
ਗੋਲੀਬਾਰੀ 'ਚ ਫੌਜ ਦੇ ਤਿੰਨ ਜਵਾਨ ਸੂਬੇਦਾਰ ਰਾਜੇਂਦਰ ਪ੍ਰਸਾਦ, ਰਾਈਫਲਮੈਨ ਮਨੋਜ ਕੁਮਾਰ ਅਤੇ ਰਾਈਫਲਮੈਨ ਲਕਸ਼ਮਣਨ ਡੀ ਸ਼ਹੀਦ ਹੋ ਗਏ
ਰਾਜੌਰੀ: 15 ਅਗਸਤ ਤੋਂ ਪਹਿਲਾਂ ਜੰਮੂ-ਕਸ਼ਮੀਰ ਦੇ ਰਾਜੌਰੀ ਦੇ ਪਰਗਲ 'ਚ ਉੜੀ ਹਮਲੇ ਵਰਗੀ ਸਾਜ਼ਿਸ਼ ਨਾਕਾਮ ਹੋ ਗਈ। ਇੱਥੇ ਬੁੱਧਵਾਰ ਦੇਰ ਰਾਤ ਕੁਝ ਅੱਤਵਾਦੀਆਂ ਨੇ ਆਰਮੀ ਕੈਂਪ ਵਿਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ। ਇਸ ਤੋਂ ਬਾਅਦ ਸੁਰੱਖਿਆ ਬਲਾਂ ਨੇ ਜਵਾਬੀ ਕਾਰਵਾਈ ਕੀਤੀ। ਇਸ 'ਚ ਦੋ ਅੱਤਵਾਦੀ ਮਾਰੇ ਗਏ। ਗੋਲੀਬਾਰੀ 'ਚ ਫੌਜ ਦੇ ਤਿੰਨ ਜਵਾਨ ਸੂਬੇਦਾਰ ਰਾਜੇਂਦਰ ਪ੍ਰਸਾਦ, ਰਾਈਫਲਮੈਨ ਮਨੋਜ ਕੁਮਾਰ ਅਤੇ ਰਾਈਫਲਮੈਨ ਲਕਸ਼ਮਣਨ ਡੀ ਸ਼ਹੀਦ ਹੋ ਗਏ ਅਤੇ 5 ਜਵਾਨ ਜ਼ਖਮੀ ਹੋਣ ਦੀ ਖ਼ਬਰ ਹੈ।
ਪਰਗਲ ਕੈਂਪ ਰਾਜੌਰੀ ਤੋਂ 25 ਕਿਲੋਮੀਟਰ ਦੂਰ ਹੈ। 11 ਰਾਸ਼ਟਰੀ ਰਾਈਫਲਜ਼ ਤੋਂ ਮਿਲੀ ਜਾਣਕਾਰੀ ਮੁਤਾਬਕ ਫੌਜ ਦੇ ਕੈਂਪ 'ਤੇ ਇਹ ਆਤਮਘਾਤੀ ਹਮਲਾ ਹੈ। ਹਾਲਾਂਕਿ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਹਮਲੇ ਵਿਚ ਕਿੰਨੇ ਅੱਤਵਾਦੀ ਸ਼ਾਮਲ ਸਨ। ਇਲਾਕੇ 'ਚ ਸਰਚ ਆਪਰੇਸ਼ਨ ਜਾਰੀ ਹੈ। ਜੰਮੂ ਜ਼ੋਨ ਦੇ ਏਡੀਜੀਪੀ ਮੁਕੇਸ਼ ਸਿੰਘ ਨੇ ਦੱਸਿਆ, "ਕਿਸੇ ਨੇ ਰਾਜੌਰੀ ਦੇ ਪਰਗਲ, ਦਰਹਾਲ ਖੇਤਰ ਵਿਚ ਫੌਜੀ ਕੈਂਪ ਦੀ ਵਾੜ ਨੂੰ ਪਾਰ ਕਰਨ ਦੀ ਕੋਸ਼ਿਸ਼ ਕੀਤੀ, ਜਿਸ ਦੌਰਾਨ ਦੋਵਾਂ ਪਾਸਿਆਂ ਤੋਂ ਗੋਲੀਆਂ ਚਲਾਈਆਂ ਗਈਆਂ।" ਦਰਹਾਲ ਥਾਣੇ ਤੋਂ ਛੇ ਕਿਲੋਮੀਟਰ ਦੂਰ ਤੱਕ ਵਾਧੂ ਟੀਮਾਂ ਭੇਜੀਆਂ ਗਈਆਂ ਹਨ।
ਇਕ ਦਿਨ ਪਹਿਲਾਂ ਯਾਨੀ ਬੁੱਧਵਾਰ ਨੂੰ ਜੰਮੂ-ਕਸ਼ਮੀਰ ਦੇ ਬਡਗਾਮ ਜ਼ਿਲ੍ਹੇ ਦੇ ਵਾਟਰਹੋਲ ਇਲਾਕੇ ਵਿਚ ਸੁਰੱਖਿਆ ਬਲਾਂ ਨੇ ਲਸ਼ਕਰ-ਏ-ਤੋਇਬਾ ਦੇ 3 ਅੱਤਵਾਦੀਆਂ ਨੂੰ ਮਾਰ ਦਿੱਤਾ ਸੀ। ਮਾਰੇ ਗਏ ਅੱਤਵਾਦੀਆਂ 'ਚੋਂ ਇਕ ਲਤੀਫ ਰਾਥਰ ਸੀ, ਜੋ ਕਸ਼ਮੀਰੀ ਪੰਡਿਤ ਰਾਹੁਲ ਭੱਟ, ਅਮਰੀਨ ਭੱਟ ਸਮੇਤ ਕਈ ਨਾਗਰਿਕਾਂ ਦੀ ਹੱਤਿਆ 'ਚ ਸ਼ਾਮਲ ਸੀ।