
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਦਖਣੀ ਕੋਰੀਆ ਦੇ ਰਾਸ਼ਟਰਪਤੀ ਮੂਨ ਜੇਈ ਨੇ ਦੋਹਾਂ ਦੇਸ਼ਾਂ ਦੇ ਸਬੰਧਾਂ ਨੂੰ ਹੋਰ ਮਜ਼ਬੂਤ ਬਣਾਉਣ 'ਤੇ ਜ਼ੋਰ ਦਿਤਾ.............
ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਦਖਣੀ ਕੋਰੀਆ ਦੇ ਰਾਸ਼ਟਰਪਤੀ ਮੂਨ ਜੇਈ ਨੇ ਦੋਹਾਂ ਦੇਸ਼ਾਂ ਦੇ ਸਬੰਧਾਂ ਨੂੰ ਹੋਰ ਮਜ਼ਬੂਤ ਬਣਾਉਣ 'ਤੇ ਜ਼ੋਰ ਦਿਤਾ ਅਤੇ ਇਸ ਸਬੰਧ ਵਿਚ ਚਾਰ ਸਮਝੌਤਿਆਂ 'ਤੇ ਹਸਤਾਖਰ ਕੀਤੇ। ਮੋਦੀ ਨੇ ਭਾਰਤ ਦੀ ਪਹਿਲੀ ਯਾਤਰਾ 'ਤੇ ਆਏ ਦਖਣੀ ਕੋਰੀਆ ਦੇ ਰਾਸ਼ਟਰਪਤੀ ਮੂਨ ਨਾਲ ਸਬੰਧਾਂ ਦੇ ਵੱਖ ਵੱਖ ਪਹਿਲੂਆਂ ਬਾਰੇ ਵਿਸਤ੍ਰਿਤ ਚਰਚਾ ਕੀਤੀ। ਮੋਦੀ ਨੇ ਕਿਹਾ, 'ਅਸੀਂ ਅਪਣੇ ਦੁਵੱਲੇ ਸਬੰਧਾਂ ਦੀ ਸਮੀਖਿਆ ਕੀਤੀ ਅਤੇ ਖੇਤਰੀ ਤੇ ਵੱਖ ਵੱਖ ਵਿਸ਼ਵ ਮਸਲਿਆਂ ਬਾਰੇ ਚਰਚਾ ਕੀਤੀ।
ਨੀਤੀਗਤ ਪੱਧਰ 'ਤੇ ਭਾਰਤ ਦੀ 'ਐਕਟ ਈਸਟ ਪਾਲਿਸੀ' ਅਤੇ ਕੋਰੀਆ ਗਣਰਾਜ ਦੀ ਨਿਊ ਸਦਰਨ ਸਟਰੈਟੇਜੀ ਵਿਚ ਸੁਭਾਵਕ ਇਕਸਾਰਤਾ ਹੈ। ਮੈਂ ਰਾਸ਼ਟਰਪਤੀ ਮੂਨ ਦੇ ਇਸ ਵਿਚਾਰ ਦਾ ਸਵਾਗਤ ਕਰਦਾ ਹਾਂ ਕਿ ਭਾਰਤ ਤੇ ਕੋਰੀਆ ਦੇ ਸਬੰਧ ਨਿਊ ਸਦਰਨ ਸਟਰੈਟੇਜੀ ਦਾ ਆਧਾਰ ਹਨ।' ਦਖਣੀ ਕੋਰੀਆ ਦੇ ਰਾਸ਼ਟਰਪਤੀ ਨੇ ਕਿਹਾ, 'ਅਸੀਂ ਦੁਵੱਲੇ ਸਹਿਯੋਗ ਦੇ ਨਵੇਂ ਯੁਗ ਦੀ ਸ਼ੁਰੂਆਤ ਕੀਤੀ ਹੈ।' ਭਾਰਤ ਅਤੇ ਦਖਣੀ ਕੋਰੀਆ ਨੇ ਕਾਰੋਬਾਰ ਦੇ ਵਿਸ਼ੇ 'ਤੇ ਸਹਿਮਤੀ ਪੱਤਰ 'ਤੇ ਹਸਪਤਾਖਰ ਕੀਤੇ ਹਨ ਜਿਸ ਤਹਿਤ ਐਂਟੀ ਡੰਪਿੰਗ, ਸਬਸਿਡੀ, ਸਹਿਯੋਗ ਕਮੇਟੀਆਂ ਸਥਾਪਤ ਕਰਨ,
ਵਿਚਾਰ-ਚਰਚਾ ਅਤੇ ਸੂਚਨਾਵਾਂ ਦੇ ਆਦਾਨ ਪ੍ਰਦਾਨ ਜ਼ਰੀਏ ਸੁਰੱਖਿਆ ਉਪਾਅ ਕਰਨ ਦੀ ਗੱਲ ਕਹੀ ਗਈ ਹੈ। (ਏਜੰਸੀ) ਦੋਹਾਂ ਦੇਸ਼ਾਂ ਨੇ ਚੌਥੀ ਉਦਯੋਗਿਕ ਕ੍ਰਾਂਤੀ ਦਾ ਲਾਭ ਲੈਣ ਲਈ ਆਧੁਨਿਕ ਤਕਨੀਕ ਦੇ ਵਿਕਾਸ ਵਿਚ ਸਹਿਯੋਗ ਕਰਨ 'ਤੇ ਜ਼ੋਰ ਦਿਤਾ ਹੈ। ਇਨ੍ਹਾਂ ਵਿਚ ਆਰਟੀਫ਼ਿਸ਼ਲ ਇੰਟੈਲੀਜੈਂਸ, ਸਮਾਰਟ ਫ਼ੈਕਟਰੀ, 3ਡੀ ਪ੍ਰਿੰਟਿੰਗ, ਬਿਜਲੀ ਨਾਲ ਚੱਲਣ ਵਾਲੇ ਵਾਹਨ, ਬਜ਼ੁਰਗਾਂ ਲਈ ਸਿਹਤ ਸਹੂਲਤਾਂ ਆਦਿ ਸ਼ਾਮਲ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਕੋਰੀਆਈ ਪ੍ਰਾਇਦੀਪ ਵਿਚ ਸ਼ਾਂਤੀ ਪ੍ਰਕ੍ਰਿਆ ਸ਼ੁਰੂ ਕਰਨ ਦਾ ਸਿਹਰਾ ਰਾਸ਼ਟਰਪਤੀ ਮੂਨ ਨੂੰ ਜਾਂਦਾ ਹੈ। (ਏਜੰਸੀ)