉਣੀ ਹੋਵੇਗੀ। ਹੁਣ ਤੱਕ 2 ਹਜ਼ਾਰ ਵਿਧਾਇਕਾਂ ਦੀ ਰਜਿਸਟ੍ਰੇਸ਼ਨ ਹੋ ਚੁਕੀ ਹੈ। ਦੇਸ਼ ਭਰ ਤੋਂ ਭਾਗ ਲੈਣ ਵਾਲੇ ਵੱਖ-ਵੱਖ ਪਾਰਟੀਆਂ ਦੇ ਵਿਧਾਇਕਾਂ ਵਿਚਾਲੇ ਦੇਸ਼ ਨੂੰ ਦਰਪੇਸ਼ ਚੁਣੌਤੀਆਂ ਸਮੇਤ ਹੋਰ ਪਹਿਲੂਆਂ 'ਤੇ ਚਰਚਾ ਹੋਵੇਗੀ।
ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਨੇ ਕਿਹਾ ਕਿ ਲੋਕਤੰਤਰ ਸਬੰਧੀ ਇਸ ਪ੍ਰੋਗਰਾਮ ਨੂੰ ਸੁਪਨੇ ਵਜੋਂ ਦੇਖਿਆ ਜਾ ਰਿਹਾ ਹੈ। ਦੇਸ਼ ਭਰ ਤੋਂ ਵਿਧਾਇਕਾਂ/ਨੇਤਾਵਾਂ ਦਾ ਇੰਨੇ ਵੱਡੇ ਪੱਧਰ 'ਤੇ ਇਕੱਠ ਹੋਣਾ ਬਹੁਤ ਵੱਡੀ ਗੱਲ ਹੈ। ਲੋਕਾਂ ਵਿਚ ਇਹ ਧਾਰਨਾ ਹੈ ਕਿ ਰਾਜਨੀਤੀ ਵਿਚ ਆਉਣ ਵਾਲੇ ਲੋਕਾਂ ਨੂੰ ਗ਼ਲਤ ਸਮਝਿਆ ਜਾਂਦਾ ਹੈ। ਨੌਜਵਾਨਾਂ ਨੂੰ ਇਸ ਬਾਰੇ ਜਾਣਕਾਰੀ ਨਹੀਂ ਹੈ, ਪਰ ਹੁਣ ਉਨ੍ਹਾਂ ਲਈ ਜਾਣਕਾਰੀ ਹਾਸਲ ਕਰਨ ਦਾ ਇਹ ਵਧੀਆ ਮੌਕਾ ਹੈ।
ਹਿਮਾਚਲ ਵਿਧਾਨ ਸਭਾ ਦੇ ਸਪੀਕਰ ਕੁਲਦੀਪ ਸਿੰਘ ਪਠਾਨੀਆ ਨੇ ਕਿਹਾ ਕਿ ਇਸ ਤੋਂ ਪਹਿਲਾਂ ਵੀ ਕਾਨਫ਼ਰੰਸਾਂ ਹੁੰਦੀਆਂ ਰਹੀਆਂ ਹਨ ਪਰ ਇਹ ਪਹਿਲੀ ਵਾਰ ਹੈ ਜਦੋਂ ਕੌਮੀ ਪੱਧਰ 'ਤੇ ਸਾਰੇ ਵਿਧਾਇਕ ਇਕੱਠੇ ਹੋ ਕੇ ਆਪਣੇ ਵਿਚਾਰ ਪੇਸ਼ ਕਰਨਗੇ। ਸਮਾਗਮ ਦੌਰਾਨ ਸਮਾਜਿਕ ਢਾਂਚੇ ਅਤੇ ਜਮਹੂਰੀਅਤ ਨੂੰ ਮਜ਼ਬੂਤ ਕਰਨ ਸਬੰਧੀ ਵਿਚਾਰਾਂ ਕੀਤੀਆਂ ਜਾਣਗੀਆਂ। ਉਨ੍ਹਾਂ ਨੇ ਰਾਜਨੀਤੀ 'ਤੇ ਸ਼ੁਰੂ ਕੀਤੇ ਵਿਸ਼ੇਸ਼ ਸਕੂਲ ਨੂੰ ਵੀ ਬਹੁਤ ਖਾਸ ਦਸਿਆ।