
ਤਖ਼ਤ ਸ਼੍ਰੀ ਪਟਨਾ ਸਾਹਿਬ ਤੋਂ ਰੂਹਾਨੀ ਕੀਰਤਨ ਅਤੇ ਨਾਲ ਲੱਗਦੀ ਸਾਂਡੀ ਕੰਧ ਦੀ ਮਸਜ਼ਿਦ ਤੋਂ ਆਜ਼ਾਨ ਦੀ ਆਵਾਜ਼ ਦਾ ਰਿਸ਼ਤਾ ਦੋ ਧਰਮਾਂ ਦੀ ਦੋਸਤੀ ਦੀ ਮਿਸਾਲ......
ਸ਼੍ਰੀ ਪਟਨਾ ਸਾਹਿਬ : ਤਖ਼ਤ ਸ਼੍ਰੀ ਪਟਨਾ ਸਾਹਿਬ ਤੋਂ ਰੂਹਾਨੀ ਕੀਰਤਨ ਅਤੇ ਨਾਲ ਲੱਗਦੀ ਸਾਂਡੀ ਕੰਧ ਦੀ ਮਸਜ਼ਿਦ ਤੋਂ ਆਜ਼ਾਨ ਦੀ ਆਵਾਜ਼ ਦਾ ਰਿਸ਼ਤਾ ਦੋ ਧਰਮਾਂ ਦੀ ਦੋਸਤੀ ਦੀ ਮਿਸਾਲ ਪੇਸ਼ ਕਰਦਾ ਹੈ। ਇਤਿਹਾਸ ਦੱਸਦਾ ਹੈ ਕਿ ਜਦੋਂ 1666 ਈਸਵੀ ਵਿਚ ਦਸਵੇਂ ਪਾਤਸ਼ਾਹਿ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਪਟਨਾ ਸਾਹਿਬ ਵਿਖੇ ਅਵਤਾਰ ਧਾਰਿਆ ਤਾਂ ਘੜਾਮ ਤੋਂ ਪੀਰ ਭੀਖਣ ਸ਼ਾਹ ਗੁਰੂ ਸਾਹਿਬ ਨੂੰ ਮਿਲਣ ਗਏ। ਮਸਜ਼ਿਦ ਵਿਚ ਬੈਠੇ ਇਸਮਾਈਲ ਸਾਹਿਬ ਦੱਸਦੇ ਹਨ ਕਿ ਜਦੋਂ ਪੀਰ ਭੀਖਣ ਸ਼ਾਹ ਇੱਥੇ ਗੁਰੂ ਜੀ ਨੂੰ ਮਿਲਣ ਆਏ ਤਾਂ ਉਹਨਾ ਜਿੱਥੇ ਪੀਰ ਖ਼ਜ਼ਾਵਰ ਸ਼ਾਹ ਕੋਲ ਰਹੇ।
ਇੱਥੇ ਦੱਸ ਦਈਏ ਕਿ ਤਖ਼ਤ ਸ਼੍ਰੀ ਪਟਨਾ ਸਾਹਿਬ ਦੇ ਨਾਲ ਪੀਰ ਖ਼ਜ਼ਾਵਰ ਸ਼ਾਹ ਦੀ ਦਰਗਾਹ ਹੈ ਅਤੇ ਨਾਲ ਹੀ ਉਹਨਾਂ ਦੇ ਨਾਂ ਦੀ ਹੀ ਮਸੀਤ ਹੈ। ਸਦੀਆਂ ਪਹਿਲਾਂ ਦੀਆਂ ਸਾਂਝਾਂ ਅੱਜ ਵੀ ਦੋਸਤੀ ਦੀ ਦਾਸਤਾਨ ਨੂੰ ਬਿਆਨ ਕਰਦੀਆਂ ਹਨ। ਇਸ ਮਸੀਤ ਨੂੰ ਹਾਜਾ ਅਮਰ ਦੀ ਮਸਜ਼ਿਦ ਵੀ ਕਿਹਾ ਜਾਂਦਾ ਹੈ। ਦੱਸਣਯੋਗ ਹੈ ਕਿ ਪਟਨਾ ਸਾਹਿਬ ਵਿਖੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ 352ਵਾਂ ਪ੍ਰਕਾਸ਼ ਪੁਰਬ ਬਹੁਤ ਹੀ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ। ਇੱਥੇ ਸੰਗਤਾਂ ਦਾ ਠਾਠਾਂ ਮਾਰਦਾ ਇਕੱਠ ਜੁੜਿਆ ਹੋਇਆ ਹੈ।
ਵੱਡੀ ਗਿਣਤੀ ਵਿਚ ਸੰਗਤਾਂ ਪਟਨਾ ਸਾਹਿਬ ਦੇ ਗੁਰਦੁਆਰੇ ਸਾਹਿਬ ਵਿਖੇ ਨਤਮਸਤਕ ਹੋਣ ਲਈ ਪੁੱਜ ਰਹੀਆਂ ਹਨ। ਸੰਗਤਾਂ ਲਈ ਠਹਿਰਣ ਦਾ ਖਾਸ ਪ੍ਰਬੰਧ ਕੀਤਾ ਗਿਆ ਹੈ।