
ਭਾਰਤ ਵਿਚ ਪੁਰਾਣੇ ਸਮੇਂ ਤੋਂ ਹੀ ਖੇਤੀ ਕਰਨੀ ਲੋਕਾਂ ਦਾ ਮੁੱਖ ਧੰਦਾ ਹੈ...
ਨਵੀਂ ਦਿੱਲੀ (ਸੁਰਖ਼ਾਬ ਚੰਨ): ਭਾਰਤ ਵਿਚ ਪੁਰਾਣੇ ਸਮੇਂ ਤੋਂ ਹੀ ਖੇਤੀ ਕਰਨੀ ਲੋਕਾਂ ਦਾ ਮੁੱਖ ਧੰਦਾ ਹੈ। ਹਜ਼ਾਰਾਂ ਸਾਲਾਂ ਤੋਂ ਭਾਰਤ ਦੇ ਪੰਜਾਬ ਖਿੱਤੇ ਦੇ ਕਿਸਾਨ ਕਿਸਾਨੀ ਨਾਲ ਜੁੜੇ ਹੋਏ ਹਨ। ਯੁੱਗ ਬਦਲਦੇ ਗਏ, ਰਾਜ ਤੇ ਰਾਜੇ ਬਦਲਦੇ ਰਹੇ, ਪਰ ਇਹ ਕਿਸਾਨ ਧਰਤੀ ਮਾਂ ਦੀ ਹਿੱਕ ਫਰੋਲ ਪੋਲੀ ਕਰਦੇ, ਬੀਜ ਪਾਉਂਦੇ, ਫ਼ਸਲਾਂ ਉਗਾਉਂਦੇ, ਪਾਲਦੇ ਤੇ ਪੱਕੀਆਂ ਫ਼ਸਲਾਂ ਵੱਢ ਆਪਣਾ, ਆਪਣੇ ਟੱਬਰ ਦਾ ਤੇ ਹੋਰਾਂ ਦਾ ਢਿੱਡ ਭਰਦੇ ਅੰਨਦਾਤਾ ਅਖਵਾਏ ਜਾਂਦੇ ਰਹੇ।
ਸਮੇਂ ਨਾਲ ਖੇਤੀ ਦੇ ਤਰੀਕਿਆਂ ਵਿਚ ਸੁਧਾਰ ਹੁੰਦਾ ਰਿਹਾ, ਜਿਵੇਂ ਪਹਿਲਾਂ ਖੇਤੀ ਪੁਰਾਣੇ ਸੰਦਾ, ਬਲਦਾਂ, ਦੇਸੀ ਖੂਹਾਂ ਨਾਲ ਕੀਤੀ ਜਾਂਦੀ ਸੀ ਪਰ ਸਮੇਂ-ਸਮੇਂ ਦੇ ਬਦਲਾਅ ਦੌਰਾਨ ਖੇਤੀ ਕਰਨ ਲਈ ਮਸ਼ਨੀਕਰਨ ਦਾ ਯੁੱਗ ਆਇਆ ਜਿਵੇ, ਟਰੈਕਟਰ, ਬਿਜਲੀ ਦੀਆਂ ਮੋਟਰਾਂ, ਰੂਟਾਵੇਟਰ, ਕੰਬਾਇਨਾਂ ਆਦਿ ਇਸਤੋਂ ਬਾਅਦ ਖੇਤੀ ਕਰਨ ਵਿਚ ਵੀ ਬਦਲਾਅ ਆਉਂਦੇ ਰਹੇ। ਇਸ ਦੌਰਾਨ ਸਪੋਕਸਮੈਨ ਟੀਵੀ ਦੇ ਸੀਨੀਅਰ ਪੱਤਰਕਾਰ ਸੁਰਖਾਬ ਚੰਨ ਵੱਲੋਂ ਪੁਰਾਣੇ ਸਮੇਂ ਨਾਲ ਸੰਬੰਧਤ ਬਜ਼ੁਰਗਾਂ ਨਾਲ ਪੁਰਾਣੇ ਸਮੇਂ ਦੀ ਖੇਤੀ ਬਾਰੇ ਗੱਲਬਾਤ ਕੀਤੀ ਗਈ।
Kissan
ਕਿਸਾਨਾਂ ਨੇ ਕਿਹਾ ਕਿ ਖੇਤੀ ਵਿਚ ਹੁਣ ਤੱਕ ਅਸੀਂ ਬਹੁਤ ਵੱਡੇ ਬਦਲਾਅ ਦੇਖੇ, ਜਦੋਂ ਬਜ਼ੁਰਗ ਬਲਦਾਂ ਨਾਲ ਖੇਤੀ ਕਰਦੇ ਹੁੰਦੇ ਸੀ, ਸਵੇਰੇ ਤੜਕੇ ਉੱਠਕੇ ਹਲ ਜੋੜਨਾ ਤਾਂ ਉਨ੍ਹਾਂ ਦੇ ਲਈ ਹਾਜ਼ਰੀ ਦੀ ਰੋਟੀ ਸਾਡੀਆਂ ਮਾਵਾਂ ਖੇਤ ਵਿਚ ਲੈ ਕੇ ਜਾਂਦੀਆਂ ਹੁੰਦੀਆਂ ਸੀ ਪਰ ਉਸ ਸਮੇਂ ਦੇ ਜਿਹੜੇ ਕਿਸਾਨ ਤੇ ਲੋਕ ਸਨ ਉਨ੍ਹਾਂ ਵਿਚ ਸਕੂਨ ਅਤੇ ਸ਼ਾਂਤੀ ਬਹੁਤ ਸੀ। ਉਨ੍ਹਾਂ ਕਿਹਾ ਕਿ ਹੁਣ ਦੀ ਤੇਜ਼ੀ ਅਤੇ ਮਸ਼ੀਨੀਕਰਨ ਦਾ ਯੁੱਗ ਹੈ, ਦੇਸ਼ ਨੂੰ ਭਾਵੇਂ ਅਨਾਜ ਦੀ ਲੋੜ ਸੀ ਅਤੇ ਸਰਕਾਰਾਂ ਨੇ ਸਾਨੂੰ ਮਸ਼ੀਨਰੀ ਲੈਣ ਲਈ ਲੋਨ, ਕਰਜੇ ਦਿੱਤੇ, ਅਸੀਂ ਦੇਸ਼ ਦਾ ਤਾਂ ਢਿੱਡ ਭਰ ਦਿੱਤਾ ਪਰ ਜਿਹੜੀ ਸਾਡੀ ਭਾਈਚਾਰਕ ਸਾਂਝ ਸੀ, ਰਿਸ਼ਤੇਦਾਰੀ ਸਾਂਝ ਸੀ ਉਸਨੂੰ ਮਸ਼ੀਨੀਕਰਨ ਨੇ ਖਤਮ ਕਰ ਦਿੱਤਾ ਹੈ।
Kissan
ਉਨ੍ਹਾਂ ਕਿਹਾ ਕਿ ਅਸੀਂ ਪੁਰਾਣੇ ਸਮੇਂ ਵਿਚ ਆਪਣੇ ਹੱਥਾਂ ਨਾਲ ਖੇਤੀ ਕਰਕੇ ਜਿੰਨਾ ਵੀ ਕਮਾਉਂਦੇ ਸੀ ਅਸੀਂ ਉਸ ਵਿਚ ਹੀ ਬਹੁਤ ਖੁਸ਼ ਸੀ। ਉਨ੍ਹਾਂ ਕਿਹਾ ਕਿ ਪੰਜਾਬ ਕਿਸਾਨ ਅੱਜ ਵੀ ਕਰਜੇ ਵਿਚ ਡੁੱਬਿਆ ਹੋਇਆ ਹੈ ਕਿਉਂਕਿ ਫਸਲ ਬਾਅਦ ਚ ਆਉਂਦੀ ਹੈ ਪਹਿਲਾਂ ਅਸੀਂ ਮੰਡੀ ਲੈ ਕੇ ਜਾਂਦੇ ਹਾਂ, ਜੀਰੀ ਨੂੰ ਅਸੀਂ ਸਟੋਰ ਨੀ ਕਰ ਸਕਦੇ, ਸਰਕਾਰਾਂ ਨੇ ਸਾਡੇ ਸ਼ੁਰੂ ਤੋਂ ਹੀ ਅਜਿਹੇ ਹਾਲਾਤ ਬਣਾ ਦਿੱਤੇ ਕਿ ਸਾਡੀ ਸਟੋਰੇਜ ਕੈਪੇਸਿਟੀ ਖਤਮ ਕਰ ਦਿੱਤੀ। ਉਨ੍ਹਾਂ ਕਿਹਾ ਕਿ ਜਿਹੜੀ ਫਸਲ ਅਸੀਂ ਪੁੱਤਾਂ ਵਾੰਗੂ ਪਾਲ ਕੇ ਪਹਿਲਾਂ ਆੜਤੀਏ ਨੂੰ ਦਿੰਦੇ ਹਾਂ, ਉਸਤੋਂ ਪੈਸੇ ਲੈ ਕੇ ਬੈਂਕਾਂ ਦਾ ਕਰਜਾ ਮੋੜਦੇ ਹਾਂ।
Tractor
ਉਨ੍ਹਾਂ ਕਿਹਾ ਕਿ ਜਿਵੇਂ-ਜਿਵੇਂ ਮਹਿੰਗਾਈ ਵਧਦੀ ਗਈ ਹੈ ਪਰ ਸਾਡੇ ਜਿਣਸਾਂ ਦੇ ਭਾਅ ਨਹੀਂ ਵਧੇ। ਉਨ੍ਹਾਂ ਕਿਹਾ ਕਿ ਅਸੀਂ ਪਿਛਲੇ ਲੰਮੇ ਸਮੇਂ ਤੋਂ ਦਿੱਲੀ ਵਿਚ ਧਰਨਾ ਲਗਾਏ ਬੈਠੇ ਹਾਂ ਤੇ ਸਾਡਾ ਉਨ੍ਹਾਂ ਲੋਕਾਂ ਦੇ ਨਾਲ ਵਾਹ ਪੈ ਗਿਆ ਜਿਨ੍ਹਾਂ ਨੂੰ ਕਿਸਾਨਾਂ ਦੇ ਦਰਦ ਦਾ ਪਤਾ ਹੀ ਨਹੀਂ ਕਿ ਕਣਕ ਕਿਵੇਂ ਪੈਦਾ ਹੁੰਦੀ ਹੈ, ਗੰਨਾ ਕਿਵੇਂ ਪੈਦਾ ਹੁੰਦਾ ਹੈ, ਦੁੱਧ ਕਿਵੇਂ ਪੈਦਾ ਹੁੰਦਾ, ਝੋਨਾ ਕਿਵੇਂ ਪੈਦਾ ਹੁੰਦਾ ਹੈ। ਕਿਸਾਨਾਂ ਨੇ ਕਿਹਾ ਮੋਦੀ ਸਰਕਾਰ ਸਾਨੂੰ 6000 ਦੇ ਕੇ ਭਿਖਾਰੀ ਬਣਾਉਣਾ ਚਾਹੁੰਦੀ ਹੈ ਪਰ ਸਾਨੂੰ 6000 ਦੀ ਲੋੜ ਨਹੀਂ ਸਾਨੂੰ ਸਾਡੀਆਂ ਫਸਲਾਂ ਦਾ ਸਹੀ ਮੁੱਲ ਦੇ ਦਵੇ ਉਹੀ ਬਹੁਤ ਹੈ।