
ਸਥਾਨਕ ਲੋਕਾਂ ਨੇ ਕਤਲ ਕੀਤੇ ਜਾਣ ਦਾ ਸ਼ੱਕ ਪ੍ਰਗਟਾਇਆ
ਗੋਰਖਪੁਰ: ਉੱਤਰ ਪ੍ਰਦੇਸ਼ ਦੇ ਗੋਰਖਪੁਰ ਜ਼ਿਲ੍ਹੇ ’ਚ ਉਸ ਸਮੇਂ ਹਫ਼ੜਾ-ਦਫ਼ੜੀ ਮਚ ਗਈ, ਜਦੋਂ ਇਕ ਪ੍ਰੇਮੀ ਜੋੜੇ ਦੀਆਂ ਲਾਸ਼ਾਂ ਇਕ ਦਰੱਖਤ ਨਾਲ ਲਮਕਦੀਆਂ ਹੋਈਆਂ ਮਿਲੀਆਂ। ਸਥਾਨਕ ਨਿਵਾਸੀਆਂ ਦੀ ਸੂਚਨਾ ’ਤੇ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਲਾਸ਼ਾਂ ਨੂੰ ਕਬਜ਼ੇ ਵਿਚ ਲੈ ਪੋਸਟਮਾਰਟਮ ਲਈ ਭੇਜ ਦਿਤਾ ਹੈ। ਸ਼ੱਕ ਪ੍ਰਗਟਾਇਆ ਜਾ ਰਿਹਾ ਹੈ ਕਿ ਦੋਵਾਂ ਦਾ ਕਤਲ ਕਰਨ ਤੋਂ ਬਾਅਦ ਉਨ੍ਹਾਂ ਦੋਵਾਂ ਦੀਆਂ ਲਾਸ਼ਾਂ ਨੂੰ ਦਰੱਖਤ ਨਾਲ ਲਮਕਾਇਆ ਗਿਆ ਹੋਵੇ।
Death
ਘਟਨਾ ਗੋਰਖਪੁਰ ਦੇ ਖੋਰਾਬਾਰ ਥਾਣਾ ਇਲਾਕੇ ਦੀ ਹੈ, ਜਿੱਥੇ ਕੈਥਵਲਿਆ ਪਿੰਡ ਦੇ ਪੱਛਮੀ ਸੀਵਾਨ ’ਚ ਇਕ ਦਰੱਖਤ ’ਤੇ ਦੋਵਾਂ ਦੀਆਂ ਲਾਸ਼ਾਂ ਲਮਕਦੀਆਂ ਵੇਖੀਆਂ ਗਈਆਂ। ਪੰਚਾਇਤ ਨੇ ਲਾਸ਼ਾ ਵੇਖ ਕੇ ਪੁਲਿਸ ਨੂੰ ਸੂਚਨਾ ਦਿਤੀ। ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਵੇਖਿਆ ਤਾਂ ਦੋਵੇਂ ਲਾਸ਼ਾਂ ਦਰੱਖਤ ਨਾਲ ਲਮਕ ਰਹੀਆਂ ਸਨ। ਪੁਲਿਸ ਨੇ ਲਾਸ਼ਾਂ ਨੂੰ ਹੇਠਾਂ ਉਤਾਰਿਆ ਤੇ ਜਾਂਚ ਕੀਤੀ।
ਇਸ ਦੌਰਾਨ ਮ੍ਰਿਤਕ ਲੜਕੀ ਦੀ ਸ਼ਨਾਖਤ ਹੋ ਗਈ। ਲੜਕੀ ਦਲਿਤ ਸਮਾਜ ਨਾਲ ਸਬੰਧ ਰੱਖਦੀ ਸੀ ਪਰ ਲੜਕੇ ਦੀ ਸ਼ਨਾਖਤ ਅਜੇ ਤੱਕ ਨਹੀਂ ਹੋ ਸਕੀ ਹੈ। ਉੱਥੇ ਮੌਜੂਦ ਲੋਕ ਕਤਲ ਕੀਤੇ ਜਾਣ ਦਾ ਸ਼ੱਕ ਪ੍ਰਗਟਾ ਰਹੇ ਹਨ। ਪੁਲਿਸ ਨੇ ਪੰਚਨਾਮੇ ਦੀ ਕਾਰਵਾਈ ਤੋਂ ਬਾਅਦ ਦੋਵਾਂ ਲਾਸ਼ਾਂ ਨੂੰ ਪੋਸਟ ਮਾਰਟਮ ਲਈ ਭੇਜ ਦਿਤਾ ਹੈ।
ਪੁਲਿਸ ਅਧਿਕਾਰੀ ਅਜੇ ਇਸ ਬਾਰੇ ਕੁਝ ਜ਼ਿਆਦਾ ਜਾਣਕਾਰੀ ਨਹੀਂ ਦੇ ਸਕੇ ਹਨ। ਹਾਲਾਂਕਿ ਪੁਲਿਸ ਅਜੇ ਜਾਂਚ ਦੀ ਗੱਲ ਕਹਿ ਰਹੀ ਹੈ। ਪੁਲਿਸ ਪੋਸਟਮਾਰਟਮ ਰਿਪੋਰਟ ਦਾ ਇੰਤਜ਼ਾਰ ਕਰ ਰਹੀ ਹੈ।