
ਫੀਸ 'ਚ ਵਾਧੇ ਸਮੇਤ ਕਈ ਮੁੱਦਿਆਂ 'ਤੇ ਬੀਤੇ ਕਈ ਦਿਨਾਂ ਤੋਂ ਪ੍ਰਦਰਸ਼ਨ ਕਰ ਰਹੇ ਜਵਾਹਰ ਲਾਲ...
ਨਵੀਂ ਦਿੱਲੀ: ਫੀਸ 'ਚ ਵਾਧੇ ਸਮੇਤ ਕਈ ਮੁੱਦਿਆਂ 'ਤੇ ਬੀਤੇ ਕਈ ਦਿਨਾਂ ਤੋਂ ਪ੍ਰਦਰਸ਼ਨ ਕਰ ਰਹੇ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਵਿਦਿਆਰਥੀ ਹੁਣ ਦਿੱਲੀ ਦੀਆਂ ਸੜਕਾਂ 'ਤੇ ਉਤਰ ਆਏ ਹਨ। ਯੂਨੀਵਰਸਿਟੀ ਦੇ ਡਿਗਰੀ ਵੰਡ ਸਮਾਰੋਹ ਨੂੰ ਕੈਂਪਸ ਤੋਂ ਬਾਹਰ ਆਯੋਜਿਤ ਕੀਤੇ ਜਾਣ ਤੋਂ ਵਿਦਿਆਰਥੀ ਨਾਰਾਜ਼ ਹਨ। ਫੀਸ 'ਚ ਵਾਧੇ ਅਤੇ ਡਿਗਰੀ ਫੰਡ ਸਮਾਰੋਹ ਦੇ ਵਿਰੋਧ 'ਚ ਵਿਦਿਆਰਥੀ ਯੂਨੀਵਰਸਿਟੀ ਤੋਂ ਲੈ ਕੇ ਵਸੰਤ ਕੁੰਜ ਸਥਿਤ ਪ੍ਰੋਗਰਾਮ ਸਥਾਨ ਤੱਕ ਮਾਰਚ ਕੱਢ ਰਹੇ ਹਨ। ਇਸ ਦੌਰਾਨ ਦਿੱਲੀ ਪੁਲਸ ਨੇ ਸੁਰੱਖਿਆ ਬੇਹੱਦ ਸਖਤ ਕਰ ਰੱਖੀ ਹੈ।
Protest
ਡਿਗਰੀ ਵੰਡ ਸਮਾਰੋਹ 'ਚ ਉੱਪ ਰਾਸ਼ਟਰਪਤੀ ਵੈਂਕਈਆ ਨਾਇਡੂ ਮੁੱਖ ਮਹਿਮਾਨ ਦੇ ਤੌਰ 'ਤੇ ਪਹੁੰਚੇ ਹਨ। ਉਨ੍ਹਾਂ ਨਾਲ ਮਨੁੱਖੀ ਸਰੋਤ ਵਿਕਾਸ ਮੰਤਰੀ ਰਮੇਸ਼ ਪੋਖਰਿਆਲ ਨਿਸ਼ੰਕ ਵੀ ਮੌਜੂਦ ਹਨ। ਸਵੇਰੇ 8 ਵਜੇ ਹੀ ਵਿਦਿਆਰਥੀ ਯੂਨੀਵਰਸਿਟੀ ਦੀ ਐਡਮਿਨੀਸਟ੍ਰੇਟਿਵ ਬਿਲਡਿੰਗ 'ਤੇ ਜਮ੍ਹਾ ਹੋਏ ਅਤੇ ਉੱਥੋਂ ਪ੍ਰੋਗਰਾਮ ਸਥਾਨ ਤੱਕ ਮਾਰਚ ਸ਼ੁਰੂ ਕੀਤਾ। ਵਿਦਿਆਰਥੀਆਂ ਦੇ ਹੰਗਾਮੇ ਨੂੰ ਦੇਖਦੇ ਹੋਏ ਭਾਰੀ ਪੁਲਸ ਫੋਰਸ ਤਾਇਨਾਤ ਕੀਤੀ ਗਈ ਹੈ। ਦੱਸਣਯੋਗ ਹੈ ਕਿ ਇਸ ਅੰਦੋਲਨ 'ਚ ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ, ਆਈਸਾ, ਏ.ਆਈ.ਐੱਸ.ਐੱਫ. ਅਤੇ ਐੱਸ.ਐੱਫ.ਆਈ. ਸਾਰੇ ਵਿਦਿਆਰਥੀ ਸੰਗਠਨ ਹਿੱਸਾ ਲੈ ਰਹੇ ਹਨ।
Students Protest
ਅੰਦੋਲਨਕਾਰੀ ਵਿਦਿਆਰਥੀ ਨੇਤਾਵਾਂ ਦਾ ਕਹਿਣਾ ਹੈ ਕਿ ਉਹ ਡਿਗਰੀ ਵੰਡ ਸਮਾਰੋਹ ਦੇ ਪ੍ਰੋਗਰਾਮ ਸਥਾਨ ਕੋਲ ਹੀ ਪ੍ਰਦਰਸ਼ਨ ਕਰਨਗੇ। ਇਕ ਅੰਦੋਲਨਕਾਰੀ ਵਿਦਿਆਰਥੀ ਨੇ ਕਿਹਾ,''ਅਸੀਂ ਬੀਤੇ 15 ਦਿਨਾਂ ਤੋਂ ਫੀਸ 'ਚ ਵਾਧੇ ਦਾ ਵਿਰੋਧ ਕਰ ਰਹੇ ਹਾਂ। ਯੂਨੀਵਰਸਿਟੀ 'ਚ ਘੱਟੋ-ਘੱਟ 40 ਫੀਸਦੀ ਵਿਦਿਆਰਥੀ ਅਜਿਹੇ ਹਨ, ਜੋ ਗਰੀਬ ਪਰਿਵਾਰਾਂ ਤੋਂ ਆਉਂਦੇ ਹਨ। ਆਖਰ ਇਹ ਵਿਦਿਆਰਥੀ ਕਿਵੇਂ ਆਪਣੀ ਪੜ੍ਹਾਈ ਜਾਰੀ ਰੱਖ ਸਕਣਗੇ? ਵਿਦਿਆਰਥੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਬਿਨਾਂ ਸਸਤੀ ਐਜ਼ੂਕੇਸ਼ਨ ਦੇ ਡਿਗਰੀ ਵੰਡ ਸਮਾਰੋਹ ਮਨਜ਼ੂਰ ਨਹੀਂ ਹੈ।
ਹੋਸਟਲ ਫੀਸ ਵਾਧੇ ਦਾ ਮਾਮਲਾ ਯੂਨੀਵਰਸਿਟੀ 'ਚ ਕਾਫੀ ਅੱਗੇ ਜਾ ਚੁਕਿਆ ਹੈ ਅਤੇ ਹੁਣ ਤੱਕ ਕੋਈ ਹੱਲ ਨਹੀਂ ਨਿਕਲਿਆ ਹੈ। ਦੱਸਣਯੋਗ ਹੈ ਕਿ ਇਸ ਵਾਰ ਕੈਂਪਸ ਦੇ ਆਡੀਟੋਰਿਅਮ 'ਚ ਜਗ੍ਹਾ ਦੀ ਕਮੀ ਦੱਸਦੇ ਹੋਏ ਜੇ.ਐੱਨ.ਯੂ. ਪ੍ਰਸ਼ਾਸਨ ਨੇ ਡਿਗਰੀ ਵੰਡ ਸਮਾਰੋਹ ਯੂਨੀਵਰਸਿਟੀ ਤੋਂ ਬਾਹਰ ਵਸੰਤ ਕੁੰਜ 'ਚ ਆਲ ਇੰਡੀਆ ਕਾਊਂਸਿਲ ਆਫ ਟੈਕਨੀਕਲ ਐਜ਼ੂਕੇਸ਼ਨ (ਏ.ਆਈ.ਸੀ.ਟੀ.ਈ.) ਆਡੀਟੋਰਿਅਮ 'ਚ ਰੱਖਿਆ ਗਿਆ। ਜੇ.ਐੱਨ.ਯੂ. ਦੇ ਗੋਲਡਨ ਜੁਬਲੀ ਸਾਲ ਦੇ ਇਸ ਡਿਗਰੀ ਵੰਡ ਸਮਾਰੋਹ 'ਚ ਕਰੀਬ 460 ਵਿਦਿਆਰਥੀਆਂ ਨੂੰ ਪੀ.ਐੱਚ.ਡੀ. ਡਿਗਰੀ ਦਿੱਤੀ ਜਾਵੇਗੀ।
ਜੇ.ਐੱਨ.ਯੂ. ਦੇ ਰੈਕਟਰ 2 ਡਾ. ਐੱਸ.ਸੀ. ਗੜਕੋਟੀ ਦਾ ਕਹਿਣਾ ਹੈ ਕਿ ਜੇ.ਐੱਨ.ਯੂ. ਦੇ ਕਿਸੇ ਵੀ ਆਡੀਟੋਰਿਅਮ 'ਚ 300 ਤੋਂ ਵਧ ਸੀਟਾਂ ਨਹੀਂ ਹਨ। ਇਸ ਕਾਰਨ ਇਸ ਵਾਰ ਡਿਗਰੀ ਵੰਡ ਸਮਾਰੋਹ ਬਾਹਰ ਰੱਖਣਾ ਪੈ ਰਿਹਾ ਹੈ, ਕਿਉਂਕਿ ਵਿਦਿਆਰਥੀਆਂ ਦੀ ਗਿਣਤੀ ਜ਼ਿਆਦਾ ਹੈ। ਉਨ੍ਹਾਂ ਨਾਲ ਉਨ੍ਹਾਂ ਦੇ ਮਾਤਾ-ਪਿਤਾ ਵੀ ਪਹੁੰਚਣਗੇ। ਨਾਲ ਹੀ ਵਿਦਿਆਰਥੀਆਂ ਦੇ ਗਾਈਡ, ਜੇ.ਐੱਨ.ਯੂ. ਟੀਚਰਜ਼ ਵੀ ਹੋਣਗੇ। ਜਿੱਥੇ ਸਮਾਰੋਹ ਰੱਖਿਆ ਗਿਆ ਹੈ, ਉੱਥੇ ਕਰੀਬ 800 ਸੀਟਾਂ ਹਨ।