
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਇਕ ਵਫ਼ਦ ਨੇ ਉਪ ਮੰਡਲ ਮੈਜਿਸਟਰੇਟ ਮੈਡਮ ਪੂਨਮ ਸਿੰਘ ਨੂੰ ਇਕ ਮੰਗ ਪੱਤਰ ਰਾਜਸਥਾਨ ਦੇ ਨਾਲ ਲਗਦੇ ਅਬੋਹਰ ਸਬ ਡਿਵੀਜ਼ਨ..........
ਅਬੋਹਰ : ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਇਕ ਵਫ਼ਦ ਨੇ ਉਪ ਮੰਡਲ ਮੈਜਿਸਟਰੇਟ ਮੈਡਮ ਪੂਨਮ ਸਿੰਘ ਨੂੰ ਇਕ ਮੰਗ ਪੱਤਰ ਰਾਜਸਥਾਨ ਦੇ ਨਾਲ ਲਗਦੇ ਅਬੋਹਰ ਸਬ ਡਿਵੀਜ਼ਨ ਦੇ 25 ਪਿੰਡਾਂ ਦੇ ਕਰੀਬ 65 ਹਜ਼ਾਰ ਏਕੜ ਦੇ ਰਕਬੇ 'ਚ ਲਗਾਈ ਗਈ ਨਰਮੇ ਦੀ ਫ਼ਸਲ ਅਤੇ ਬਾਗਾਂ ਨੂੰ ਪਾਣੀ ਨਾ ਦਿਤੇ ਜਾਣ 'ਤੇ ਸਿੰਚਾਈ ਵਿਭਾਗ ਦੇ ਐਕਸੀਐਨ ਵਿਰੁਧ ਕਾਰਵਾਈ ਦੀ ਮੰਗ ਕੀਤੀ ਹੈ। ਕਿਸਾਨਾਂ ਦਾ ਗੰਭੀਰ ਦੋਸ਼ ਇਹ ਵੀ ਹੈ ਕਿ ਐਕਸੀਐਨ ਮੁਖਤਿਆਰ ਸਿੰਘ ਰਾਣਾ ਨੇ ਇਲਾਕੇ ਦੇ ਕਿਸਾਨ ਆਗੂਆਂ ਦੇ ਮੋਬਾਈਲ ਨੰਬਰ ਅਪਣੇ ਫ਼ੋਨ 'ਚ ਬਲਾਕ ਕਰ ਦਿਤੇ ਹਨ।
ਅੱਜ ਯੂਨੀਅਨ ਦੇ ਵਫ਼ਦ ਨੇ ਰਾਣਾ ਨਾਲ ਮੁਲਾਕਾਤ ਕਰਨੀ ਚਾਹੀ ਤਾਂ ਉਨ੍ਹਾਂ ਮੁਲਾਕਾਤ ਕਰਨ ਤੋਂ ਇਨਕਾਰ ਕਰ ਦਿਤਾ। ਵਫ਼ਦ ਨੇ ਇਹ ਵੀ ਦਸਿਆ ਕਿ ਨਹਿਰੀ ਪਾਣੀ ਨਾ ਮਿਲਣ ਕਾਰਨ ਨਰਮੇ ਦੀ ਫ਼ਸਲ ਤੋਂ ਇਲਾਵਾ ਵੱਡੀ ਗਿਣਤੀ 'ਚ ਬਾਗ ਸੁੱਕ ਗਏ ਹਨ। ਇਹ ਹੀ ਹਾਲਾਤ ਰਹੇ ਤਾਂ ਕਿਸਾਨਾਂ ਨੂੰ ਰੋਟੀਆਂ ਦੇ ਲਾਲੇ ਪੈ ਜਾਣਗੇ। ਯੂਨੀਅਨ ਦੇ ਜ਼ਿਲ੍ਹਾ ਜਰਨਲ ਸਕੱਤਰ ਸੁਖਮੰਦਰ ਸਿੰਘ ਨੇ ਦਸਿਆ ਕਿ ਐਕਸੀਅਨ ਇਕੱਲੀ ਲੰਬੀ ਮਾਈਨਰ ਵਿਚ ਹੀ ਪਾਣੀ ਨਹੀਂ ਛੱਡ ਰਿਹਾ ਜਦਕਿ ਬਾਕੀ ਨਹਿਰਾਂ ਵਿਚ ਪਾਣੀ ਚੱਲ ਰਿਹਾ ਹੈ। ਐਸਡੀਐਮ ਨੇ ਕਿਸਾਨਾਂ ਨੂੰ ਕਾਰਵਾਈ ਦਾ ਭਰੋਸਾ ਦਿੰਦੇ ਹੋਏ ਕਿਹਾ ਕਿ ਮਾਮਲਾ ਉਚ ਅਫ਼ਸਰਾਂ ਦੇ ਧਿਆਨ 'ਚ ਲਿਆਂਦਾ ਜਾਏਗਾ।