
ਦਿੱਲੀ ਵਿਚ ਸ਼੍ਰੋਮਣੀ ਅਕਾਲੀ ਦਲ ਦੀ ਯੂਥ ਇਕਾਈ ਨੇ ਮਨਮੋਹਨ ਸਿੰਘ ਦੇ ਅਕਸ ਨੂੰ ਖਰਾਬ ਕਰਨ ਦਾ ਦੋਸ਼ ਲਗਾ ਕੇ ਫਿਲਮ ਦਾ ਵਿਰੋਧ ਜਤਾਇਆ।
ਨਵੀਂ ਦਿੱਲੀ : ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੇ ਕਾਰਜਕਾਲ 'ਤੇ ਆਧਾਰਤ ਫਿਲਮ 'ਦਿ ਐਕਸੀਡੈਂਟਲ ਪ੍ਰਾਈਮ ਮਨਿਸਟਰ' ਦੀ ਰਿਲੀਜ਼ ਤੋਂ ਬਾਅਦ ਕਈ ਰਾਜਾਂ ਵਿਚ ਹਿੰਸਕ ਪ੍ਰਦਰਸ਼ਨ ਹੋਇਆ। ਸਖ਼ਤ ਸੁਰੱਖਿਆ ਪ੍ਰਬੰਧਾਂ ਵਿਚਕਾਰ ਫਿਲਮ ਦੇ ਰਿਲੀਜ਼ ਹੋਣ ਤੋਂ ਬਾਅਦ ਵੀ ਦਿੱਲੀ, ਪੱਛਮ ਬੰਗਾਲ, ਪੰਜਾਬ ਅਤੇ ਛੱਤੀਸਗੜ੍ਹ ਵਿਚ ਕਾਂਗਰਸ ਕਰਮਚਾਰੀਆਂ ਨੇ ਤੋੜਫੋੜ ਅਤੇ ਹੰਗਾਮਾ ਕੀਤਾ। ਪੱਛਮ ਬੰਗਾਲ ਵਿਚ ਤਾਂ ਇਕ ਸਿਨੇਮਾ ਹਾਲ ਦੀ ਸਕ੍ਰੀਨ ਤੱਕ ਫਾੜ ਦਿਤੀ ਗਈ। ਦਿੱਲੀ ਵਿਚ ਸ਼੍ਰੋਮਣੀ ਅਕਾਲੀ ਦਲ ਦੀ ਯੂਥ ਇਕਾਈ ਨੇ ਮਨਮੋਹਨ ਸਿੰਘ ਦੇ ਅਕਸ ਨੂੰ ਖਰਾਬ ਕਰਨ ਦਾ ਦੋਸ਼ ਲਗਾ ਕੇ ਫਿਲਮ ਦਾ ਵਿਰੋਧ ਜਤਾਇਆ।
Congress workers protest against The Accidental Prime Minister
ਸ਼੍ਰੋਮਣੀ ਅਕਾਲੀ ਦਲ ਦੀ ਯੂਥ ਇਕਾਈ ਦੇ ਮੁਖੀ ਰਮਨਦੀਪ ਸਿੰਘ ਨੇ ਕਿਹਾ ਕਿ ਇਹ ਫਿਲਮ ਘੱਟ ਗਿਣਤੀਆਂ 'ਤੇ ਹਮਲਾ ਹੈ। ਇਸ ਨਾਲ ਘੱਟ ਗਿਣਤੀ ਭਾਈਚਾਰੇ ਦੇ ਦੇਸ਼ ਦੇ ਪਹਿਲੇ ਸਿੱਖ ਪ੍ਰਧਾਨ ਮੰਤਰੀ ਦਾ ਅਕਸ ਵਿਗਾੜਨ ਦੀ ਕੋਸ਼ਿਸ਼ ਕੀਤੀ ਗਈ ਹੈ। ਕੋਲਕੱਤਾ ਦੇ ਇਕ ਸਿਨੇਮਾ ਹਾਲ ਵਿਚ ਪ੍ਰਦਰਸ਼ਨ ਤੋਂ ਪਹਿਲਾਂ ਹੀ ਕਾਂਗਰਸ ਕਰਮਚਾਰੀਆਂ ਨੇ ਭਾਰੀ ਹੰਗਾਮਾ ਕੀਤਾ, ਜਿਸ ਕਾਰਨ ਫਿਲਮ ਪ੍ਰਦਰਸ਼ਤ ਨਹੀਂ ਕੀਤੀ ਜਾ ਸਕੀ। ਕਾਂਗਰਸ ਕਰਮਚਾਰੀਆਂ ਦੇ ਵਿਰੋਧ ਪ੍ਰਦਰਸ਼ਨ ਨੂੰ ਦੇਖਦੇ ਹੋਏ ਆਈਨੋਕਸ ਸਮੂਹ ਦੇ ਹਿੰਦ ਸਿਨੇਮਾ ਹਾਲ ਨੂੰ ਬੰਦ ਕਰ ਦਿਤਾ ਗਿਆ।
Protest In Kolkata
ਇਸ ਦੌਰਾਨ ਕਾਂਗਰਸ ਦੇ ਕਰਮਚਾਰੀਆਂ ਨੇ ਹਾਲ ਦੇ ਬਾਹਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਵੀ ਫੁਕਿਆ। ਪੁਲਿਸ ਵਾਲਿਆਂ ਦੀ ਸਖ਼ਤ ਮਸ਼ੱਕਤ ਤੋਂ ਬਾਅਦ ਕਰਮਚਾਰੀਆਂ ਨੂੰ ਉਥੋਂ ਹਟਾਇਆ ਗਿਆ। ਪੰਜਾਬ ਵਿਚ ਯੂਥ ਕਾਂਗਰਸ ਨੇ ਇਕ ਮਾਲ ਦਾ ਘੇਰਾਓ ਕੀਤਾ ਅਤੇ ਅਦਾਕਾਰ ਅਨੁਪਮ ਖੇਰ ਦਾ ਪੁਤਲਾ ਫੁਕਿਆ। ਲੁਧਿਆਣਾ ਵਿਚ ਕੁਝ ਕਾਂਗਰਸੀ ਕਰਮਚਾਰੀਆਂ ਨੇ ਇਕੱਠੇ ਹੋ ਕੇ ਕਾਂਗਰਸ ਭਵਨ ਤੋਂ ਲੈ ਕੇ ਜੇਐਮਡੀ ਮਾਲ ਤੱਕ ਪ੍ਰਦਰਸ਼ਨ ਕੀਤਾ। ਕੁਝ ਹੋਰ ਥਾਵਾਂ 'ਤੇ ਵੀ ਵਿਰੋਧ ਪ੍ਰਦਰਸ਼ਨ ਹੋਇਆ।
Protest Inside Cinema
ਛੱਤੀਸਗੜ੍ਹ ਵਿਚ ਕਾਂਗਰਸ ਦੇ ਸਟੇਟ ਹੈਡਕੁਆਟਰ 'ਤੇ ਐਨਐਸਯੂਆਈ ਨੇ ਫਿਲਮ ਦਾ ਵਿਰੋਧ ਕੀਤਾ। ਪੰਡਰੀ ਸਥਿਤ ਮਾਲ ਵਿਚ ਪਹਿਲਾ ਸ਼ੋਅ ਬੰਦ ਕਰਵਾ ਦਿਤਾ ਗਿਆ। ਇਸੇ ਦੌਰਾਨ ਮੁੱਖ ਮੰਤਰੀ ਭੁਪੇਸ਼ ਬਘੇਲ ਨੇ ਕਿਹਾ ਕਿ ਵਿਚਾਰਾਂ ਦੀ ਅਜ਼ਾਦੀ ਸਾਰਿਆਂ ਨੂੰ ਹੈ। ਇਸ ਤੋਂ ਬਾਅਦ ਐਨਐਸਯੂਆਈ ਨੇ ਵਿਰੋਧ ਦਾ ਫ਼ੈਸਲਾ ਵਾਪਸ ਲੈ ਲਿਆ। ਫਿਲਮ ਦੇ ਪ੍ਰਦਰਸ਼ਨ ਨੂੰ ਲੈ ਕੇ ਮੱਧ ਪ੍ਰਦੇਸ਼ ਵਿਚ ਵੀ ਵਿਰੋਧ ਜਤਾਇਆ ਗਿਆ ਹੈ।
The Accidental Prime Minister
ਜਬਲਪੁਰ ਵਿਖੇ ਇਕ ਮਲਟੀਪਲੈਕਸ ਦੇ ਬਾਹਰ ਯੂਥ ਕਾਂਗਰਸ ਦੇ ਕਰਮਚਾਰੀਆਂ ਨੇ ਫਿਲਮ ਦਾ ਵਿਰੋਧ ਕੀਤਾ। ਉਜੈਨ ਵਿਚ ਵਿਰੋਧ ਦੇ ਖ਼ਤਰੇ ਨੂੰ ਦੇਖਦੇ ਹੋਏ ਪੁਲਿਸ ਸੁਰੱਖਿਆ ਵਧਾਈ ਗਈ ਸੀ। ਇੰਦੌਰ ਵਿਚ ਭਾਜੁਮੋ ਦੇ ਕਈ ਕਰਮਚਾਰੀ ਬੈਂਡ ਬਾਜਿਆਂ ਦੇ ਨਾਲ ਫਿਲਮ ਦੇਖਣ ਪੁੱਜੇ ਪਰ ਮਲਟੀਪਲੈਕਸ ਵਿਚ ਉਹਨਾਂ ਦੇ ਦਾਖਲੇ ਨੂੰ ਲੈ ਕੇ ਉਹਨਾਂ ਦਾ ਪੁਲਿਸ ਨਾਲ ਵਿਵਾਦ ਵੀ ਹੋਇਆ। ਭੀੜ 'ਤੇ ਕਾਬੂ ਪਾਉਣ ਲਈ ਪੁਲਿਸ ਨੂੰ ਤਾਕਤ ਦੀ ਵਰਤੋਂ ਕਰਨੀ ਪਈ।