
ਸੰਸਦ ਦੇ ਉੱਚ ਸਦਨ ਵਿਚ 100 ਅੰਕੜਿਆਂ ’ਤੇ ਪਹੁੰਚਣ ਵਾਲੀ ਭਾਜਪਾ ਦੇ ਮੈਂਬਰਾਂ ਦੀ ਗਿਣਤੀ 57 ਸੀਟਾਂ ਲਈ ਹੋਈਆਂ ਚੋਣਾਂ ਤੋਂ ਬਾਅਦ ਮੌਜੂਦਾ 95 ਤੋਂ ਘਟ ਕੇ 91 ’ਤੇ ਆ ਗਈ।
ਨਵੀਂ ਦਿੱਲੀ: ਇਸ ਸਾਲ ਅਪ੍ਰੈਲ ਮਹੀਨੇ ਵਿਚ ਸੰਸਦ ਦੇ ਉੱਚ ਸਦਨ ਵਿਚ 100 ਅੰਕੜਿਆਂ ’ਤੇ ਪਹੁੰਚਣ ਵਾਲੀ ਭਾਜਪਾ ਦੇ ਮੈਂਬਰਾਂ ਦੀ ਗਿਣਤੀ ਰਾਜ ਸਭਾ ਦੀਆਂ 57 ਸੀਟਾਂ ਲਈ ਹੋਈਆਂ ਚੋਣਾਂ ਤੋਂ ਬਾਅਦ ਮੌਜੂਦਾ 95 ਤੋਂ ਘਟ ਕੇ 91 ’ਤੇ ਆ ਗਈ। ਰਾਜ ਸਭਾ ਦੀ ਅਧਿਕਾਰਤ ਵੈੱਬਸਾਈਟ ਅਨੁਸਾਰ ਸੇਵਾਮੁਕਤ ਹੋ ਰਹੇ 57 ਮੈਂਬਰਾਂ ਨੂੰ ਮਿਲਾ ਕੇ ਮੌਜੂਦਾ ਸਮੇਂ ਵਿਚ ਉੱਚ ਸਦਨ ਦੇ ਕੁੱਲ 232 ਮੈਂਬਰਾਂ ਵਿਚ ਭਾਜਪਾ ਦੇ 95 ਮੈਂਬਰ ਹਨ। ਸੇਵਾਮੁਕਤ ਹੋਣ ਵਾਲੇ ਮੈਂਬਰਾਂ ਵਿਚ ਭਾਜਪਾ ਦੇ 26 ਮੈਂਬਰ ਸ਼ਾਮਲ ਹਨ, ਜਦਕਿ ਇਹਨਾਂ ਚੋਣਾਂ ਵਿਤ ਭਾਜਪਾ ਦੇ 22 ਮੈਂਬਰਾਂ ਜਿੱਤ ਦਰਜ ਕੀਤੀ। ਇਸ ਤਰ੍ਹਾਂ ਉਸ ਨੂੰ ਚਾਰ ਸੀਟਾਂ ਦਾ ਨੁਕਸਾਨ ਹੋਇਆ ਹੈ।
ਚੁਣੇ ਗਏ ਮੈਂਬਰਾਂ ਦੇ ਸਹੁੰ ਚੁੱਕਣ ਤੋਂ ਬਾਅਦ ਭਾਜਪਾ ਦੇ ਮੈਂਬਰਾਂ ਦੀ ਗਿਣਤੀ 95 ਤੋਂ ਘੱਟ ਕੇ 91 ਰਹਿ ਜਾਵੇਗੀ। ਯਾਨੀ ਭਾਜਪਾ ਨੂੰ ਫਿਰ ਤੋਂ 100 ਦੇ ਅੰਕੜੇ ਤੱਕ ਪਹੁੰਚਣ ਲਈ ਹੋਰ ਇੰਤਜ਼ਾਰ ਕਰਨਾ ਪਵੇਗਾ। ਸੱਤ ਨਾਮਜ਼ਦ ਮੈਂਬਰਾਂ ਸਮੇਤ ਰਾਜ ਸਭਾ ਵਿਚ ਅਜੇ ਵੀ 13 ਅਸਾਮੀਆਂ ਖਾਲੀ ਹਨ। ਨਾਮਜ਼ਦ ਮੈਂਬਰਾਂ ਦੀ ਨਿਯੁਕਤੀ ਅਤੇ ਖਾਲੀ ਸੀਟਾਂ ਭਰਨ ਤੋਂ ਬਾਅਦ ਭਾਜਪਾ ਮੈਂਬਰਾਂ ਦੀ ਗਿਣਤੀ 100 ਦੇ ਕਰੀਬ ਪਹੁੰਚ ਸਕਦੀ ਹੈ। ਕਿਉਂਕਿ ਕੁਝ ਅਪਵਾਦਾਂ ਨੂੰ ਛੱਡ ਕੇ ਨਾਮਜ਼ਦ ਮੈਂਬਰ ਆਮ ਤੌਰ 'ਤੇ ਆਪਣੀ ਨਾਮਜ਼ਦਗੀ ਦੇ ਛੇ ਮਹੀਨਿਆਂ ਦੇ ਅੰਦਰ ਆਪਣੇ ਆਪ ਨੂੰ ਕਿਸੇ ਪਾਰਟੀ (ਆਮ ਤੌਰ 'ਤੇ ਸੱਤਾਧਾਰੀ ਪਾਰਟੀ ਨਾਲ) ਨਾਲ ਜੋੜ ਲੈਂਦੇ ਹਨ।
ਪਿਛਲੇ ਅਪ੍ਰੈਲ ਵਿਚ ਹੋਈਆਂ ਰਾਜ ਸਭਾ ਚੋਣਾਂ ਵਿਚ ਅਸਾਮ, ਤ੍ਰਿਪੁਰਾ ਅਤੇ ਨਾਗਾਲੈਂਡ ਵਿਚ ਇਕ-ਇਕ ਸੀਟ ਜਿੱਤਣ ਤੋਂ ਬਾਅਦ, ਭਾਜਪਾ ਆਪਣੇ ਇਤਿਹਾਸ ਵਿਚ ਪਹਿਲੀ ਵਾਰ ਉਪਰਲੇ ਸਦਨ ਵਿਚ 100 ਦੇ ਅੰਕੜੇ ਤੱਕ ਪਹੁੰਚ ਗਈ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ਪ੍ਰਧਾਨ ਜੇਪੀ ਨੱਡਾ ਸਮੇਤ ਪਾਰਟੀ ਦੇ ਕਈ ਨੇਤਾਵਾਂ ਨੇ ਇਸ ਨੂੰ ਭਾਜਪਾ ਦੀ ਵੱਡੀ ਪ੍ਰਾਪਤੀ ਕਰਾਰ ਦਿੱਤਾ ਸੀ। ਉੱਤਰ ਪ੍ਰਦੇਸ਼, ਤਾਮਿਲਨਾਡੂ, ਬਿਹਾਰ, ਆਂਧਰਾ ਪ੍ਰਦੇਸ਼, ਮੱਧ ਪ੍ਰਦੇਸ਼, ਉਡੀਸ਼ਾ, ਛੱਤੀਸਗੜ੍ਹ, ਪੰਜਾਬ, ਤੇਲੰਗਾਨਾ, ਝਾਰਖੰਡ ਅਤੇ ਉੱਤਰਾਖੰਡ ਦੇ ਸਾਰੇ 41 ਉਮੀਦਵਾਰਾਂ ਨੂੰ 57 ਰਾਜ ਸਭਾ ਸੀਟਾਂ ਲਈ ਦੋ-ਸਾਲਾ ਚੋਣਾਂ ਦੇ ਐਲਾਨ ਤੋਂ ਬਾਅਦ ਪਿਛਲੇ ਸ਼ੁੱਕਰਵਾਰ ਨੂੰ ਬਿਨ੍ਹਾਂ ਮੁਕਾਬਲਾ ਚੁਣੇ ਜਾਣ ਦਾ ਐਲਾਨ ਕੀਤਾ ਗਿਆ ਸੀ।
ਇਹਨਾਂ ਵਿੱਚੋਂ ਭਾਜਪਾ ਦੇ 14 ਉਮੀਦਵਾਰ ਬਿਨ੍ਹਾਂ ਮੁਕਾਬਲਾ ਚੁਣੇ ਗਏ। ਉੱਤਰ ਪ੍ਰਦੇਸ਼ ਵਿਚ ਭਾਜਪਾ ਨੂੰ ਤਿੰਨ ਸੀਟਾਂ ਮਿਲੀਆਂ ਹਨ। ਉਥੋਂ ਇਸ ਦੇ ਪੰਜ ਮੈਂਬਰ ਸੇਵਾਮੁਕਤ ਹੋ ਗਏ ਸਨ ਜਦਕਿ ਅੱਠ ਮੈਂਬਰ ਚੁਣੇ ਗਏ ਹਨ। ਭਾਜਪਾ ਨੂੰ ਬਿਹਾਰ ਅਤੇ ਮੱਧ ਪ੍ਰਦੇਸ਼ ਵਿਚ ਦੋ-ਦੋ ਅਤੇ ਉੱਤਰਾਖੰਡ ਅਤੇ ਝਾਰਖੰਡ ਵਿਚ ਇਕ-ਇਕ ਸੀਟਾਂ ਮਿਲੀਆਂ ਹਨ। ਸ਼ੁੱਕਰਵਾਰ ਨੂੰ ਹਰਿਆਣਾ, ਰਾਜਸਥਾਨ, ਮਹਾਰਾਸ਼ਟਰ ਅਤੇ ਕਰਨਾਟਕ ਦੀਆਂ 16 ਸੀਟਾਂ ਲਈ ਚੋਣਾਂ ਹੋਈਆਂ। ਇਹਨਾਂ ਵਿਚੋਂ ਭਾਜਪਾ ਮਹਾਰਾਸ਼ਟਰ ਅਤੇ ਕਰਨਾਟਕ ਵਿਚ ਤਿੰਨ-ਤਿੰਨ ਅਤੇ ਹਰਿਆਣਾ ਅਤੇ ਰਾਜਸਥਾਨ ਵਿਚ ਇਕ-ਇਕ ਸੀਟਾਂ ਜਿੱਤਣ ਵਿਚ ਕਾਮਯਾਬ ਰਹੀ।
ਭਾਜਪਾ ਦੇ ਬਿਹਤਰ ਚੋਣ ਪ੍ਰਬੰਧਾਂ ਕਾਰਨ ਕਰਨਾਟਕ, ਮਹਾਰਾਸ਼ਟਰ ਅਤੇ ਹਰਿਆਣਾ ਵਿਚ ਪਾਰਟੀ ਦੇ ਦੋ ਉਮੀਦਵਾਰ ਅਤੇ ਇਸ ਦਾ ਸਮਰਥਨ ਵਾਲਾ ਇਕ ਆਜ਼ਾਦ ਉਮੀਦਵਾਰ ਜਿੱਤਿਆ, ਭਾਵੇਂ ਕਿ ਉਹਨਾਂ ਦੇ ਜਿੱਤਣ ਦੀਆਂ ਸੰਭਾਵਨਾਵਾਂ ਬਹੁਤ ਘੱਟ ਸਨ। ਇਸ ਤਰ੍ਹਾਂ ਇਨ੍ਹਾਂ ਚਾਰ ਰਾਜਾਂ ਵਿਚ ਭਾਜਪਾ ਨੂੰ ਕੁੱਲ 8 ਸੀਟਾਂ ਮਿਲੀਆਂ ਹਨ। ਇਸ ਤਰ੍ਹਾਂ ਕੁੱਲ 57 ਸੀਟਾਂ ਵਿਚੋਂ ਇਸ ਦੇ ਉਮੀਦਵਾਰਾਂ ਨੇ 22 ਸੀਟਾਂ ਜਿੱਤੀਆਂ। ਹਰਿਆਣਾ ਵਿਚ ਆਜ਼ਾਦ ਚੋਣ ਜਿੱਤਣ ਵਾਲੇ ਕਾਰਤੀਕੇਯ ਸ਼ਰਮਾ ਨੂੰ ਭਾਜਪਾ ਅਤੇ ਉਸ ਦੀ ਸਹਿਯੋਗੀ ਜਨਨਾਇਕ ਜਨਤਾ ਪਾਰਟੀ ਨੇ ਸਮਰਥਨ ਦਿੱਤਾ ਸੀ। ਰਾਜਸਥਾਨ ਵਿਚ ਭਾਜਪਾ ਨੇ ਆਜ਼ਾਦ ਉਮੀਦਵਾਰ ਸੁਭਾਸ਼ ਚੰਦਰਾ ਦਾ ਸਮਰਥਨ ਕੀਤਾ ਸੀ ਪਰ ਉਹ ਚੋਣ ਹਾਰ ਗਏ ਸਨ।