
23 ਰੇਲ ਗੱਡੀਆਂ ਦੀ ਆਵਾਜਾਈ ’ਤੇ ਪਿਆ ਅਸਰ, ਅਗਲੇ 3-4 ਦਿਨਾਂ ਤਕ ਧੁੰਦ ਜਾਰੀ ਰਹਿਣ ਦੀ ਭਵਿੱਖਬਾਣੀ
- ਅੰਮ੍ਰਿਤਸਰ ’ਚ ਜੰਮਣ ਬਿੰਦੂ ਨੇੜੇ ਪੁੱਜਣ ਲੱਗਾ ਤਾਪਮਾਨ
- ਦਿੱਲੀ ’ਚ ਹੁਣ ਤਕ ਦਾ ਸਭ ਤੋਂ ਠੰਢਾ ਦਿਨ ਦਰਜ, ਬਿਜਲੀ ਦੀ ਮੰਗ ਰੀਕਾਰਡ ਪੱਧਰ ’ਤੇ ਪੁੱਜੀ
ਨਵੀਂ ਦਿੱਲੀ: ਉੱਤਰੀ ਭਾਰਤ ’ਚ ਸ਼ੁਕਰਵਾਰ ਨੂੰ ਵੀ ਠੰਢ ਦਾ ਕਹਿਰ ਜਾਰੀ ਰਿਹਾ, ਹਾਲਾਂਕਿ ਦਿਨ ’ਚ ਅਸਮਾਨ ਸਾਫ਼ ਰਹਿਣ ਅਤੇ ਧੁੱਪ ਦੇ ਵਿਚਕਾਰ ਵੱਧ ਤੋਂ ਵੱਧ ਤਾਪਮਾਨ ’ਚ ਥੋੜ੍ਹਾ ਜਿਹਾ ਵਾਧਾ ਹੋਇਆ। ਉੱਤਰ ਭਾਰਤ ਦੇ ਕਈ ਹਿੱਸਿਆਂ ’ਚ 30-31 ਦਸੰਬਰ ਤੋਂ ਠੰਢੀਆਂ ਤੋਂ ਲੈ ਕੇ ਬਹੁਤ ਠੰਢੀਆਂ ਸਥਿਤਆਂ ਚਲ ਰਹੀਆਂ ਹਨ। ਸਵੇਰੇ ਭਾਰਤੀ-ਗੰਗਾ ਦੇ ਮੈਦਾਨੀ ਇਲਾਕਿਆਂ ’ਚ ਧੁੰਦ ਦੀ ਪਰਤ ਉੱਤਰ-ਪੂਰਬ ਤਕ ਫੈਲ ਗਈ, ਜਿਸ ਨਾਲ ਦ੍ਰਿਸ਼ਤਾ ਘੱਟ ਗਈ ਅਤੇ ਰੇਲ ਆਵਾਜਾਈ ਪ੍ਰਭਾਵਤ ਹੋਈ।
ਮੌਸਮ ਵਿਭਾਗ ਨੇ ਕਿਹਾ ਕਿ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ਦੇ ਨੇੜੇ ਦਿੱਲੀ ਦੀ ਪਾਲਮ ਆਬਜ਼ਰਵੇਟਰੀ ’ਚ ਦ੍ਰਿਸ਼ਤਾ ਦਾ ਪੱਧਰ ਸਿਫ਼ਰ ਹੋ ਗਿਆ। ਆਈ.ਐਮ.ਡੀ. ਦੇ ਇਕ ਅਧਿਕਾਰੀ ਨੇ ਦਸਿਆ ਕਿ ਸਫਦਰਜੰਗ ਹਵਾਈ ਅੱਡੇ ’ਤੇ 200 ਮੀਟਰ ਦੀ ਦੂਰੀ ਤਕ ਵੇਖਿਆ ਜਾ ਸਕਦਾ ਹੈ।
ਪੰਜਾਬ ਦੇ ਅੰਮ੍ਰਿਤਸਰ ਅਤੇ ਉੱਤਰ ਪ੍ਰਦੇਸ਼ ਦੇ ਲਖਨਊ ਅਤੇ ਵਾਰਾਣਸੀ ’ਚ ਦ੍ਰਿਸ਼ਤਾ ਦਾ ਪੱਧਰ 25 ਮੀਟਰ, ਚੰਡੀਗੜ੍ਹ, ਬਰੇਲੀ, ਬਿਹਾਰ ਦੇ ਪੂਰਨੀਆ ਅਤੇ ਅਸਾਮ ਦੇ ਤੇਜਪੁਰ ’ਚ 50 ਮੀਟਰ ਅਤੇ ਅੰਬਾਲਾ ਅਤੇ ਗੰਗਾਨਗਰ ’ਚ 200 ਮੀਟਰ ਤਕ ਡਿੱਗ ਗਿਆ। ਮੌਸਮ ਵਿਭਾਗ ਨੇ ਕਿਹਾ ਕਿ ਅਗਲੇ ਤਿੰਨ ਤੋਂ ਚਾਰ ਦਿਨਾਂ ’ਚ ਉੱਤਰ-ਪਛਮੀ ਭਾਰਤ ਦੇ ਕੁੱਝ ਹਿੱਸਿਆਂ ’ਚ ਸਵੇਰ ਦੇ ਸਮੇਂ ਸੰਘਣੀ ਤੋਂ ਬਹੁਤ ਸੰਘਣੀ ਧੁੰਦ ਪੈਣ ਦੀ ਸੰਭਾਵਨਾ ਹੈ।
ਭਾਰਤੀ ਰੇਲਵੇ ਦੇ ਇਕ ਬੁਲਾਰੇ ਨੇ ਦਸਿਆ ਕਿ ਧੁੰਦ ਕਾਰਨ ਦਿੱਲੀ ਪਹੁੰਚਣ ਵਾਲੀਆਂ 23 ਰੇਲ ਗੱਡੀਆਂ ਦੇ ਕਾਰਜਕ੍ਰਮ ’ਤੇ ਅਸਰ ਪਿਆ। ਸੈਟੇਲਾਈਟ ਤਸਵੀਰਾਂ ’ਚ ਪੰਜਾਬ, ਹਰਿਆਣਾ, ਦਿੱਲੀ, ਉੱਤਰ ਪ੍ਰਦੇਸ਼ ਅਤੇ ਬਿਹਾਰ ’ਚ ਧੁੰਦ ਜਾਂ ਹੇਠਲੇ ਪੱਧਰ ਦੇ ਬੱਦਲ ਵਿਖਾਈ ਦੇ ਰਹੇ ਹਨ, ਜੋ ਉੱਤਰ-ਪੂਰਬੀ ਭਾਰਤ ਤਕ ਫੈਲੇ ਹੋਏ ਹਨ।
ਉੱਤਰ ਭਾਰਤ ’ਚ ਇਕ ਹੋਰ ‘ਠੰਢਾ ਦਿਨ’ ਦਰਜ
ਭਾਰਤੀ ਮੌਸਮ ਵਿਭਾਗ (ਆਈ.ਐਮ.ਡੀ.) ਨੇ ਕਿਹਾ ਕਿ ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼, ਉਤਰਾਖੰਡ ਅਤੇ ਰਾਜਸਥਾਨ ’ਚ ਕਈ ਥਾਵਾਂ ’ਤੇ ‘ਠੰਢ’ ਤੋਂ ‘ਬਹੁਤ ਠੰਢ’ ਦੀ ਸਥਿਤੀ ਜਾਰੀ ਹੈ। ਵੱਧ ਤੋਂ ਵੱਧ ਤਾਪਮਾਨ 10-20 ਡਿਗਰੀ ਸੈਲਸੀਅਸ ਦੇ ਵਿਚਕਾਰ ਰਿਹਾ। ਮੌਸਮ ਵਿਭਾਗ ਅਨੁਸਾਰ ਪੰਜਾਬ ’ਚ ਅੰਮ੍ਰਿਤਸਰ ਸੱਭ ਤੋਂ ਠੰਡਾ ਸਥਾਨ ਰਿਹਾ, ਜਿੱਥੇ ਘੱਟੋ-ਘੱਟ ਤਾਪਮਾਨ 1.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਜਦਕਿ ਵੱਧ ਤੋਂ ਵੱਧ ਤਾਪਮਾਨ 9.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਆਮ ਨਾਲੋਂ ਲਗਭਗ ਨੌਂ ਡਿਗਰੀ ਘੱਟ ਹੈ।
ਠੰਢਾ ਦਿਨ ਉਦੋਂ ਹੁੰਦਾ ਹੈ ਜਦੋਂ ਘੱਟੋ-ਘੱਟ ਤਾਪਮਾਨ ਆਮ ਨਾਲੋਂ 10 ਡਿਗਰੀ ਸੈਲਸੀਅਸ ਘੱਟ ਜਾਂ ਬਰਾਬਰ ਹੁੰਦਾ ਹੈ ਅਤੇ ਵੱਧ ਤੋਂ ਵੱਧ ਤਾਪਮਾਨ ਆਮ ਨਾਲੋਂ ਘੱਟੋ-ਘੱਟ 4.5 ਡਿਗਰੀ ਸੈਲਸੀਅਸ ਘੱਟ ਹੁੰਦਾ ਹੈ। ਬਹੁਤ ਠੰਡਾ ਦਿਨ ਉਦੋਂ ਹੁੰਦਾ ਹੈ ਜਦੋਂ ਵੱਧ ਤੋਂ ਵੱਧ ਤਾਪਮਾਨ ਆਮ ਨਾਲੋਂ 6.5 ਡਿਗਰੀ ਸੈਲਸੀਅਸ ਜਾਂ ਇਸ ਤੋਂ ਜ਼ਿਆਦਾ ਹੇਠਾਂ ਹੁੰਦਾ ਹੈ।
ਦਿੱਲੀ ਦੇ ਪ੍ਰਾਇਮਰੀ ਮੌਸਮ ਕੇਂਦਰ ਸਫਦਰਜੰਗ ਆਬਜ਼ਰਵੇਟਰੀ ’ਚ ਘੱਟੋ-ਘੱਟ ਤਾਪਮਾਨ 3.9 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਇਸ ਸੀਜ਼ਨ ’ਚ ਹੁਣ ਤਕ ਦਾ ਸੱਭ ਤੋਂ ਘੱਟ ਤਾਪਮਾਨ ਹੈ। ਰਾਜਧਾਨੀ ’ਚ ਵੱਧ ਤੋਂ ਵੱਧ ਤਾਪਮਾਨ 19.3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਦਿੱਲੀ ’ਚ ਕੜਾਦੇ ਦੀ ਠੰਢ ਨਾਲ ਬਿਜਲੀ ਦੀ ਮੰਗ ਹੁਣ ਤਕ ਰੀਕਾਰਡ ਪੱਧਰ ’ਤੇ ਪਹੁੰਚ ਗਈ ਹੈ। ਸਵੇਰੇ 10:49 ਵਜੇ ਬਿਜਲੀ ਦੀ ਵੱਧ ਤੋਂ ਵੱਧ ਮੰਗ 5701 ਮੈਗਾਵਾਟ ਰਹੀ। ਬਿਜਲੀ ਵੰਡ ਕੰਪਨੀਆਂ ਨੇ ਇਸ ਸਰਦੀ ’ਚ ਬਿਜਲੀ ਦੀ ਮੰਗ 5760 ਮੈਗਾਵਾਟ ਤਕ ਪਹੁੰਚਣ ਦੀ ਸੰਭਾਵਨਾ ਪ੍ਰਗਟਾਈ ਹੈ।
ਹਰਿਆਣਾ ਦੇ ਅੰਬਾਲਾ ’ਚ ਤਾਪਮਾਨ 11 ਡਿਗਰੀ ਸੈਲਸੀਅਸ ਤੋਂ ਵੱਧ ਨਹੀਂ ਸਕਿਆ, ਜੋ ਆਮ ਨਾਲੋਂ 7 ਡਿਗਰੀ ਘੱਟ ਹੈ, ਜਦਕਿ ਪੰਜਾਬ ਦੇ ਲੁਧਿਆਣਾ ਅਤੇ ਪਟਿਆਲਾ ’ਚ ਤਾਪਮਾਨ ਕ੍ਰਮਵਾਰ 11.4 ਡਿਗਰੀ ਸੈਲਸੀਅਸ ਅਤੇ 12.1 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਆਮ ਨਾਲੋਂ ਲਗਭਗ 6 ਡਿਗਰੀ ਘੱਟ ਹੈ।
ਸਵੇਰੇ ਦੋਹਾਂ ਸੂਬਿਆਂ ਦੇ ਕਈ ਹਿੱਸਿਆਂ ’ਚ ਸੰਘਣੀ ਧੁੰਦ ਵੀ ਛਾ ਗਈ। ਬਠਿੰਡਾ ’ਚ ਘੱਟ ਤੋਂ ਘੱਟ ਤਾਪਮਾਨ 2 ਡਿਗਰੀ ਸੈਲਸੀਅਸ, ਫਰੀਦਕੋਟ ’ਚ 2.8 ਡਿਗਰੀ ਸੈਲਸੀਅਸ, ਗੁਰਦਾਸਪੁਰ ’ਚ 3 ਡਿਗਰੀ ਸੈਲਸੀਅਸ, ਲੁਧਿਆਣਾ ’ਚ 4.6 ਡਿਗਰੀ ਸੈਲਸੀਅਸ, ਪਟਿਆਲਾ ’ਚ 4.4 ਡਿਗਰੀ ਸੈਲਸੀਅਸ ਅਤੇ ਪਠਾਨਕੋਟ ’ਚ 5.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।
ਹਰਿਆਣਾ ਦੇ ਨਾਰਨੌਲ ’ਚ ਘੱਟੋ-ਘੱਟ ਤਾਪਮਾਨ 2.2 ਡਿਗਰੀ ਸੈਲਸੀਅਸ, ਹਿਸਾਰ ’ਚ 2.6 ਡਿਗਰੀ ਸੈਲਸੀਅਸ, ਝੱਜਰ ’ਚ 3.1 ਡਿਗਰੀ ਸੈਲਸੀਅਸ ਅਤੇ ਫਤਿਹਾਬਾਦ ’ਚ 3.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਕਰਨਾਲ ’ਚ ਘੱਟੋ-ਘੱਟ ਤਾਪਮਾਨ 4 ਡਿਗਰੀ ਸੈਲਸੀਅਸ, ਭਿਵਾਨੀ ’ਚ 4.1 ਡਿਗਰੀ ਸੈਲਸੀਅਸ, ਰੋਹਤਕ ’ਚ 4.2 ਡਿਗਰੀ ਸੈਲਸੀਅਸ, ਸਿਰਸਾ ’ਚ 5 ਡਿਗਰੀ ਸੈਲਸੀਅਸ ਅਤੇ ਅੰਬਾਲਾ ’ਚ 5.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਦੋਹਾਂ ਸੂਬਿਆਂ ਦੀ ਸਾਂਝੀ ਰਾਜਧਾਨੀ ਚੰਡੀਗੜ੍ਹ ’ਚ ਘੱਟੋ-ਘੱਟ ਤਾਪਮਾਨ 5.3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।
ਰਾਜਸਥਾਨ ਦੇ ਗੰਗਾਨਗਰ ’ਚ ਵੱਧ ਤੋਂ ਵੱਧ ਤਾਪਮਾਨ 12.7 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਇਸ ਮੌਸਮ ’ਚ ਆਮ ਨਾਲੋਂ 7 ਡਿਗਰੀ ਘੱਟ ਹੈ। ਉੱਤਰ ਪ੍ਰਦੇਸ਼ ਦੇ ਬਰੇਲੀ ’ਚ ਵੱਧ ਤੋਂ ਵੱਧ ਤਾਪਮਾਨ 12.7 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਆਮ ਨਾਲੋਂ ਲਗਭਗ 6 ਡਿਗਰੀ ਘੱਟ ਹੈ।
ਜੰਮੂ-ਕਸ਼ਮੀਰ ’ਚ ਹਲਕੀ ਬਰਫਬਾਰੀ ਦੀ ਭਵਿੱਖਬਾਣੀ
ਸ਼੍ਰੀਨਗਰ: ਜੰਮੂ-ਕਸ਼ਮੀਰ ’ਚ ਸ਼ੁਕਰਵਾਰ ਨੂੰ ਪਛਮੀ ਗੜਬੜੀ ਹੋਣ ਦੀ ਸੰਭਾਵਨਾ ਹੈ ਅਤੇ ਉੱਚੇ ਇਲਾਕਿਆਂ ’ਚ ਵੱਖ-ਵੱਖ ਥਾਵਾਂ ’ਤੇ ਹਲਕੀ ਬਰਫਬਾਰੀ ਹੋਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਨੇ ਇਹ ਜਾਣਕਾਰੀ ਦਿਤੀ। ਅਸਮਾਨ ’ਚ ਬੱਦਲ ਛਾਏ ਰਹਿਣ ਕਾਰਨ ਕਸ਼ਮੀਰ ’ਚ ਘੱਟੋ-ਘੱਟ ਤਾਪਮਾਨ ’ਚ ਮਾਮੂਲੀ ਵਾਧਾ ਹੋਇਆ ਹੈ। ਕਮਜ਼ੋਰ ਪਛਮੀ ਗੜਬੜੀ ਦੇ ਸ਼ੁਕਰਵਾਰ ਅਤੇ 17 ਜਨਵਰੀ ਦੀ ਸ਼ਾਮ ਨੂੰ ਜੰਮੂ-ਕਸ਼ਮੀਰ ਨੂੰ ਪ੍ਰਭਾਵਤ ਕਰਨ ਦੀ ਸੰਭਾਵਨਾ ਹੈ। ਆਈਐਮਡੀ ਨੇ ਕਿਹਾ ਕਿ ਇਨ੍ਹਾਂ ਪਛਮੀ ਗੜਬੜੀਆਂ ਦੇ ਪ੍ਰਭਾਵ ਹੇਠ, ਅਸਮਾਨ ’ਚ ਆਮ ਤੌਰ ’ਤੇ ਬੱਦਲ ਛਾਏ ਰਹਿਣਗੇ ਅਤੇ ਉੱਚੇ ਇਲਾਕਿਆਂ ’ਚ ਵੱਖ-ਵੱਖ ਥਾਵਾਂ ’ਤੇ ਹਲਕੀ ਬਰਫਬਾਰੀ ਹੋਣ ਦੀ ਸੰਭਾਵਨਾ ਹੈ। ਕਸ਼ਮੀਰ ’ਚ ਰਾਤ ਨੂੰ ਠੰਢ ਦੇ ਨਾਲ ਖੁਸ਼ਕ ਸਰਦੀ ਦੀ ਸਥਿਤੀ ਬਣੀ ਰਹੀ, ਹਾਲਾਂਕਿ ਦਿਨ ਮੁਕਾਬਲਤਨ ਗਰਮ ਹੁੰਦੇ ਹਨ। ਘਾਟੀ ’ਚ ਰਾਤ ਦਾ ਤਾਪਮਾਨ ਜੰਮਣ ਬਿੰਦੂ ਤੋਂ ਹੇਠਾਂ ਰਿਹਾ।
ਸ੍ਰੀਨਗਰ ’ਚ ਵੀਰਵਾਰ ਰਾਤ ਨੂੰ ਘੱਟੋ ਘੱਟ ਤਾਪਮਾਨ ਮਾਈਨਸ 4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇਹ ਤਾਪਮਾਨ ਬੀਤੀ ਰਾਤ ਨਾਲੋਂ ਇਕ ਡਿਗਰੀ ਜ਼ਿਆਦਾ ਹੈ। ਕਾਜ਼ੀਗੁੰਡ ’ਚ ਘੱਟੋ ਘੱਟ ਤਾਪਮਾਨ ਮਾਈਨਸ 4.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਗੁਲਮਰਗ ਦੇ ਸਕੀ ਰਿਜ਼ਾਰਟ ’ਚ ਘੱਟੋ ਘੱਟ ਤਾਪਮਾਨ ਮਾਈਨਸ 3.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਦਖਣੀ ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਦੇ ਪਹਿਲਗਾਮ ’ਚ ਘੱਟੋ-ਘੱਟ ਤਾਪਮਾਨ ਮਾਈਨਸ 5.3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਕੋਕਰਨਾਗ ’ਚ ਘੱਟੋ-ਘੱਟ ਤਾਪਮਾਨ ਮਾਈਨਸ 2.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜਦਕਿ ਕੁਪਵਾੜਾ ’ਚ ਤਾਪਮਾਨ ਮਾਈਨਸ 4.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਕਸ਼ਮੀਰ ਇਸ ਸਮੇਂ ਚਿੱਲਾ-ਏ-ਕਲਾਂ ਦੀ ਲਪੇਟ ’ਚ ਹੈ ਜੋ 40 ਦਿਨਾਂ ਦੀ ਸਖਤ ਸਰਦੀ ਦਾ ਦੌਰ ਹੈ।
ਇਸ ਸਮੇਂ ਦੌਰਾਨ, ਖੇਤਰ ’ਚ ਸ਼ੀਤ ਲਹਿਰ ਚਲਦੀ ਹੈ ਅਤੇ ਤਾਪਮਾਨ ਕਾਫ਼ੀ ਘੱਟ ਜਾਂਦਾ ਹੈ, ਜਿਸ ਕਾਰਨ ਜਲ ਸਰੋਤਾਂ ਦੇ ਨਾਲ-ਨਾਲ ਪਾਈਪਾਂ ’ਚ ਵੀ ਪਾਣੀ ਜੰਮ ਜਾਂਦਾ ਹੈ। ਇਸ ਦੌਰਾਨ ਬਰਫਬਾਰੀ ਦੀ ਸੰਭਾਵਨਾ ਜ਼ਿਆਦਾ ਹੁੰਦੀ ਹੈ ਅਤੇ ਜ਼ਿਆਦਾਤਰ ਇਲਾਕਿਆਂ ਖਾਸ ਕਰ ਕੇ ਉਚਾਈ ਵਾਲੇ ਇਲਾਕਿਆਂ ’ਚ ਕਾਫੀ ਬਰਫਬਾਰੀ ਹੁੰਦੀ ਹੈ। ਚਿੱਲਾ-ਏ-ਕਲਾਂ 31 ਜਨਵਰੀ ਨੂੰ ਸਮਾਪਤ ਹੋਵੇਗਾ। ਹਾਲਾਂਕਿ, ਉਸ ਤੋਂ ਬਾਅਦ 20 ਦਿਨਾਂ ਦੇ ਚਿੱਲਾ-ਏ-ਖੁਰਦ ਅਤੇ 10 ਦਿਨਾਂ ਦੇ ਚਿੱਲਾ-ਏ-ਬਾਕ ਦੇ ਨਾਲ ਠੰਡ ਦੀ ਸਥਿਤੀ ਬਣੀ ਰਹੇਗੀ।