ਰਾਜਸਥਾਨ ਦੇ ਉਦੈਪੁਰ ਵਿਚ ਇਕ ਵਿਅਕਤੀ ਨੇ ਕਰਜ਼ਾ ਚੁਕਾਉਣ ਲਈ ਅਪਣੀ ਪਤਨੀ ਨੂੰ ਹੀ ਸ਼ਾਹੂਕਾਰਾਂ ਦੇ ਹਵਾਲੇ ਕਰ ਦਿਤਾ। ਸਾਹੂਕਾਰਾਂ ਨੇ ਉਸ...
ਉਦੈਪੁਰ (ਭਾਸ਼ਾ) : ਰਾਜਸਥਾਨ ਦੇ ਉਦੈਪੁਰ ਵਿਚ ਇਕ ਵਿਅਕਤੀ ਨੇ ਕਰਜ਼ਾ ਚੁਕਾਉਣ ਲਈ ਅਪਣੀ ਪਤਨੀ ਨੂੰ ਹੀ ਸ਼ਾਹੂਕਾਰਾਂ ਦੇ ਹਵਾਲੇ ਕਰ ਦਿਤਾ। ਸਾਹੂਕਾਰਾਂ ਨੇ ਉਸ ਨਾਲ ਸ਼ਰਮਨਾਕ ਹਰਕਤ ਕੀਤੀ ਅਤੇ ਫਿਰ ਵੀਡੀਓ ਬਣਾ ਕੇ ਉਸ ਨੂੰ ਬਲੈਕਮੀਲ ਕਰਨ ਲੱਗੇ। ਬਾਅਦ ਵਿਚ ਦੋਸ਼ੀਆਂ ਦੀ ਨੀਅਤ ਉਸ ਦੀ ਧੀ ਉਤੇ ਵਿਗੜੀ ਤਾਂ ਪੀੜਿਤਾ ਦੇ ਸਬਰ ਦਾ ਬੰਨ੍ਹ ਟੁੱਟ ਗਿਆ ਜਿਸ ਤੋਂ ਬਾਅਦ ਉਸ ਨੇ ਪੁਲਿਸ ਅਫ਼ਸਰ ਨੂੰ ਸ਼ਿਕਾਇਤ ਕੀਤੀ। ਪੁਲਿਸ ਅਫ਼ਸਰ ਨੇ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਅਤੇ ਹਿਰਣਮਗਰੀ ਥਾਣਾ ਪੁਲਿਸ ਨੂੰ ਮਾਮਲਾ ਦਰਜ ਕਰਨ ਅਤੇ ਜਾਂਚ ਕਰਨ ਦਾ ਹੁਕਮ ਦਿਤਾ।
ਇਸ ਤੋਂ ਬਾਅਦ ਪੁਲਿਸ ਨੇ ਛੇ ਲੋਕਾਂ ਨੂੰ ਨਾਮਜ਼ਦ ਕੀਤਾ ਹੈ। ਪੀੜਿਤਾ ਉਦੈਪੁਰ ਸ਼ਹਿਰ ਦੇ ਹਿਰਣਮਗਰੀ ਥਾਣਾ ਖੇਤਰ ਦੀ ਹੈ। ਉਸ ਨੇ ਦੱਸਿਆ ਕਿ ਉਸ ਦਾ ਪਤੀ ਮਾਰਕੀਟਿੰਗ ਦਾ ਕੰਮ ਕਰਦਾ ਹੈ। ਦੋ ਸਾਲ ਪਹਿਲਾਂ ਉਸ ਨੇ 28 ਲੱਖ ਰੁਪਏ ਵਿਚ ਇਕ ਮਕਾਨ ਕਿਸ਼ਤਾਂ ਵਿਚ ਖਰੀਦਿਆ ਸੀ, ਜਿਥੇ ਉਹ ਪਰਿਵਾਰ ਦੇ ਨਾਲ ਰਹਿ ਰਹੀ ਸੀ। ਘਰ ਖਰੀਦਣ ਤੋਂ ਬਾਅਦ ਉਸ ਦੇ ਪਤੀ ਦੇ ਸੁਭਾਅ ਵਿਚ ਤਬਦੀਲੀ ਆ ਗਈ। ਅਸਲ ਵਿਚ ਕਰਜ਼ਾ ਦੇਣ ਵਾਲੇ ਲੋਕ ਉਸ ਦੇ ਪਤੀ ਨੂੰ ਤੰਗ ਕਰਨ ਲੱਗ ਗਏ ਸਨ।
ਇਸ ਤੋਂ ਬਾਅਦ ਪਤੀ ਕਰਜ਼ਾ ਦੇਣ ਵਾਲੇ ਲੋਕਾਂ ਨਾਲ ਗੱਲਾਂ ਕਰਨ, ਪ੍ਰੇਮ ਸਬੰਧ ਰੱਖਣ ਅਤੇ ਉਨ੍ਹਾਂ ਨੂੰ ਘਰ ਬੁਲਾ ਕੇ ਗ਼ਲਤ ਸਬੰਧ ਬਣਾਉਣ ਲਈ ਉਸ ਨੂੰ ਮਜ਼ਬੂਰ ਕਰਨ ਲੱਗਾ। ਉਸ ਦੇ ਮਨ੍ਹਾ ਕਰਨ ਉਤੇ ਉਹ ਉਸ ਦੇ ਨਾਲ ਮਾਰ ਕੁੱਟ ਕਰਦਾ। ਪਤੀ ਦੇ ਘਰ ਤੋਂ ਨਿਕਲਣ ਦੇ ਬਾਅਦ ਕਰਜ਼ਾ ਦੇਣ ਵਾਲੇ ਲੋਕ ਉਸ ਦੇ ਘਰ ਆਉਣ ਲੱਗੇ ਅਤੇ ਉਸ ਦੇ ਨਾਲ ਜ਼ਬਰਦਸਤੀ ਕਰਨ ਲੱਗੇ। ਪਤੀ ਦੀ ਮਜਬੂਰੀ ਅਤੇ ਪਰਿਵਾਰ ਨੂੰ ਸੰਭਾਲਣ ਲਈ ਉਹ ਨਾ ਚਾਹੁੰਦੇ ਹੋਏ ਸਭ ਕੁਝ ਸਹਾਰਦੀ ਰਹੀ। ਪਰ ਪਿਛਲੇ ਦਿਨੀਂ ਉਹ ਲੋਕ ਉਸ ਦੀ ਨਬਾਲਗ ਧੀ ਨਾਲ ਸਬੰਧ ਬਣਾਉਣ ਲਈ ਜ਼ੋਰ ਦੇਣ ਲੱਗੇ, ਜਿਸ ਨੂੰ ਸੋਚ ਕੇ ਉਸ ਦੀ ਬਰਦਾਸ਼ਤ ਦੀ ਹੱਦ ਪਾਰ ਹੋ ਗਈ।
ਉਸ ਨੇ ਪੁਲਿਸ ਅਫ਼ਸਰ ਨੂੰ ਦੱਸਿਆ ਕਿ ਗਾਇਰਿਆਵਾਸ ਨਿਵਾਸੀ ਅਸ਼ੋਕ ਪੁੱਤਰ ਸ਼ੰਕਰਲਾਲ, ਪੱਲੂ ਉਰਫ਼ ਪਲਾਸ ਪੁੱਤ ਅਸ਼ੋਕ, ਕੀਰਤੇਸ਼ ਉਰਫ਼ ਪੰਨਾ ਲਾਲ, ਅਹਿਮਦਾਬਾਦ ਨਿਵਾਸੀ ਭਾਗੇਸ਼ ਉਰਫ਼ ਰਮੇਸ਼ ਅਤੇ ਕੁਸ਼ਾਲ ਉਰਫ਼ ਛਗਨਲਾਲ ਨੇ ਕਈ ਵਾਰ ਉਸ ਦੇ ਨਾਲ ਸ਼ਰਮਨਾਕ ਹਰਕਤ ਕੀਤੀ। ਇਸ ਦੇ ਨਾਲ ਹੀ ਉਸ ਦੀ ਅਸ਼ਲੀਲ ਵੀਡੀਓ ਬਣਾ ਕੇ ਉਸ ਨੂੰ ਬਲੈਕਮੀਲ ਕਰਨ ਲੱਗੇ ਅਤੇ ਉਸ ਦੀ ਨਬਾਲਗ ਧੀ ਨਾਲ ਸਬੰਧ ਬਣਾਉਣ ਲਈ ਉਸ ਨੂੰ ਮਜਬੂਰ ਕਰਨ ਲੱਗੇ। ਪੁਲਿਸ ਅਫ਼ਸਰ ਤੋਂ ਮਿਲੇ ਨਿਰਦੇਸ਼ ਤੋਂ ਬਾਅਦ ਹਿਰਣਮਗਰੀ ਥਾਣਾ ਪੁਲਿਸ ਨੇ ਉਕਤ ਸਾਰੇ ਦੋਸ਼ੀਆਂ ਦੇ ਖ਼ਿਲਾਫ਼ ਸ਼ਰਮਨਾਕ ਹਰਕਤ ਅਤੇ ਬਲੈਕਮੀਲ ਕਰਨ ਤੋਂ ਇਲਾਵਾ ਉਸ ਦੇ ਪਤੀ ਦੇ ਖ਼ਿਲਾਫ਼ ਵੀ ਅਲੱਗ ਤੋਂ ਮਾਮਲਾ ਦਰਜ ਕੀਤਾ ਹੈ।