
ਕਿਹਾ, 1980 ਦੇ ਦਹਾਕੇ ਤੋਂ ਰਾਜ ਅਤੇ ਗੈਰ-ਰਾਜੀ ਧਿਰਾਂ ਦੁਆਰਾ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੀ ਹੋਵੇ ਜਾਂਚ
ਕੀ 2000 ਚਿੱਠੀ ਸਿੰਘਪੁਰਾ ਕਤਲੇਆਮ ਅਤੇ 1990 ਕਸ਼ਮੀਰੀ ਪੰਡਤਾਂ ਦੇ ਪਲਾਇਨ ਦਾ ਮਿਲੇਗਾ ਇਨਸਾਫ਼?
Article 370 verdict: ਸੁਪਰੀਮ ਕੋਰਟ ਨੇ ਜੰਮੂ-ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਦੇਣ ਵਾਲੀ ਧਾਰਾ 370 ਨੂੰ ਖਤਮ ਕਰਨ ਦੇ ਸਰਕਾਰ ਦੇ ਫੈਸਲੇ ਨੂੰ ਬਰਕਰਾਰ ਰੱਖਦੇ ਹੋਏ ਸੋਮਵਾਰ ਨੂੰ ਕਿਹਾ ਕਿ ਅਗਲੀ 30 ਸਤੰਬਰ ਤਕ ਵਿਧਾਨ ਸਭਾ ਚੋਣਾਂ ਕਰਵਾਉਣ ਲਈ ਕਦਮ ਚੁੱਕੇ ਜਾਣ। ਇਸ ਦੌਰਾਨ ਜਸਟਿਸ ਸੰਜੇ ਕਿਸ਼ਨ ਕੌਲ ਨੇ ਜੰਮੂ-ਕਸ਼ਮੀਰ ਵਿਚ ਰਾਜ ਅਤੇ ਗੈਰ-ਰਾਜੀ ਦੋਹਾਂ ਧਿਰਾਂ ਦੁਆਰਾ ਮਨੁੱਖੀ ਅਧਿਕਾਰਾਂ ਦੀ ਕਥਿਤ ਉਲੰਘਣਾ ਦੀ ਜਾਂਚ ਲਈ ਇਕ ਸੱਚ ਅਤੇ ਸੁਲ੍ਹਾ ਕਮਿਸ਼ਨ ਦੀ ਸਥਾਪਨਾ ਦੀ ਸਿਫ਼ਾਰਸ਼ ਕੀਤੀ ਹੈ।
ਜਸਟਿਸ ਕੌਲ ਨੇ ਕਿਹਾ ਕਿ ਮੈਂ ਘੱਟੋ-ਘੱਟ 1980 ਦੇ ਦਹਾਕੇ ਤੋਂ ਰਾਜ ਅਤੇ ਗੈਰ-ਰਾਜੀ ਧਿਰਾਂ ਦੁਆਰਾ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੀ ਜਾਂਚ ਅਤੇ ਰੀਪੋਰਟ ਕਰਨ ਅਤੇ ਸੁਲ੍ਹਾ-ਸਫਾਈ ਦੇ ਉਪਾਵਾਂ ਦੀ ਸਿਫ਼ਾਰਸ਼ ਕਰਨ ਲਈ ਇਕ ਨਿਰਪੱਖ ਸੱਚ ਅਤੇ ਸੁਲ੍ਹਾ ਕਮੇਟੀ ਦੀ ਸਥਾਪਨਾ ਦੀ ਸਿਫ਼ਾਰਸ਼ ਕਰਦਾ ਹਾਂ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਕਿ ਯਾਦਦਾਸ਼ਤ ਖਤਮ ਹੋ ਜਾਵੇ, ਅਜਿਹੇ ਕਮਿਸ਼ਨ ਦੀ ਸਥਾਪਨਾ ਕੀਤੀ ਜਾਣੀ ਚਾਹੀਦੀ ਹੈ। ਇਸ ਕਮਿਸ਼ਨ ਦੀ ਕਾਰਵਾਈ ਸਮਾਂਬੱਧ ਹੋਣੀ ਚਾਹੀਦੀ ਹੈ। ਨੌਜਵਾਨਾਂ ਦੀ ਇਕ ਪੂਰੀ ਪੀੜ੍ਹੀ ਅਵਿਸ਼ਵਾਸ ਦੀ ਭਾਵਨਾ ਨਾਲ ਵੱਡੀ ਹੋਈ ਹੈ।
ਉਨ੍ਹਾਂ ਕਿਹਾ ਕਿ ਅੱਗੇ ਵਧਣ ਲਈ, ਜ਼ਖ਼ਮਾਂ ਨੂੰ ਭਰਨ ਦੀ ਲੋੜ ਹੁੰਦੀ ਹੈ। ਜਸਟਿਸ ਕੌਲ ਨੇ ਕਿਹਾ ਕਿ ਇਹ ਸਰਕਾਰ ਨੇ ਤੈਅ ਕਰਨਾ ਹੈ ਕਿ ਇਸ ਵਿਚ ਸ਼ਾਮਲ ਮੁੱਦਿਆਂ ਦੀ ਸੰਵੇਦਨਸ਼ੀਲਤਾ ਨੂੰ ਦੇਖਦੇ ਹੋਏ, ਸੱਚਾਈ ਅਤੇ ਸੁਲ੍ਹਾ ਕਮਿਸ਼ਨ ਦੀ ਸਥਾਪਨਾ ਕਿਵੇਂ ਕੀਤੀ ਜਾਣੀ ਚਾਹੀਦੀ ਹੈ। ਕਮਿਸ਼ਨ ਨੂੰ ਇਕ ਅਪਰਾਧਿਕ ਅਦਾਲਤ ਵਿਚ ਨਹੀਂ ਬਦਲਣਾ ਚਾਹੀਦਾ ਹੈ ਅਤੇ ਗੱਲਬਾਤ ਲਈ ਇਕ ਪਲੇਟਫਾਰਮ ਦੀ ਪੇਸ਼ਕਸ਼ ਕਰਨੀ ਚਾਹੀਦੀ ਹੈ। ਇਸ ਦੇ ਲਈ ਉਨ੍ਹਾਂ ਨੇ ਦੱਖਣੀ ਅਫ਼ਰੀਕਾ ਵਿਚ ਸਥਾਪਤ ਕੀਤੇ ਗਏ ਸੱਚ ਅਤੇ ਸੁਲ੍ਹਾ ਕਮਿਸ਼ਨ ਦਾ ਹਵਾਲਾ ਵੀ ਦਿਤਾ। ਉਨ੍ਹਾਂ ਕਿਹਾ ਕਿ ਸੱਚਾਈ ਅਤੇ ਸੁਲ੍ਹਾ ਕਮਿਸ਼ਨ ਇਕ ਸੁਧਾਰਾਤਮਕ ਪਹੁੰਚ ਦੀ ਸਹੂਲਤ ਪ੍ਰਦਾਨ ਕਰ ਸਕਦਾ ਹੈ, ਜੋ ਅਤੀਤ ਦੇ ਜ਼ਖ਼ਮਾਂ ਲਈ ਮਾਫੀ ਦੇ ਯੋਗ ਬਣਾਉਂਦਾ ਹੈ ਅਤੇ ਇਕ ਸਾਂਝੀ ਰਾਸ਼ਟਰੀ ਪਛਾਣ ਦੀ ਪ੍ਰਾਪਤੀ ਦਾ ਆਧਾਰ ਬਣਾਉਂਦਾ ਹੈ।
2000 ਚਿੱਠੀ ਸਿੰਘਪੁਰਾ ਕਤਲੇਆਮ ਪੀੜਤਾਂ ਨੂੰ ਮਿਲੇਨਾ ਇਨਸਾਫ਼?
ਜੰਮੂ-ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਵਿਚ ਪੈਂਦੇ ਚਿੱਠੀ ਸਿੰਘਪੁਰਾ ਵਿਚ 35 ਸਿੱਖਾਂ ਦੇ ਕਤਲ ਹੋਏ ਨੂੰ 23 ਸਾਲ ਬੀਤ ਚੁੱਕੇ ਹਨ ਪਰ ਅਜੇ ਵੀ ਪੀੜਤ ਇਨਸਾਫ਼ ਦਾ ਇੰਤਜ਼ਾਰ ਕਰ ਰਹੇ ਹਨ। ਇਥੇ 35 ਸਿੱਖਾਂ ਨੂੰ ਗੁਰਦੁਆਰਾ ਸਾਹਿਬ ਦੇ ਸਾਹਮਣੇ ਗੋਲੀਆਂ ਮਾਰ ਕੇ ਸ਼ਹੀਦ ਕਰ ਦਿਤਾ ਗਿਆ ਸੀ। ਇਹ ਦਿਲ ਦਹਿਲਾ ਦੇਣ ਵਾਲੀ ਘਟਨਾ ਸੀ, ਜਿਸ ਦੇ ਜ਼ਖ਼ਮ ਅਜੇ ਵੀ ਸਿੱਖਾਂ ਦੇ ਦਿਲਾਂ ’ਤੇ ਨਾਸੂਰ ਬਣ ਕੇ ਰੜਕ ਰਹੇ ਹਨ।
ਦੱਸ ਦਈਏ ਕਿ ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਤਤਕਾਲੀ ਅਮਰੀਕੀ ਰਾਸ਼ਟਰਪਤੀ ਬਿਲ ਕਲਿਟਨ ਭਾਰਤ ਦੇ ਦੌਰੇ ’ਤੇ ਆਏ ਸਨ। 20 ਅਤੇ 21 ਮਾਰਚ 2000 ਨੂੰ ਵਰਦੀ ਵਿਚ ਆਏ ਕੁੱਝ ਹਥਿਆਰਬੰਦ ਲੋਕਾਂ ਦੇ ਇਕ ਸਮੂਹ ਨੇ ਸਿੱਖਾਂ ਨੂੰ ਅਨੰਤਨਾਗ ਜ਼ਿਲ੍ਹੇ ਦੇ ਚਿੱਠੀ ਸਿੰਘਪੁਰਾ ਵਿਚ ਇਕੱਠੇ ਹੋਣ ਦਾ ਨਿਰਦੇਸ਼ ਦਿਤਾ ਸੀ, ਜਿਸ ਮਗਰੋਂ ਉਨ੍ਹਾਂ ’ਤੇ ਅੰਨ੍ਹੇਵਾਹ ਗੋਲੀਆਂ ਚਲਾ ਦਿਤੀਆਂ ਗਈਆਂ ਅਤੇ 35 ਸਿੱਖਾਂ ਨੂੰ ਬੇਰਹਿਮੀ ਨਾਲ ਕਤਲ ਕਰ ਦਿਤਾ ਗਿਆ। ਭਾਵੇਂ ਕਿ ਇਸ ਹੱਤਿਆ ਕਾਂਡ ਦੀ ਜਾਂਚ ਲਈ ਸਰਕਾਰ ਨੇ ਕਈ ਵਾਰ ਆਦੇਸ਼ ਜਾਰੀ ਕੀਤੇ ਪਰ ਕੋਈ ਵੀ ਜਾਂਚ ਨਤੀਜੇ ’ਤੇ ਨਹੀਂ ਪਹੁੰਚ ਸਕੀ। ਪੀੜਤ ਸਿੱਖਾਂ ਨੂੰ 23 ਸਾਲ ਮਗਰੋਂ ਵੀ ਇਨਸਾਫ਼ ਦੀ ਉਮੀਦ ਹੈ, ਹੁਣ ਦੇਖਣਾ ਹੋਵੇਗਾ ਕਿ ਉਨ੍ਹਾਂ ਨੂੰ ਕਦੋਂ ਇਨਸਾਫ਼ ਮਿਲੇਗਾ?
ਕਸ਼ਮੀਰੀ ਪੰਡਤ 33 ਸਾਲਾਂ ਤੋਂ ਕਰ ਰਹੇ ਹਨ ਇਨਸਾਫ਼ ਦੀ ਮੰਗ
ਕਸ਼ਮੀਰੀ ਪੰਡਿਤਾਂ ਨਾਲ ਵਾਪਰੇ ਦੁਖਾਂਤ ਦੇ ਜ਼ਖ਼ਮ 33 ਸਾਲਾਂ ਬਾਅਦ ਵੀ ਨਹੀਂ ਭਰੇ। ਜਨਵਰੀ 1990 ਵਿਚ ਕਸ਼ਮੀਰ ਘਾਟੀ ਵਿਚੋਂ ਕਸ਼ਮੀਰੀ ਪੰਡਤਾਂ ਦਾ ਉਜਾੜਾ ਹੋਇਆ ਸੀ। ਕਸ਼ਮੀਰੀ ਪੰਡਿਤਾਂ ਵਿਰੁਧ ਕੀਤੇ ਗਏ ਅੱਤਿਆਚਾਰ ਅਤੇ 1990 ਦੇ ਦਹਾਕੇ ਵਿਚ ਖਾੜਕੂਵਾਦ ਦੇ ਉਭਾਰ ਨਾਲ ਘਾਟੀ ਤੋਂ ਉਨ੍ਹਾਂ ਦੀ ਜਬਰੀ ਹਿਜਰਤ ਦੇਸ਼ ਭਰ ਵਿਚ ਰੋਜ਼ਾਨਾ ਗੱਲਬਾਤ ਦਾ ਹਿੱਸਾ ਹਨ। ਕਦੇ ਸਿਆਸਤਦਾਨ ਤੇ ਕਦੇ ਅਦਾਕਾਰ ਇਸ ਮੁੱਦੇ ਨੂੰ ਸੁਰਖੀਆਂ ਵਿਚ ਰੱਖਦੇ ਹਨ ਪਰ ਅਜੇ ਤਕ ਪੀੜਤਾਂ ਨੂੰ ਇਨਸਾਫ਼ ਨਾ ਮਿਲਿਆ।
(For more news apart from Justice Kaul Recommends Truth & Reconciliation Commission To Report Human Rights Violations, stay tuned to Rozana Spokesman)