
ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ 'ਚ ਐਤਵਾਰ ਨੂੰ ਕ੍ਰਿਕਟ ਵਿਸ਼ਵ ਕੱਪ ਫਾਈਨਲ ਦੌਰਾਨ ਸੁਰੱਖਿਆ 'ਚ ਕੁਤਾਹੀ ਦਾ ਮਾਮਲਾ ਗਰਮਾ ਗਿਆ ਹੈ।
World Cup: ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ 'ਚ ਐਤਵਾਰ ਨੂੰ ਕ੍ਰਿਕਟ ਵਿਸ਼ਵ ਕੱਪ ਫਾਈਨਲ ਦੌਰਾਨ ਸੁਰੱਖਿਆ 'ਚ ਕੁਤਾਹੀ ਦਾ ਮਾਮਲਾ ਗਰਮਾ ਗਿਆ ਹੈ। ਦੇਰ ਸ਼ਾਮ ਮੁਲਜ਼ਮ ਆਸਟਰੇਲੀਅਨ ਨਾਗਰਿਕ ਵਿਰੁਧ ਚਾਂਦਖੇੜਾ ਪੁਲਿਸ ਸਟੇਸ਼ਨ ਵਿਚ ਐਫਆਈਆਰ ਦਰਜ ਕੀਤੀ ਗਈ ਹੈ। ਇਹ ਨੌਜਵਾਨ ਗ੍ਰਾਊਂਡ ਵਿਚ ਵਿਰਾਟ ਕੋਹਲੀ ਕੋਲ ਪਹੁੰਚ ਗਿਆ ਸੀ। ਉਸ ਦੀ ਟੀ-ਸ਼ਰਟ 'ਤੇ 'ਫ੍ਰੀ ਫਲਸਤੀਨ' ਲਿਖਿਆ ਹੋਇਆ ਸੀ। ਹੁਣ ਪਾਬੰਦੀਸ਼ੁਦਾ ਸੰਗਠਨ ਸਿੱਖ ਫਾਰ ਜਸਟਿਸ ਨੇ ਇਸ ਮਾਮਲੇ 'ਚ ਐਂਟਰੀ ਕੀਤੀ ਹੈ।
ਸਿੱਖ ਫਾਰ ਜਸਟਿਸ ਦੇ ਮੁਖੀ ਗੁਰਪਤਵੰਤ ਸਿੰਘ ਪੰਨੂ ਨੇ ਆਸਟਰੇਲੀਅਨ ਨਾਗਰਿਕ ਵੇਨ ਜੌਹਨਸਨ ਲਈ 10 ਹਜ਼ਾਰ ਡਾਲਰ ਦੇ ਇਨਾਮ ਦਾ ਐਲਾਨ ਕੀਤਾ ਹੈ। ਇਕ ਵਾਇਰਲ ਵੀਡੀਉ ਵਿਚ ਪੰਨੂ ਨੇ ਕਿਹਾ ਕਿ ਮੈਦਾਨ 'ਤੇ ਪਹੁੰਚ ਕੇ ਜੌਹਨਸਨ ਨੇ ਗਾਜ਼ਾ ਅਤੇ ਫਲਸਤੀਨ ਬਾਰੇ ਭਾਰਤ ਦੇ ਸਟੈਂਡ ਨੂੰ ਉਜਾਗਰ ਕੀਤਾ ਹੈ। ਇਸ ਦੇ ਲਈ ਸਿੱਖ ਫਾਰ ਜਸਟਿਸ ਨੇ ਜੌਹਨਸਨ ਨੂੰ 10 ਹਜ਼ਾਰ ਡਾਲਰ ਦਾ ਇਨਾਮ ਦੇਣ ਦਾ ਐਲਾਨ ਕੀਤਾ ਹੈ। ਅਸੀਂ ਜੌਹਨਸਨ ਦੇ ਨਾਲ ਖੜੇ ਹਾਂ। ਇਸ ਤੋਂ ਪਹਿਲਾਂ ਗੁਰਪਤਵੰਤ ਸਿੰਘ ਪੰਨੂ ਨੇ ਅਹਿਮਦਾਬਾਦ 'ਚ ਵਿਸ਼ਵ ਕੱਪ ਫਾਈਨਲ ਨੂੰ 'ਬੰਦ' ਕਰਨ ਦੀ ਧਮਕੀ ਦਿਤੀ ਸੀ।
ਅਹਿਮਦਾਬਾਦ ਪੁਲਿਸ ਨੇ ਕਿਹਾ ਕਿ 24 ਸਾਲਾ ਵੇਨ ਜੌਹਨਸਨ 'ਤੇ ਸਰਕਾਰੀ ਕਰਮਚਾਰੀਆਂ ਦੀ ਡਿਊਟੀ 'ਚ ਰੁਕਾਵਟ ਪਾਉਣ ਦਾ ਮਾਮਲਾ ਦਰਜ ਕੀਤਾ ਗਿਆ ਹੈ। ਉਸ ਨੂੰ ਹਿਰਾਸਤ ਵਿਚ ਲੈ ਕੇ ਚਾਂਦਖੇੜਾ ਥਾਣੇ ਲਿਜਾਇਆ ਗਿਆ ਹੈ। ਚਾਂਦਖੇੜਾ ਥਾਣੇ ਦੇ ਇੰਸਪੈਕਟਰ ਵਿਰਾਜ ਜਡੇਜਾ ਨੇ ਦਸਿਆ ਕਿ ਆਸਟਰੇਲੀਅਨ ਨਾਗਰਿਕ ਦੀ ਪਛਾਣ ਵੇਨ ਜੌਹਨਸਨ ਵਜੋਂ ਹੋਈ ਹੈ। ਆਈਸੀਸੀ ਕ੍ਰਿਕੇਟ ਨਿਯਮਾਂ ਦੇ ਅਨੁਸਾਰ, ਖੇਡ ਦੇ ਦੌਰਾਨ ਕਿਸੇ ਵੀ ਰਾਜਨੀਤਿਕ ਨਾਅਰੇਬਾਜ਼ੀ ਦੀ ਇਜਾਜ਼ਤ ਨਹੀਂ ਹੈ ਅਤੇ ਨਾ ਹੀ ਭਾਰਤ ਵਿਚ ਅਜਿਹਾ ਕੋਈ ਕੰਮ ਕਰਨ ਦੀ ਇਜਾਜ਼ਤ ਹੈ।