
ਪੁਲਿਸ ਇਸ ਮਾਮਲੇ ਦੀ ਨਫ਼ਰਤੀ ਅਪਰਾਧ ਦੀ ਘਟਨਾ ਵਜੋਂ ਜਾਂਚ ਕਰ ਰਹੀ ਹੈ।
Sikh News: ਦੱਖਣ-ਪੂਰਬੀ ਇੰਗਲੈਂਡ ਦੇ ਇਕ ਕਸਬੇ ’ਚ ਇਕ ਬਜ਼ੁਰਗ ਸਿੱਖ ਦੀ ਕੁੱਟਮਾਰ ਕਰਨ ਦੇ ਮਾਮਲੇ ’ਚ 14 ਸਾਲਾਂ ਇਕ ਮੁੰਡੇ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਥੇਮਸ ਵੈਲੀ ਪੁਲਿਸ ਨੇ ਦਸਿਆ ਕਿ ਪਿਛਲੇ ਹਫਤੇ ਗੰਭੀਰ ਸਰੀਰਕ ਨੁਕਸਾਨ ਪਹੁੰਚਾਉਣ ਦੇ ਸ਼ੱਕ ’ਚ ਗ੍ਰਿਫਤਾਰ ਕੀਤੇ ਗਏ ਮੁੰਡੇ ਨੂੰ ਅਗਲੇ ਸਾਲ 15 ਫਰਵਰੀ ਤਕ ਪੁਲਿਸ ਜ਼ਮਾਨਤ ’ਤੇ ਰਿਹਾਅ ਕਰ ਦਿਤਾ ਗਿਆ ਹੈ।
21 ਨਵੰਬਰ ਨੂੰ ਇੰਦਰਜੀਤ ਸਿੰਘ (58) ਸਲੋ ਦੇ ਲੈਂਗਲੇ ਮੈਮੋਰੀਅਲ ਪਾਰਕ ਤੋਂ ਪੈਦਲ ਜਾ ਰਿਹਾ ਸੀ, ਜਦੋਂ 13 ਤੋਂ 16 ਸਾਲ ਦੀ ਉਮਰ ਦੇ ਮੁੰਡਿਆਂ ਦੀ ਟੋਲੀ ਨੇ ਉਨ੍ਹਾਂ ਨੂੰ ਘੇਰ ਲਿਆ ਸੀ। ਥੇਮਸ ਵੈਲੀ ਪੁਲਸ ਮੁਤਾਬਕ ਅਪਰਾਧੀਆਂ ਨੇ ਪੀੜਤ ਨੂੰ ਘੇਰ ਲਿਆ, ਲੱਤਾਂ ਮਾਰੀਆਂ ਅਤੇ ਜ਼ਮੀਨ ’ਤੇ ਸੁੱਟ ਕੇ ਫਰਾਰ ਹੋ ਗਏ। ਇਕ ਅਪਰਾਧੀ ਨੇ ਇੰਦਰਜੀਤ ਸਿੰਘ ਦੀ ਦਾੜ੍ਹੀ ਫੜਨ ਦੀ ਵੀ ਕੋਸ਼ਿਸ਼ ਕੀਤੀ। ਪੁਲਿਸ ਇਸ ਮਾਮਲੇ ਦੀ ਨਫ਼ਰਤੀ ਅਪਰਾਧ ਦੀ ਘਟਨਾ ਵਜੋਂ ਜਾਂਚ ਕਰ ਰਹੀ ਹੈ।
ਸਲੋ ਥਾਣੇ ਸਥਿਤ ਜਾਂਚ ਅਧਿਕਾਰੀ ਡਿਟੈਕਟਿਵ ਕਾਂਸਟੇਬਲ ਹੋਲੀ ਬੈਕਸਟਰ ਨੇ ਕਿਹਾ, ‘‘ਜਾਂਚ ਅਜੇ ਵੀ ਜਾਰੀ ਹੈ ਅਤੇ ਅਸੀਂ ਰੀਪੋਰਟ ਬਣਾਉਣ ਲਈ ਜਾਣਕਾਰੀ ਵਾਲੇ ਕਿਸੇ ਵੀ ਵਿਅਕਤੀ ਦੀ ਭਾਲ ਕਰ ਰਹੇ ਹਾਂ। ਅਸੀਂ ਨਫ਼ਰਤੀ ਅਪਰਾਧ ਦੀਆਂ ਸਾਰੀਆਂ ਰੀਪੋਰਟਾਂ ਨੂੰ ਗੰਭੀਰਤਾ ਨਾਲ ਲੈਂਦੇ ਹਾਂ ਕਿਉਂਕਿ ਅਸੀਂ ਜਾਣਦੇ ਹਾਂ ਕਿ ਉਨ੍ਹਾਂ ਦਾ ਵਿਅਕਤੀਗਤ ਪੀੜਤਾਂ ਅਤੇ ਨਿਸ਼ਾਨਾ ਬਣਾਏ ਗਏ ਭਾਈਚਾਰਿਆਂ ’ਤੇ ਬਹੁਤ ਬੁਰਾ ਅਸਰ ਪੈਂਦਾ ਹੈ।’’
ਇੰਦਰਜੀਤ ਸਿੰਘ ਦੀਆਂ ਤਿੰਨ ਪਸਲੀਆਂ ਟੁੱਟ ਗਈਆਂ ਸਨ ਅਤੇ ਹੱਥ ’ਤੇ ਸੋਜ ਅਤੇ ਕੱਟ ਲੱਗੇ ਸਨ। ਉਨ੍ਹਾਂ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ ਸੀ, ਪਰ ਉਸ ਤੋਂ ਬਾਅਦ ਉਸ ਨੂੰ ਛੁੱਟੀ ਦੇ ਦਿਤੀ ਗਈ ਹੈ। ਹਮਲੇ ਤੋਂ ਬਾਅਦ ਸਲੋ ਸਥਿਤ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਨੇ ਇਕ ਬਿਆਨ ਜਾਰੀ ਕਰ ਕੇ ਅਪੀਲ ਕੀਤੀ ਹੈ ਕਿ ਜਿਸ ਕਿਸੇ ਨੇ ਵੀ ਹਮਲੇ ਨੂੰ ਵੇਖਿਆ ਹੈ ਜਾਂ ਜਿਸ ਕੋਲ ਕੋਈ ਹੋਰ ਜਾਣਕਾਰੀ ਹੈ, ਉਹ ਪੁਲਿਸ ਨਾਲ ਸੰਪਰਕ ਕਰੇ।
ਸੋਸ਼ਲ ਮੀਡੀਆ ’ਤੇ ਪੋਸਟ ਕੀਤੇ ਗਏ ਇਕ ਸੰਦੇਸ਼ ਵਿਚ ਗੁਰਦੁਆਰੇ ਨੇ ਕਿਹਾ ਕਿ ਉਹ ਸਲੋ ਵਿਚ ਸਾਡੇ ਸਿੱਖ ਭਾਈਚਾਰੇ ’ਤੇ ਅਜਿਹੇ ਕਿਸੇ ਵੀ ਹਮਲੇ ਨੂੰ ਬਰਦਾਸ਼ਤ ਨਹੀਂ ਕਰੇਗਾ। ਬੈਕਸਟਰ ਨੇ ਕਿਹਾ, ‘‘ਅਸੀਂ ਗੁਰਦੁਆਰੇ ਦੇ ਨੁਮਾਇੰਦਿਆਂ ਨਾਲ ਮੁਲਾਕਾਤ ਕੀਤੀ ਹੈ ਅਤੇ ਇਲਾਕੇ ’ਚ ਗਸ਼ਤ ਵਧਾ ਦਿਤੀ ਹੈ। ਜੇਕਰ ਕਿਸੇ ਵੀ ਵਿਅਕਤੀ ਨੂੰ ਕੋਈ ਚਿੰਤਾ ਹੈ ਤਾਂ ਉਸ ਨੂੰ ਕਿਸੇ ਵਰਦੀਧਾਰੀ ਅਧਿਕਾਰੀ ਨਾਲ ਗੱਲ ਕਰਨੀ ਚਾਹੀਦੀ ਹੈ ਜਾਂ ਫੋਨ ਕਰ ਕੇ ਜਾਂ ਸਾਡੀ ਵੈੱਬਸਾਈਟ ਰਾਹੀਂ ਸਾਡੇ ਨਾਲ ਸੰਪਰਕ ਕਰਨਾ ਚਾਹੀਦਾ ਹੈ।’’
30 ਸਾਲਾਂ ਤੋਂ ਸਲੋ ’ਚ ਰਹਿ ਰਹੇ ਇੰਦਰਜੀਤ ਸਿੰਘ ਨੇ ਬੀ.ਬੀ.ਸੀ. ਨੂੰ ਇਸ ਘਟਨਾ ਬਾਰੇ ਦੱਸਦਿਆਂ ਕਿਹਾ, ‘‘ਘਟਨਾ ਦੇ ਸਮੇਂ ਮੇਰਾ ਫੋਨ ਅਤੇ ਜੇਬ ’ਚ 200 ਪੌਂਡ ਸਨ, ਜਿਸ ’ਚ ਕ੍ਰੈਡਿਟ ਕਾਰਡ, ਡੈਬਿਟ ਕਾਰਡ ਸਨ। ਉਨ੍ਹਾਂ ਨੇ ਮੇਰੇ ਤੋਂ ਕੁਝ ਨਹੀਂ ਲਿਆ, ਇਸ ਦਾ ਮਤਲਬ ਹੈ ਕਿ ਇਹ ਨਫ਼ਰਤੀ ਅਪਰਾਧ ਹੈ। ਜੇ ਉਹ ਪੈਸੇ ਦੇ ਪਿੱਛੇ ਹੁੰਦੇ ਤਾਂ ਉਹ ਪੈਸੇ ਲੈ ਸਕਦੇ ਸਨ ਪਰ ਉਨ੍ਹਾਂ ਨੇ ਕੁਝ ਨਹੀਂ ਲਿਆ।’’ਉਨ੍ਹਾਂ ਕਿਹਾ ਕਿ ਉਹ ਹੁਣ ਅਪਣੀ 80 ਸਾਲ ਦੀ ਮਾਂ ਨੂੰ ਲੈ ਕੇ ਵੀ ਚਿੰਤਤ ਹਨ। ਉਨ੍ਹਾਂ ਕਿਹਾ, ‘‘ਇਹ ਕਿਸੇ ਨਾਲ ਵੀ ਹੋ ਸਕਦਾ ਹੈ। ਹੁਣ ਘਰੋਂ ਬਾਹਰ ਜਾਣ ਤੋਂ ਪਹਿਲਾਂ ਮੈਂ ਦੋ ਵਾਰ ਸੋਚਦਾ ਹਾਂ।’’
(For more news apart from Sikh News, stay tuned to Rozana Spokesman)