
ਪ੍ਰਧਾਨ ਮੰਤਰੀ ਨੇ ਇਕ ਅੰਮ੍ਰਿਤ ਪੀੜ੍ਹੀ ਸਿਰਜਣ ਦੀ ਲੋੜ ’ਤੇ ਜ਼ੋਰ ਦਿਤਾ ਜੋ ਦੇਸ਼ ਦੇ ਹਿੱਤਾਂ ਨੂੰ ਸਰਵਉੱਚ ਰਖਦੀ ਹੈ।
Prime Minister Narendra Modi: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਭਰੋਸਾ ਜਤਾਇਆ ਕਿ ਭਾਰਤ ਮੌਜੂਦਾ ਯੁੱਗ ’ਚ ਵੱਡੀ ਛਾਲ ਮਾਰੇਗਾ ਅਤੇ ਕਿਹਾ ਕਿ ਨੌਜਵਾਨ ਪੀੜ੍ਹੀ ਨੂੰ ਇਸ ਤਰ੍ਹਾਂ ਤਿਆਰ ਕਰਨਾ ਹੋਵੇਗਾ ਕਿ ਉਹ ਦੇਸ਼ ਨੂੰ ਅਗਵਾਈ ਪ੍ਰਦਾਨ ਕਰਨ ਅਤੇ ਦੇਸ਼ ਦੇ ਹਿੱਤਾਂ ਨੂੰ ਸਭ ਤੋਂ ਵੱਧ ਤਰਜੀਹ ਦੇਣ। ‘ਵਿਕਸਤ ਭਾਰਤ 2047: ਵਾਇਸ ਆਫ ਯੂਥ’ ਪਹਿਲ ਦੀ ਸ਼ੁਰੂਆਤ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਦੀ ਨੌਜਵਾਨ ਸ਼ਕਤੀ ‘ਤਬਦੀਲੀ ਦੇ ਏਜੰਟ’ ਅਤੇ ‘ਤਬਦੀਲੀ ਦੇ ਲਾਭਪਾਤਰੀ’ ਦੋਵੇਂ ਹਨ।
ਪ੍ਰਧਾਨ ਮੰਤਰੀ ਨੇ ਕਿਹਾ, ‘‘ਇਤਿਹਾਸ ਕਿਸੇ ਵੀ ਦੇਸ਼ ਦੇ ਜੀਵਨ ’ਚ ਇਕ ਮੌਕਾ ਪ੍ਰਦਾਨ ਕਰਦਾ ਹੈ ਜਦੋਂ ਦੇਸ਼ ਅਪਣੀ ਵਿਕਾਸ ਯਾਤਰਾ ’ਚ ਤੇਜ਼ੀ ਨਾਲ ਤਰੱਕੀ ਕਰ ਸਕਦਾ ਹੈ। ਭਾਰਤ ’ਚ ਇਸ ਸਮੇਂ ਅੰਮ੍ਰਿਤ ਕਾਲ ਚਲ ਰਿਹਾ ਹੈ ਅਤੇ ਇਹ ਭਾਰਤ ਦੇ ਇਤਿਹਾਸ ਦਾ ਉਹ ਦੌਰ ਹੈ ਜਦੋਂ ਦੇਸ਼ ਇਕ ਵੱਡੀ ਛਾਲ ਮਾਰਨ ਜਾ ਰਿਹਾ ਹੈ।’’ ਉਨ੍ਹਾਂ ਨੇ ਕਈ ਨੇੜਲੇ ਦੇਸ਼ਾਂ ਦੀਆਂ ਉਦਾਹਰਣਾਂ ਦਿਤੀਆਂ ਜਿਨ੍ਹਾਂ ਨੇ ਇਕ ਨਿਰਧਾਰਤ ਸਮੇਂ ’ਚ ਇੰਨੀ ਵੱਡੀ ਛਾਲ ਮਾਰੀ ਕਿ ਵਿਕਸਤ ਦੇਸ਼ ਬਣ ਗਏ। ਉਨ੍ਹਾਂ ਕਿਹਾ, ‘‘ਇਹ ਭਾਰਤ ਲਈ ਸਹੀ ਸਮਾਂ ਹੈ। ਇਸ ਅੰਮ੍ਰਿਤ ਕਾਲ ਦੇ ਹਰ ਪਲ ਦੀ ਵਰਤੋਂ ਕਰਨੀ ਚਾਹੀਦੀ ਹੈ।’’
ਪ੍ਰਧਾਨ ਮੰਤਰੀ ਨੇ ਇਕ ਅੰਮ੍ਰਿਤ ਪੀੜ੍ਹੀ ਸਿਰਜਣ ਦੀ ਲੋੜ ’ਤੇ ਜ਼ੋਰ ਦਿਤਾ ਜੋ ਦੇਸ਼ ਦੇ ਹਿੱਤਾਂ ਨੂੰ ਸਰਵਉੱਚ ਰਖਦੀ ਹੈ। ਪ੍ਰਧਾਨ ਮੰਤਰੀ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਤੋਂ ਲੈ ਕੇ 100ਵੀਂ ਵਰ੍ਹੇਗੰਢ ਤਕ ਦੇ ਸਫ਼ਰ ਨੂੰ ਅਕਸਰ ਅੰਮ੍ਰਿਤ ਕਾਲ ਕਹਿੰਦੇ ਹਨ। ਉਨ੍ਹਾਂ ਨੇ ਸਿੱਖਿਆ ਅਤੇ ਹੁਨਰ ਤੋਂ ਅੱਗੇ ਵਧਣ ਦੀ ਜ਼ਰੂਰਤ ’ਤੇ ਜ਼ੋਰ ਦਿਤਾ ਅਤੇ ਦੇਸ਼ਹਿੱਤ ਅਤੇ ਨਾਗਰਿਕ ਭਾਵਨਾ ਲਈ ਨਾਗਰਿਕਾਂ ’ਚ ਚੌਕਸੀ ਦਾ ਸੱਦਾ ਦਿੱਤਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਜਦੋਂ ਨਾਗਰਿਕ ਅਪਣੀ ਭੂਮਿਕਾ ਨਿਭਾਉਣਾ ਸ਼ੁਰੂ ਕਰਦੇ ਹਨ ਤਾਂ ਦੇਸ਼ ਅੱਗੇ ਵਧਦਾ ਹੈ।
ਉਨ੍ਹਾਂ ਨੇ ਪਾਣੀ ਦੀ ਸੰਭਾਲ, ਬਿਜਲੀ ਦੀ ਬੱਚਤ, ਖੇਤੀ ’ਚ ਘੱਟ ਰਸਾਇਣਾਂ ਦੀ ਵਰਤੋਂ ਅਤੇ ਜਨਤਕ ਆਵਾਜਾਈ ਦੀ ਵਰਤੋਂ ਰਾਹੀਂ ਕੁਦਰਤੀ ਸਰੋਤਾਂ ਦੀ ਸੰਭਾਲ ਦੀਆਂ ਉਦਾਹਰਣਾਂ ਦਿਤੀਆਂ। ਉਨ੍ਹਾਂ ਅਕਾਦਮਿਕ ਭਾਈਚਾਰੇ ਨੂੰ ਸਵੱਛਤਾ ਮੁਹਿੰਮ ਨੂੰ ਮੁੜ ਉਤਸ਼ਾਹਤ ਕਰਨ, ਜੀਵਨ ਸ਼ੈਲੀ ਦੇ ਮੁੱਦਿਆਂ ਨਾਲ ਨਜਿੱਠਣ ਅਤੇ ਨੌਜਵਾਨਾਂ ਨੂੰ ਮੋਬਾਈਲ ਫੋਨ ਤੋਂ ਪਰੇ ਦੁਨੀਆਂ ਦੀ ਪੜਚੋਲ ਕਰਨ ਦੇ ਤਰੀਕੇ ਸੁਝਾਉਣ ਲਈ ਕਿਹਾ। ਉਨ੍ਹਾਂ ਕਿਹਾ, ‘‘ਪੂਰੀ ਦੁਨੀਆਂ ਦੀ ਨਜ਼ਰ ਭਾਰਤ ਦੇ ਨੌਜਵਾਨਾਂ ’ਤੇ ਹੈ। ਯੁਵਾ ਸ਼ਕਤੀ ਤਬਦੀਲੀ ਦਾ ਸਾਧਨ ਅਤੇ ਤਬਦੀਲੀ ਦਾ ਲਾਭਪਾਤਰੀ ਦੋਵੇਂ ਹੈ।’’
(For more news apart from PM Modi launches Viksit Bharat @2047, stay tuned to Rozana Spokesman)