
ਕਿਹਾ, ‘ਔਰਤਾਂ ਦਾ ਅਪਮਾਨ, ਅਸਵੀਕਾਰਨਯੋਗ’
ਨਵੀਂ ਦਿੱਲੀ: ਵਿਰੋਧੀ ਧਿਰ ਨੇ ਅਫਗਾਨਿਸਤਾਨ ਦੇ ਵਿਦੇਸ਼ ਮੰਤਰੀ ਅਮੀਰ ਖਾਨ ਮੁਤਕੀ ਦੀ ਪ੍ਰੈੱਸ ਕਾਨਫਰੰਸ ’ਚ ਮਹਿਲਾ ਪੱਤਰਕਾਰਾਂ ਦੀ ਗੈਰਹਾਜ਼ਰੀ ਨੂੰ ਅਸਵੀਕਾਰਨਯੋਗ ਅਤੇ ਔਰਤਾਂ ਦਾ ਅਪਮਾਨ ਕਰਾਰ ਦਿਤਾ ਹੈ। ਵਿਰੋਧੀ ਧਿਰ ਨੇ ਕਿਹਾ ਕਿ ਅਜਿਹੇ ਵਿਤਕਰੇ ਦੇ ਬਾਵਜੂਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਚੁੱਪੀ ਨਾਰੀ ਸ਼ਕਤੀ ਉਤੇ ਉਨ੍ਹਾਂ ਦੇ ਨਾਅਰਿਆਂ ਦੇ ਖਾਲੀਪਣ ਨੂੰ ਉਜਾਗਰ ਕਰਦੀ ਹੈ।
ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਪ੍ਰੈੱਸ ਕਾਨਫਰੰਸ ’ਚ ਮਹਿਲਾ ਪੱਤਰਕਾਰਾਂ ਦੀ ਗੈਰ-ਹਾਜ਼ਰੀ ਉਤੇ ਪ੍ਰਧਾਨ ਮੰਤਰੀ ਮੋਦੀ ਉਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਜਨਤਕ ਮੰਚ ਵਿਚੋਂ ਮਹਿਲਾ ਪੱਤਰਕਾਰਾਂ ਨੂੰ ਬਾਹਰ ਰੱਖਣ ਦੀ ਇਜਾਜ਼ਤ ਦੇ ਕੇ ਪ੍ਰਧਾਨ ਮੰਤਰੀ ਭਾਰਤ ਦੀ ਹਰ ਔਰਤ ਨੂੰ ਕਹਿ ਰਹੇ ਹਨ ਕਿ ਉਹ ਉਨ੍ਹਾਂ ਲਈ ਖੜ੍ਹੇ ਹੋਣ ਲਈ ਇੰਨੇ ਕਮਜ਼ੋਰ ਹਨ। ਗਾਂਧੀ ਨੇ ਇਹ ਵੀ ਕਿਹਾ ਕਿ ਅਜਿਹੇ ਵਿਤਕਰੇ ਦੇ ਬਾਵਜੂਦ ਮੋਦੀ ਦੀ ਚੁੱਪ ਨਾਰੀ ਸ਼ਕਤੀ ਉਤੇ ਉਨ੍ਹਾਂ ਦੇ ਨਾਅਰਿਆਂ ਦੇ ‘ਖਾਲੀਪਣ’ ਦਾ ਪਰਦਾਫਾਸ਼ ਕਰਦੀ ਹੈ।
‘ਐਕਸ’ ਉਤੇ ਇਕ ਪੋਸਟ ’ਚ ਰਾਹੁਲ ਗਾਂਧੀ ਨੇ ਕਿਹਾ, ‘‘ਜਦੋਂ ਤੁਸੀਂ ਮਹਿਲਾ ਪੱਤਰਕਾਰਾਂ ਨੂੰ ਜਨਤਕ ਮੰਚ ਤੋਂ ਬਾਹਰ ਰੱਖਣ ਦੀ ਇਜਾਜ਼ਤ ਦਿੰਦੇ ਹੋ ਤਾਂ ਤੁਸੀਂ ਭਾਰਤ ਦੀ ਹਰ ਔਰਤ ਨੂੰ ਕਹਿ ਰਹੇ ਹੋ ਕਿ ਤੁਸੀਂ ਏਨੇ ਕਮਜ਼ੋਰ ਹੋ ਕਿ ਉਨ੍ਹਾਂ ਲਈ ਖੜ੍ਹੇ ਨਹੀਂ ਰਹਿ ਸਕਦੇ।’’ ਉਨ੍ਹਾਂ ਅੱਗੇ ਕਿਹਾ, ‘‘ਸਾਡੇ ਦੇਸ਼ ’ਚ ਔਰਤਾਂ ਨੂੰ ਹਰ ਖੇਤਰ ’ਚ ਬਰਾਬਰ ਦੀ ਹਿੱਸੇਦਾਰੀ ਦਾ ਅਧਿਕਾਰ ਹੈ। ਅਜਿਹੇ ਵਿਤਕਰੇ ਦੇ ਬਾਵਜੂਦ ਤੁਹਾਡੀ ਚੁੱਪ ਨਾਰੀ ਸ਼ਕਤੀ ਉਤੇ ਤੁਹਾਡੇ ਨਾਅਰਿਆਂ ਦੇ ਖਾਲੀਪਨ ਨੂੰ ਉਜਾਗਰ ਕਰਦੀ ਹੈ।’’
ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਮੋਦੀ ਨੂੰ ਮੁਤਾਕੀ ਦੀ ਪ੍ਰੈੱਸ ਕਾਨਫਰੰਸ ’ਚ ਮਹਿਲਾ ਪੱਤਰਕਾਰਾਂ ਦੀ ਗੈਰ-ਹਾਜ਼ਰੀ ਉਤੇ ਅਪਣਾ ਰੁਖ ਸਪੱਸ਼ਟ ਕਰਨ ਲਈ ਕਿਹਾ ਅਤੇ ਇਸ ਘਟਨਾ ਨੂੰ ਭਾਰਤ ਦੀਆਂ ਕੁੱਝ ਸੱਭ ਤੋਂ ਸਮਰੱਥ ਔਰਤਾਂ ਦਾ ਅਪਮਾਨ ਦਸਿਆ। ਪ੍ਰਿਯੰਕਾ ਨੇ ਸਵਾਲ ਕੀਤਾ, ‘‘ਸਾਡੇ ਦੇਸ਼ ਵਿਚ ਭਾਰਤ ਦੀਆਂ ਕੁੱਝ ਸੱਭ ਤੋਂ ਯੋਗ ਔਰਤਾਂ ਦਾ ਅਪਮਾਨ ਕਿਵੇਂ ਕੀਤਾ ਗਿਆ?’’ ਕਾਂਗਰਸ ਨੇ ਕਿਹਾ ਕਿ ਇਹ ਹੈਰਾਨ ਕਰਨ ਵਾਲੀ ਅਤੇ ਅਸਵੀਕਾਰਨਯੋਗ ਗੱਲ ਹੈ ਕਿ ਭਾਰਤ ਸਰਕਾਰ ਦਿੱਲੀ ਵਿਚ ਪ੍ਰੈਸ ਕਾਨਫਰੰਸ ਵਿਚ ‘ਮਹਿਲਾ ਪੱਤਰਕਾਰਾਂ ਉਤੇ ਪਾਬੰਦੀ’ ਲਈ ਸਹਿਮਤ ਹੋ ਗਈ। ਕਾਂਗਰਸ ਦੇ ਜਨਰਲ ਸਕੱਤਰ ਇੰਚਾਰਜ ਸੰਚਾਰ ਜੈਰਾਮ ਰਮੇਸ਼ ਨੇ ‘ਐਕਸ’ ਉਤੇ ਇਕ ਪੋਸਟ ’ਚ ਕਿਹਾ, ‘ਭਾਰਤ ’ਚ ਮਹਿਲਾ ਪੱਤਰਕਾਰਾਂ ਉਤੇ (ਤਾਲੀ)ਪਾਬੰਦੀ ਲਗਾਈ ਗਈ ਹੈ। ਹੈਰਾਨ ਕਰਨ ਵਾਲੀ ਅਤੇ ਅਸਵੀਕਾਰਨਯੋਗ ਹੈ ਕਿ ਭਾਰਤ ਸਰਕਾਰ ਨੇ ਇਸ ਉਤੇ ਸਹਿਮਤੀ ਪ੍ਰਗਟਾਈ - ਅਤੇ ਉਹ ਵੀ ਕੌਮਾਂਤਰੀ ਲੜਕੀ ਦਿਵਸ ਦੀ ਪੂਰਵ ਸੰਧਿਆ ਉਤੇ ਨਵੀਂ ਦਿੱਲੀ ਵਿੱਚ।’’
ਜ਼ਿਕਰਯੋਗ ਹੈ ਕਿ ਸ਼ੁਕਰਵਾਰ ਨੂੰ ਮੁਤਾਕੀ ਵਲੋਂ ਸੰਬੋਧਿਤ ਪ੍ਰੈਸ ਕਾਨਫਰੰਸ ਵਿਚ ਕੁੱਝ ਕੁ ਪੱਤਰਕਾਰਾਂ ਹੀ ਸਨ, ਜਦਕਿ ਮਹਿਲਾ ਪੱਤਰਕਾਰਾਂ ਦੀ ਗੈਰਹਾਜ਼ਰੀ ਸੀ। ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨਾਲ ਵਿਆਪਕ ਗੱਲਬਾਤ ਤੋਂ ਕੁੱਝ ਘੰਟਿਆਂ ਬਾਅਦ ਮੁਤਾਕੀ ਨੇ ਨਵੀਂ ਦਿੱਲੀ ਸਥਿਤ ਅਫਗਾਨ ਦੂਤਾਵਾਸ ’ਚ ਪੱਤਰਕਾਰਾਂ ਨਾਲ ਇਹ ਗੱਲਬਾਤ ਕੀਤੀ। ਪਤਾ ਲੱਗਾ ਹੈ ਕਿ ਪੱਤਰਕਾਰਾਂ ਨੂੰ ਮੀਡੀਆ ਨਾਲ ਗੱਲਬਾਤ ਕਰਨ ਲਈ ਸੱਦਾ ਦੇਣ ਦਾ ਫੈਸਲਾ ਤਾਲਿਬਾਨ ਅਧਿਕਾਰੀਆਂ ਨੇ ਲਿਆ ਸੀ।
ਇਸ ਮਾਮਲੇ ਤੋਂ ਜਾਣੂ ਲੋਕਾਂ ਨੇ ਕਿਹਾ ਕਿ ਭਾਰਤੀ ਪੱਖ ਨੇ ਅਫਗਾਨ ਪੱਖ ਨੂੰ ਸੁਝਾਅ ਦਿਤਾ ਕਿ ਮਹਿਲਾ ਪੱਤਰਕਾਰਾਂ ਨੂੰ ਇਸ ਸਮਾਗਮ ਲਈ ਸੱਦੇ ਗਏ ਮਹਿਮਾਨਾਂ ਦਾ ਹਿੱਸਾ ਹੋਣਾ ਚਾਹੀਦਾ ਹੈ।
ਸਾਬਕਾ ਗ੍ਰਹਿ ਮੰਤਰੀ ਅਤੇ ਕਾਂਗਰਸ ਦੇ ਸੀਨੀਅਰ ਨੇਤਾ ਪੀ. ਚਿਦੰਬਰਮ ਨੇ ‘ਐਕਸ’ ਉਤੇ ਇਕ ਪੋਸਟ ਵਿਚ ਕਿਹਾ, ‘‘ਮੇਰੇ ਨਿੱਜੀ ਵਿਚਾਰ ’ਚ, ਪੁਰਸ਼ ਪੱਤਰਕਾਰਾਂ ਨੂੰ ਉਦੋਂ ਵਾਕਆਊਟ ਕਰਨਾ ਚਾਹੀਦਾ ਸੀ ਜਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਉਨ੍ਹਾਂ ਦੀਆਂ ਮਹਿਲਾ ਸਹਿਯੋਗੀਆਂ ਨੂੰ ਬਾਹਰ ਰੱਖਿਆ ਗਿਆ ਸੀ (ਜਾਂ ਨਹੀਂ ਬੁਲਾਇਆ ਗਿਆ ਸੀ)।’’
ਤ੍ਰਿਣਮੂਲ ਕਾਂਗਰਸ ਦੇ ਸੰਸਦ ਮੈਂਬਰ ਮਹੂਆ ਮੋਇਤਰਾ ਨੇ ਵੀ ਇਸ ਮੁੱਦੇ ਉਤੇ ਸਰਕਾਰ ਦੀ ਨਿੰਦਾ ਕੀਤੀ। ਉਨ੍ਹਾਂ ਕਿਹਾ, ‘‘ਸਰਕਾਰ ਨੇ ਤਾਲਿਬਾਨੀ ਮੰਤਰੀ ਨੂੰ ਮਹਿਲਾ ਪੱਤਰਕਾਰਾਂ ਨੂੰ ਅਪਣੇ ਪ੍ਰੈੱਸ ਕਾਨਫ਼ਰੰਸ ਤੋਂ ਬਾਹਰ ਰੱਖਣ ਦੀ ਇਜਾਜ਼ਤ ਦੇ ਕੇ ਹਰ ਇਕ ਭਾਰਤੀ ਔਰਤ ਦਾ ਅਪਮਾਨ ਕੀਤਾ ਹੈ। ਰੀੜ੍ਹ ਦੀ ਹੱਡੀ ਰਹਿਤ ਪਖੰਡੀਆਂ ਦਾ ਸ਼ਰਮਨਾਕ ਝੁੰਡ।’’
ਤ੍ਰਿਣਮੂਲ ਤੋਂ ਇਕ ਹੋਰ ਸੰਸਦ ਮੈਂਬਰ ਸਾਗਰਿਕਾ ਘੋਸ਼ ਨੇ ਦਾਅਵਾ ਕੀਤਾ ਕਿ ਨਰਿੰਦਰ ਮੋਦੀ ਸਰਕਾਰ ਨੇ ਇਕ ਵਾਰ ਫਿਰ ਵਿਦੇਸ਼ ਨੀਤੀ ਨੂੰ ਵਿਕਸਤ ਕਰਨ ਵਿਚ ਅਪਣੀ ਅਸਫਲਤਾ ਦਾ ਪ੍ਰਗਟਾਵਾ ਕੀਤਾ ਹੈ। ਜਦਕਿ ਆਰ.ਜੇ.ਡੀ. ਦੇ ਸੰਸਦ ਮੈਂਬਰ ਮਨੋਜ ਕੁਮਾਰ ਝਾਅ ਨੇ ਕਿਹਾ ਕਿ ਮਹਿਲਾ ਪੱਤਰਕਾਰਾਂ ਨੂੰ ਤਾਲਿਬਾਨ ਦੇ ਵਿਦੇਸ਼ ਮੰਤਰੀ ਦੀ ਪ੍ਰੈੱਸ ਕਾਨਫਰੰਸ ਵਿਚ ਸ਼ਾਮਲ ਹੋਣ ਦੀ ਇਜਾਜ਼ਤ ਨਾ ਦੇ ਕੇ ਭਾਰਤ ਨੇ ਅਪਣੇ ਨੈਤਿਕ ਅਤੇ ਕੂਟਨੀਤਕ ਰੁਤਬੇ ਨਾਲ ਸਮਝੌਤਾ ਕੀਤਾ ਹੈ।