
ਚੀਨ ਨਾਲ ਸਮਝੌਤੇ ਨੂੰ ਲੈ ਕੇ ਕੇਂਦਰ ਸਰਕਾਰ ‘ਤੇ ਬਰਸੇ ਰਾਹੁਲ ਗਾਂਧੀ
ਨਵੀਂ ਦਿੱਲੀ: ਬੀਤੇ ਦਿਨ ਰਾਜ ਸਭਾ ਵਿਚ ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਚੀਨ ਪੂਰਬੀ ਲੱਦਾਖ ਦੀ ਤਾਜ਼ਾ ਸਥਿਤੀ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੈਂਗੌਂਗ ਝੀਲ ਤੋਂ ਫੌਜ ਵਾਪਸ ਹਟਾਉਣ ‘ਤੇ ਦੋਵਾਂ ਦੇਸ਼ਾਂ ਵਿਚਾਲੇ ਸਮਝੌਤਾ ਹੋਇਆ ਹੈ। ਰੱਖਿਆ ਮੰਤਰੀ ਦੇ ਇਸ ਬਿਆਨ ਤੋਂ ਬਾਅਦ ਵਿਰੋਧੀ ਧਿਰ ਕਾਂਗਰਸ ਲਗਾਤਾਰ ਸਰਕਾਰ ‘ਤੇ ਹਮਲਾ ਬੋਲ ਰਹੀ ਹੈ।
PM Modi - Rahul Gandhi
ਇਸ ਦੌਰਾਨ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਮੀਡੀਆ ਨਾਲ ਗੱਲ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਿੰਦੁਸਤਾਨ ਦੀ ਜ਼ਮੀਨ ਚੀਨ ਨੂੰ ਦਿੱਤੀ ਹੈ, ਇਹੀ ਸੱਚਾਈ ਹੈ। ਉਹਨਾਂ ਨੇ ਕਿਹਾ ਕਿ ਮੋਦੀ ਜੀ ਇਸ ਦਾ ਜਵਾਬ ਦੇਣ। ਮੋਦੀ ਜੀ ਨੇ ਚੀਨ ਸਾਹਮਣੇ ਸਿਰ ਝੁਕਾ ਦਿੱਤਾ ਹੈ। ਜੋ ਰਣਨੀਤਕ ਖੇਤਰ ਹੈ, ਜਿੱਥੇ ਚੀਨ ਆ ਕੇ ਬੈਠਿਆ ਹੈ, ਉਸ ਬਾਰੇ ਰੱਖਿਆ ਮੰਤਰੀ ਨੇ ਇਕ ਸ਼ਬਦ ਨਹੀਂ ਬੋਲਿਆ।
Rajnath Singh
ਸਾਬਕਾ ਕਾਂਗਰਸ ਪ੍ਰਧਾਨ ਨੇ ਸਵਾਲ ਕੀਤਾ ਕਿ ਪੀਐਮ ਮੋਦੀ ਨੇ ਭਾਰਤੀ ਖੇਤਰ ਨੂੰ ਚੀਨ ਨੂੰ ਕਿਉਂ ਦਿੱਤਾ? ਉਹਨਾਂ ਕਿਹਾ ਇਸ ਦਾ ਜਵਾਬ ਪੀਐਮ ਅਤੇ ਰੱਖਿਆ ਮੰਤਰੀ ਨੂੰ ਦੇਣਾ ਚਾਹੀਦਾ ਹੈ। ਕਿਉਂ ਫੌਜ ਨੂੰ ਕੈਲਾਸ਼ ਰੇਂਜ ਤੋਂ ਪਿੱਛੇ ਹਟਾਉਣ ਲਈ ਕਿਹਾ ਗਿਆ? ਸਾਡੀ ਜ਼ਮੀਨ ਫਿੰਗਰ 4 ਤੱਕ ਹੈ। ਮੋਦੀ ਨੇ ਫਿੰਗਰ 3 ਤੋਂ ਫਿੰਗਰ 4 ਤੱਕ ਦੀ ਜ਼ਮੀਨ ਚੀਨ ਨੂੰ ਕਿਉਂ ਦਿੱਤੀ।
Rahul Gandhi
ਰਾਹੁਲ ਗਾਂਧੀ ਨੇ ਕਿਹਾ ਪ੍ਰਧਾਨ ਮੰਤਰੀ ‘ਡਰਪੋਕ’ ਹਨ, ਜੋ ਚੀਨ ਖਿਲਾਫ਼ ਖੜ੍ਹੇ ਨਹੀਂ ਹੋ ਸਕਦੇ। ਉਹ ਸਾਡੀ ਫੌਜ ਦੇ ਜਵਾਨਾਂ ਦੀ ਕੁਰਬਾਨੀ ‘ਤੇ ਥੁੱਕ ਰਹੇ ਹਨ। ਉਹ ਫੌਜ ਦੀ ਕੁਰਬਾਨੀ ਨੂੰ ਧੋਖਾ ਦੇ ਰਹੇ ਹਨ। ਭਾਰਤ ਵਿਚ ਕਿਸੇ ਨੂੰ ਵੀ ਅਜਿਹਾ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਣੀ ਚਾਹੀਦੀ ਹੈ, ਪ੍ਰਧਾਨ ਮੰਤਰੀ ਇਸ ‘ਤੇ ਕਿਉਂ ਨਹੀਂ ਬੋਲ ਰਹੇ।
PM Modi
ਇਸ ਤੋਂ ਪਹਿਲਾਂ ਬੀਤੇ ਦਿਨ ਰਾਹੁਲ ਗਾਂਧੀ ਨੇ ਸਰਕਾਰ ਨੂੰ ਸਵਾਲ ਕੀਤਾ ਕਿ ਭਾਰਤ ਸਰਕਾਰ ਸਾਡੇ ਬਹਾਦਰ ਜਵਾਨਾਂ ਦੀ ਕੁਰਬਾਨੀ ਦਾ ਅਪਮਾਨ ਕਿਉਂ ਕਰ ਰਹੀ ਹੈ ਅਤੇ ਸਾਡੀ ਜ਼ਮੀਨ ਕਿਉਂ ਜਾਣ ਦੇ ਰਹੀ ਹੈ?’