
20 ਕਰੋੜ ਤੋਂ ਵੱਧ ਲੋਕਾਂ ਨੂੰ ਸ਼ਰਾਬ ਕਾਰਨ ਕੈਂਸਰ ਹੋਣ ਦਾ ਖ਼ਤਰਾ
ਨਵੀਂ ਦਿੱਲੀ: ਸ਼ਰਾਬ ਪੀਣ ਲਈ ਕੋਈ ਸੁਰੱਖਿਅਤ ਸੀਮਾ ਨਹੀਂ ਹੁੰਦੀ ਅਤੇ ਇਸ ਦਾ ਕਿਸੇ ਵੀ ਮਾਤਰਾ ਵਿਚ ਸੇਵਨ ਸਿਹਤ ਲਈ ਗੰਭੀਰ ਨੁਕਸਾਨਦਾਇਕ ਹੋ ਸਕਦਾ ਹੈ। ਵਿਸ਼ਵ ਸਿਹਤ ਸੰਗਠਨ (ਡਬਲਯੂ.ਐਚ.ਓ.) ਨੇ ‘ਲੈਂਸੇਟ’ ਜਰਨਲ ਵਿਚ ਪ੍ਰਕਾਸ਼ਤ ਇਕ ਬਿਆਨ ਵਿਚ ਇਹ ਜਾਣਕਾਰੀ ਸਾਹਮਣੇ ਆਈ ਹੈ। ਕੈਂਸਰ ’ਤੇ ਖੋਜ ਕਰਨ ਵਾਲੀ ਕੌਮਾਂਤਰੀ ਏਜੰਸੀ ਨੇ ਐਸਬੇਸਟਸ (ਫ਼ਾਈਬਰ ਖਣਿਜ) ਰੇਡੀਏਸ਼ਨ ਅਤੇ ਤਮਾਕੂ ਨਾਲ ਹੀ ਸ਼ਰਾਬ ਨੂੰ ਉਚ ਜੋਖਮ ਵਾਲੇ ਗਰੁਪ-1 ‘ਕਾਰਸੀਨੋਜਨ’ (ਕੈਂਸਰ ਕਾਰਕ) ਦੇ ਤੌਰ ’ਤੇ ਸ੍ਰੇਣੀਬੱਧ ਕੀਤਾ ਹੈ, ਜੋ ਦੁਨੀਆਂਭਰ ਵਿਚ ਕੈਂਸਰ ਦਾ ਕਾਰਨ ਬਣ ਰਹੇ ਹਨ।
ਏਜੰਸੀ ਨੇ ਪਹਿਲਾਂ ਦੇਖਿਆ ਸੀ ਕਿ ਸ਼ਰਾਬ ਦਾ ਸੇਵਨ ਘੱਟੋ-ਘੱਟ ਸੱਤ ਕਿਸਮਾਂ ਦੇ ਕੈਂਸਰ ਦਾ ਕਾਰਨ ਬਣਦੀ ਹੈ ਜਿਸ ਵਿਚ ਅੰਤੜੀਆਂ ਦਾ ਕੈਂਸਰ ਅਤੇ ਛਾਤੀ ਦਾ ਕੈਂਸਰ ਸੱਭ ਤੋਂ ਆਮ ਹੁੰਦਾ ਹੈ। ਸ਼ਰਾਬ ਜੈਵਿਕ ਵਿਧੀ ਦੁਆਰਾ ਕੈਂਸਰ ਦਾ ਕਾਰਨ ਬਣਦੀ ਹੈ ਕਿਉਂਕਿ ਮਿਸ਼ਰਣ ਸਰੀਰ ਵਿਚ ਟੁੱਟ ਜਾਂਦੇ ਹਨ ਜਿਸ ਦਾ ਮਤਲਬ ਹੈ ਕਿ ਅਲਕੋਹਲ ਵਾਲਾ ਕੋਈ ਵੀ ਡਰਿੰਕ, ਭਾਵੇਂ ਉਸ ਦੀ ਮਾਤਰਾ ਅਤੇ ਗੁਣਵੱਤਾ ਜਿਵੇਂ ਦੀ ਹੋਵੇ, ਕੈਂਸਰ ਦਾ ਖ਼ਤਰਾ ਪੈਦਾ ਕਰਦਾ ਹੈ।
ਡਬਲਯੂਐਚਓ ਦੇ ਬਿਆਨ ਅਨੁਸਾਰ, ਯੂਰਪੀਅਨ ਖੇਤਰ ਵਿਚ 2017 ਦੌਰਾਨ ਕੈਂਸਰ ਦੇ 23,000 ਨਵੇਂ ਕੇਸ ਸਾਹਮਣੇ ਆਏ, ਜਿਨ੍ਹਾਂ ਵਿਚੋਂ 50 ਫ਼ੀ ਸਦੀ ਦਾ ਕਾਰਨ ਹਲਕੀ ਤੋਂ ਦਰਮਿਆਨੀ ਮਾਤਰਾ ਵਿਚ ਸ਼ਰਾਬ ਪੀਣਾ ਸੀ। ਬਿਆਨ ਵਿਚ ਕਿਹਾ ਗਿਆ, “ਮੌਜੂਦਾ ਸਮੇਂ ਵਿਚ ਉਪਲਭਦ ਸਬੂਤ ਉਸ ਹੱਦ ਦਾ ਸੰਕੇਤ ਨਹੀਂ ਦੇ ਸਕਦੇ ਜਿਸ ’ਤੇ ਸ਼ਰਾਬ ਦੇ ਕੈਂਸਰ ਕਾਰਨ ਵਾਲੇ ਪ੍ਰਭਾਵ ਸ਼ੁਰੂ ਹੁੰਦੇ ਹਨ ਅਤੇ
ਸਰੀਰ ਵਿਚ ਨਜ਼ਰ ਆਉਣ ਲਗਦੇ ਹਨ।’’ ਡਬਲਯੂਐਚਓ ਦਾ ਕਹਿਣਾ ਹੈ ਕਿ ਇਹ ਸਾਬਤ ਕਰਨ ਲਈ ਕੋਈ ਅਧਿਐਨ ਨਹੀਂ ਜਿਸ ਨਾਲ ਪਤਾ ਲੱਗ ਸਕੇ ਕਿ ਸ਼ਰਾਬ ਦਾ ਅਸਰ ਦਿਲ ਦੀਆਂ ਬਿਮਾਰੀਆਂ ਅਤੇ ਟਾਈਪ-2 ਡਾਇਬਟੀਜ਼ ਦੇ ਮੁਕਾਬਲੇ ਕੈਂਸਰ ਲਈ ਵਧ ਜੋਖਮ ਭਰਿਆ ਹੁੰਦਾ ਹੈ, ਪਰ ਇਹ ਮੰਨਣ ਦੇ ਕਾਫ਼ੀ ਸਬੂਤ ਹਨ ਕਿ ਜ਼ਿਆਦਾ ਸ਼ਰਾਬ ਪੀਣ ਨਾਲ ਦਿਲ ਦੀਆਂ ਬਿਮਾਰੀਆਂ ਦਾ ਖ਼ਤਰਾ ਜ਼ਰੂਰ ਵਧ ਜਾਂਦਾ ਹੈ। ਖੋਜ ਵਿਚ ਇਹ ਵੀ ਵੇਖਿਆ ਗਿਆ ਕਿ ਯੂਰਪੀਅਨ ਖੇਤਰ ਵਿਚ ਸੱਭ ਤੋਂ ਵਧ ਸ਼ਰਾਬ ਦੀ ਖਪਤ ਹੁੰਦੀ ਹੈ ਅਤੇ 20 ਕਰੋੜ ਤੋਂ ਵੱਧ ਲੋਕਾਂ ਨੂੰ ਸ਼ਰਾਬ ਕਾਰਨ ਕੈਂਸਰ ਹੋਣ ਦਾ ਖ਼ਤਰਾ ਹੈ।