
ਫਿਰੋਜ਼ਪੁਰ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੁਰੱਖਿਆ 'ਚ ਕੁਤਾਹੀ ਨੂੰ ਲੈ ਕੇ ਸਿਆਸੀ ਮਾਹੌਲ ਗਰਮ ਹੈ।
ਨਵੀਂ ਦਿੱਲੀ: ਫਿਰੋਜ਼ਪੁਰ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੁਰੱਖਿਆ 'ਚ ਕੁਤਾਹੀ ਨੂੰ ਲੈ ਕੇ ਸਿਆਸੀ ਮਾਹੌਲ ਗਰਮ ਹੈ। ਭਾਜਪਾ ਪੰਜਾਬ ਸਰਕਾਰ 'ਤੇ ਹਮਲਾਵਰ ਹੈ। ਹਰੇਕ ਦੇ ਮਨ ਵਿਚ ਕਈ ਸਵਾਲ ਹਨ, ਜਿਨ੍ਹਾਂ ਦੇ ਜਵਾਬ ਲਈ ਇਕ ਨਿੱਜੀ ਚੈਨਲ ਦੀ ਵਿਸ਼ੇਸ਼ ਜਾਂਚ ਟੀਮ ਨੇ ਫ਼ਿਰੋਜ਼ਪੁਰ ਦਾ ਰੁਖ਼ ਕੀਤਾ ਅਤੇ ਸੁਰੱਖਿਆ ਵਿਵਸਥਾ ਨਾਲ ਸਬੰਧਤ ਅਧਿਕਾਰੀਆਂ ਨਾਲ ਗੱਲਬਾਤ ਕੀਤੀ। ਗੱਲਬਾਤ ਦੌਰਾਨ ਖੁਫੀਆ ਵਿਭਾਗ ਦੇ ਅਧਿਕਾਰੀ ਸੁਖਦੇਵ ਸਿੰਘ ਨੇ ਨਿੱਜੀ ਚੈਨਲ ਨੂੰ ਦੱਸਿਆ ਕਿ ਸੰਵੇਦਨਸ਼ੀਲ ਇਲਾਕੇ 'ਚ ਪ੍ਰਧਾਨ ਮੰਤਰੀ ਦੀ ਰੈਲੀ ਤੋਂ ਪਹਿਲਾਂ ਉਨ੍ਹਾਂ ਨੇ ਆਪਣੇ ਉੱਚ ਅਧਿਕਾਰੀਆਂ ਨੂੰ ਸਮੇਂ ਸਿਰ ਜ਼ਮੀਨੀ ਹਕੀਕਤ ਦੱਸੀ ਸੀ। 2 ਜਨਵਰੀ ਨੂੰ ਉਨ੍ਹਾਂ ਸਪੱਸ਼ਟ ਕੀਤਾ ਸੀ ਕਿ ਕਿਸਾਨ ਜਥੇਬੰਦੀਆਂ ਪ੍ਰਧਾਨ ਮੰਤਰੀ ਦਾ ਵਿਰੋਧ ਕਰਨ ਲਈ ਸੜਕਾਂ 'ਤੇ ਉਤਰਨਗੀਆਂ। ਡੀਐਸਪੀ ਅਤੇ ਉਨ੍ਹਾਂ ਦੀ ਟੀਮ ਨੇ ਹਰ ਤਰ੍ਹਾਂ ਦੀ ਜਾਣਕਾਰੀ ਇਕੱਠੀ ਕੀਤੀ। ਉਨ੍ਹਾਂ ਹਰ ਦਿਨ ਦੀ ਰਿਪੋਰਟ ਉੱਚ ਅਧਿਕਾਰੀਆਂ ਨਾਲ ਸਾਂਝੀ ਕੀਤੀ। ਅਤੇ ਇਸ ਦੇ ਨਾਲ ਹੀ ਅਧਿਕਾਰੀਆਂ ਨੂੰ ਖ਼ਤਰੇ ਬਾਰੇ ਕਈ ਵਾਰ ਚੇਤਾਵਨੀ ਵੀ ਦਿੱਤੀ ਗਈ।
ਨਿੱਜੀ ਚੈਨਲ ਨਾਲ ਗੱਲਬਾਤ ਦੌਰਾਨ ਸੁਖਦੇਵ ਸਿੰਘ ਨੇ ਕਿਹਾ ਕਿ ਕਿਸਾਨਾਂ ਦਾ ਪਹਿਲਾਂ ਹੀ ਸੜਕ 'ਤੇ ਆਉਣ ਦਾ ਪ੍ਰੋਗਰਾਮ ਸੀ। ਐਸਐਸਪੀ ਯਾਨੀ ਪ੍ਰਧਾਨ ਮੰਤਰੀ ਦੇ ਵਿਸ਼ੇਸ਼ ਸੁਰੱਖਿਆ ਸਮੂਹ ਨੂੰ ਇਸ ਬਾਰੇ ਅਲਰਟ ਕੀਤਾ ਗਿਆ ਸੀ। ਜਦੋਂ ਕਿਸਾਨਾਂ ਨੇ ਬੈਰੀਕੇਡ ਨੂੰ ਪਾਰ ਕਰਕੇ ਧਰਨਾ ਸ਼ੁਰੂ ਕਰ ਦਿੱਤਾ ਤਾਂ ਜ਼ਿਲ੍ਹੇ ਦੇ ਐਸਐਸਪੀ ਨੂੰ ਵੀ ਸੂਚਿਤ ਕੀਤਾ ਗਿਆ। ਖੁਫੀਆ ਤੰਤਰ ਦਾ ਕੰਮ ਘਟਨਾ ਤੋਂ ਪਹਿਲਾਂ ਜਾਣਕਾਰੀ ਦੇਣਾ ਹੈ, ਇਹ ਸਭ ਸਾਡੀ ਟੀਮ ਨੇ ਕੀਤਾ।
5 ਜਨਵਰੀ ਨੂੰ ਵੀ ਖੁਫੀਆ ਟੀਮ ਨੇ ਆਪਣੇ ਮੁਖਬਰ ਪੂਰੇ ਇਲਾਕੇ ਵਿਚ ਫੈਲਾ ਦਿੱਤੇ ਸਨ, ਜੋ ਸਥਿਤੀ 'ਤੇ ਤਿੱਖੀ ਨਜ਼ਰ ਰੱਖ ਰਹੇ ਸਨ । ਐਸਪੀਜੀ ਦਸਤਾਵੇਜ਼ ਵਿਚ ਸਪੱਸ਼ਟ ਕੀਤਾ ਗਿਆ ਸੀ ਕਿ ਜੇਕਰ ਪ੍ਰਧਾਨ ਮੰਤਰੀ ਦੀ ਆਵਾਜਾਈ ਖ਼ਰਾਬ ਮੌਸਮ ਕਾਰਨ ਸੜਕ ਰਾਹੀਂ ਹੁੰਦੀ ਤਾਂ ਸੜਕ ਨੂੰ ਸੀਲ ਕਰਨਾ ਹੋਵੇਗਾ ਪਰ ਅਜਿਹਾ ਨਹੀਂ ਹੋਇਆ। ਨਿੱਜੀ ਚੈਨਲ ਨੇ ਜਦੋਂ ਕੁਲਗੜ੍ਹੀ ਦੇ ਐਸਐਚਓ ਬੀਰਬਲ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦਾ ਕਹਿਣਾ ਹੈ ਕਿ ਸੂਬਾ ਸਰਕਾਰ ਨੇ ਪ੍ਰਦਰਸ਼ਨਕਾਰੀਆਂ ਨੂੰ ਹਟਾਉਣ ਲਈ ਕੋਈ ਨਿਰਦੇਸ਼ ਨਹੀਂ ਦਿੱਤੇ। ਥਾਣਾ ਸਦਰ ਦੇ ਇੰਚਾਰਜ ਬੀਰਬਲ ਸਿੰਘ ਨੇ ਅੱਗੇ ਕਿਹਾ, “ਇਹ ਕਿਸਾਨ ਨਹੀਂ ਸਨ, ਇਹ ਸਾਰੇ ਕੱਟਖਪੰਥੀ ਹਨ। ਨਾਮ ਕਿਸਾਨਾਂ ਦਾ ਲਗਾ ਦਿੱਤਾ ਗਿਆ, ਕਿਸਾਨਾਂ ਦੇ ਨਾਂਅ ਉੱਤੇ ਕਿਸੇ ਨੂੰ ਵੀ ਇਕੱਠਾ ਕਰ ਲਿਆ ਜਾਂਦਾ ਹੈ”।
ਇਸ ਦੌਰਾਨ ਇਕ ਦੁਕਾਨਦਾਰ ਨੇ ਨਿੱਜੀ ਚੈਨਲ ਨੂੰ ਦੱਸਿਆ ਕਿ 5 ਜਨਵਰੀ ਨੂੰ ਉਹ ਵੀ ਉੱਥੇ ਮੌਜੂਦ ਸੀ ਅਤੇ ਉਸ ਦੀ ਫਲਾਈਓਵਰ ਦੇ ਹੇਠਾਂ ਦੁਕਾਨ ਹੈ, ਜੋ ਉਸ ਦੀ ਖੁੱਲ੍ਹੀ ਸੀ। ਉਸ ਦਾ ਕਹਿਣਾ ਹੈ ਕਿ ਪ੍ਰਦਰਸ਼ਨਕਾਰੀ ਸਾਰੇ ਬਾਹਰੀ ਸਨ, ਕੋਈ ਇਸ ਇਲਾਕੇ ਦਾ ਨਹੀਂ ਸੀ। ਨਿੱਜੀ ਚੈਨਲ ਦੀ ਜਾਂਚ ਟੀਮ ਨੇ 5 ਜਨਵਰੀ ਨੂੰ ਨਜ਼ਦੀਕੀ ਪਿੰਡ ਦੇ ਲੋਕਾਂ ਨਾਲ ਮੁਲਾਕਾਤ ਕੀਤੀ। ਉਨ੍ਹਾਂ ਕਿਹਾ, “ਪ੍ਰਦਰਸ਼ਨਕਾਰੀਆਂ ਵੱਲੋਂ ਸਥਾਨਕ ਲੋਕਾਂ ਨੂੰ ਨਾਕੇਬੰਦੀ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ ਗਈ ਸੀ। ਪ੍ਰਧਾਨ ਮੰਤਰੀ ਮੋਦੀ ਦੇ ਆਉਣ ਤੋਂ 10 ਮਿੰਟ ਪਹਿਲਾਂ ਉਨ੍ਹਾਂ ਨੇ ਸੜਕ ਜਾਮ ਕਰਨ ਲਈ ਕਿਸਾਨਾਂ ਦੀ ਮਦਦ ਮੰਗੀ। ਇੱਥੇ ਕਿਸਾਨ ਯੂਨੀਅਨਾਂ ਵੱਲੋਂ ਭੀੜ ਦਾ ਪ੍ਰਬੰਧ ਕੀਤਾ ਗਿਆ ਸੀ।”