ਆਈਐਨਐਕਸ ਮੀਡੀਆ ਕੇਸ ਵਿਚ ਸਾਬਕਾ ਵਿੱਤ ਮੰਤਰੀ ਪੀ. ਚਿਦੰਬਰਮ ਦੇ ਬੇਟੇ ਕਾਰਤੀ ਚਿਦੰਬਰਮ ਦੇ ਖ਼ਿਲਾਫ਼ ਵੱਡੀ ਕਾਰਵਾਈ ਹੋਈ ਹੈ। ਜਾਣਕਾਰੀ ਦੇ ਮੁਤਾਬਕ...
ਨਵੀਂ ਦਿੱਲੀ (ਭਾਸ਼ਾ) : ਆਈਐਨਐਕਸ ਮੀਡੀਆ ਕੇਸ ਵਿਚ ਸਾਬਕਾ ਵਿੱਤ ਮੰਤਰੀ ਪੀ. ਚਿਦੰਬਰਮ ਦੇ ਬੇਟੇ ਕਾਰਤੀ ਚਿਦੰਬਰਮ ਦੇ ਖ਼ਿਲਾਫ਼ ਵੱਡੀ ਕਾਰਵਾਈ ਹੋਈ ਹੈ। ਜਾਣਕਾਰੀ ਦੇ ਮੁਤਾਬਕ, ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਦਿੱਲੀ, ਪੈਰਿਸ ਅਤੇ ਲੰਡਨ ਵਿਚ ਸਥਿਤ ਕਾਰਤੀ ਦੀ ਜ਼ਾਇਦਾਦ ਨੂੰ ਜ਼ਬਤ ਕਰ ਲਿਆ ਹੈ। ਇਸ ਜ਼ਬਤ ਕੀਤੀ ਜਾਇਦਾਦ ਦੀ ਕੁੱਲ ਕੀਮਤ 54 ਕਰੋੜ ਰੁਪਏ ਦੱਸੀ ਗਈ ਹੈ। ਇਸ ਤੋਂ ਇਲਾਵਾ ਕਾਰਤੀ ਦਾ ਇਕ ਖਾਤਾ ਵੀ ਸੀਜ਼ ਕੀਤਾ ਗਿਆ ਹੈ, ਜਿਸ ਵਿਚ 9 ਕਰੋੜ ਤੋਂ ਜ਼ਿਆਦਾ ਰੁਪਏ ਜਮਾਂ ਹਨ ਅਤੇ 90 ਲੱਖ ਰੁਪਏ ਦੀ ਐਫਡੀ ਹੈ।
ਆਈਐਨਐਕਸ ਮੀਡੀਆ ਡੀਲ ਮਾਮਲੇ ਵਿਚ ਸਾਬਕਾ ਕੇਂਦਰੀ ਵਿੱਤ ਮੰਤਰੀ ਪੀ. ਚਿਦੰਬਰਮ ਵੀ ਦੋਸ਼ੀ ਹਨ। ਉਨ੍ਹਾਂ ਦੀ ਗ੍ਰਿਫ਼ਤਾਰੀ ਉਤੇ ਲੱਗੀ ਰੋਕ 25 ਅਕਤੂਬਰ ਤੱਕ ਵਧਾ ਦਿਤੀ ਗਈ ਹੈ। ਪੀ. ਚਿਦੰਬਰਮ 3500 ਕਰੋੜ ਦੇ ਏਅਰਸੈਲ ਮੈਕਸਿਸ ਅਤੇ 305 ਕਰੋੜ ਦੇ ਆਈਐਨਐਕਸ ਮੀਡੀਆ ਮਾਮਲੇ ਵਿਚ ਜਾਂਚ ਦੇ ਦਾਇਰੇ ਵਿਚ ਹਨ। ਇਸ ਮਾਮਲੇ ਵਿਚ ਪੀ. ਚਿਦੰਬਰਮ ਦੇ ਬੇਟੇ ਕਾਰਤੀ ਚਿਦੰਬਰਮ ਨੂੰ ਵੀ ਗ੍ਰਿਫ਼ਤਾਰੀ ਤੋਂ ਛੂਟ ਮਿਲੀ ਹੈ। ਕਾਰਤੀ ਦੇ ਖ਼ਿਲਾਫ਼ ਏਅਰਸੈਲ ਮੈਕਸਿਸ ਦੇ ਮਾਮਲੇ ਵਿਚ ਸੀਬੀਆਈ ਨੇ 2011 ਅਤੇ ਈਡੀ ਨੇ 2012 ਵਿਚ ਐਫਆਈਆਰ ਦਰਜ ਕੀਤੀ ਸੀ।
ਉਥੇ ਹੀ ਸੀਬੀਆਈ ਦੁਆਰਾ ਆਈਐਨਐਕਸ ਮੀਡੀਆ ਮਾਮਲੇ ਵਿਚ ਰਿਪੋਟ ਦਰਜ ਕੀਤੀ ਗਈ ਸੀ। ਦੋਵਾਂ ਹੀ ਮਾਮਲਿਆਂ ਵਿਚ ਈਡੀ ਅਤੇ ਸੀਬੀਆਈ ਸਾਬਕਾ ਵਿੱਤ ਮੰਤਰੀ ਦੀ ਭੂਮਿਕਾ ਦੀ ਜਾਂਚ ਕਰ ਰਹੀ ਹੈ। ਇਲਜ਼ਾਮ ਹੈ ਕਿ ਵਿੱਤ ਮੰਤਰੀ ਰਹਿਣ ਦੇ ਦੌਰਾਨ ਪੀ. ਚਿਦੰਬਰਮ ਨੇ ਇਸ ਮਾਮਲੇ ਵਿਚ ਫੌਰਨ ਇੰਨਵੈਸਟਮੈਂਟ ਪ੍ਰਮੋਸ਼ਨ ਬੋਰਡ (ਐਫਆਈਪੀਬੀ) ਦੀ ਕਲੀਅਰੈਂਸ ਦਿਤੀ ਸੀ। ਈਡੀ ਦੁਆਰਾ ਜਾਰੀ ਪ੍ਰੈਸ ਰਿਪੋਟ ਦੇ ਅਨੁਸਾਰ ਕਾਰਤੀ ਚਿਦੰਬਰਮ ਦੀ ਕੰਪਨੀ Advantage Strategic Consulting Pvt. Ltd. ( ASCPL ) ਦੀ ਕਈ ਥਾਵਾਂ ਤੇ ਜ਼ਾਇਦਾਦ ਨੂੰ ਜ਼ਬਤ ਕੀਤਾ ਹੈ।
ਕੰਪਨੀ ਦੀ ਕੋਡਾਇਕਨਾਲ ਵਿਚ ਸਥਿਤ 25 ਲੱਖ ਦੀ ਖੇਤੀਬਾੜੀ ਜ਼ਮੀਨ, ਊਟੀ ਵਿਚ ਸਥਿਤ 3.75 ਕਰੋੜ ਦਾ ਬੰਗਲਾ, ਊਟੀ ਦੇ ਕੋਥਾਗਿਰੀ ਵਿਚ ਸਥਿਤ 50 ਲੱਖ ਦੀ ਕੀਮਤ ਦਾ ਬੰਗਲਾ ਅਤੇ ਨਵੀਂ ਦਿੱਲੀ ਦੇ ਜੋਰਬਾਗ ਵਿਚ ਸਥਿਤ 16 ਕਰੋੜ ਦੀ ਜ਼ਾਇਦਾਦ ਜ਼ਬਤ ਕੀਤੀ ਹੈ। ਜੋਰਬਾਗ ਦੇ ਬੰਗਲੇ ਵਿਚ ਫਿਲਹਾਲ ਉਨ੍ਹਾਂ ਦੇ ਪਿਤਾ ਪੀ. ਚਿਦੰਬਰਮ ਰਹਿੰਦੇ ਹਨ ਪਰ ਕਾਨੂੰਨੀ ਦਸਤਾਵੇਜ਼ਾਂ ਦੇ ਮੁਤਾਬਕ ਇਸ ਦੀ ਮਾਲਕੀ ਦਾ ਹੱਕ ਕਾਰਤੀ ਅਤੇ ਉਸ ਦੀ ਮਾਂ ਨਾਲਿਨੀ ਚਿਦੰਬਰਮ ਦੇ ਨਾਮ ‘ਤੇ ਹੈ।