
ਹਾਦਸਾਗ੍ਰਸਤ ਹੋਣ ਵਾਲਾ ਪਹਿਲਾ ਤੇਜਸ ਜਹਾਜ਼
Aircraft crash News: ਭਾਰਤੀ ਹਵਾਈ ਫੌਜ ਦਾ ਇਕ ਹਲਕਾ ਲੜਾਕੂ ਜਹਾਜ਼ ਮੰਗਲਵਾਰ ਨੂੰ ਰਾਜਸਥਾਨ ਦੇ ਜੈਸਲਮੇਰ ਨੇੜੇ ਟ੍ਰੇਨਿੰਗ ਉਡਾਣ ਦੌਰਾਨ ਹਾਦਸਾਗ੍ਰਸਤ ਹੋ ਗਿਆ। ਭਾਰਤੀ ਹਵਾਈ ਫੌਜ ਨੇ ਕਿਹਾ ਕਿ ਪਾਇਲਟ ਸੁਰੱਖਿਅਤ ਬਾਹਰ ਨਿਕਲ ਗਿਆ ਅਤੇ ਹਾਦਸੇ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਜਾਂਚ ਦੇ ਹੁਕਮ ਦਿਤੇ ਗਏ ਹਨ। ਭਾਰਤੀ ਹਵਾਈ ਫੌਜ ਨੇ ਇਕ ਸੰਖੇਪ ਬਿਆਨ ’ਚ ਕਿਹਾ ਕਿ ਇਹ ਹਾਦਸਾ ਪੋਖਰਨ ਤੋਂ ਲਗਭਗ 100 ਕਿਲੋਮੀਟਰ ਦੂਰ ਵਾਪਰਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਚੋਟੀ ਦੇ ਫੌਜੀ ਅਧਿਕਾਰੀਆਂ ਦੀ ਮੌਜੂਦਗੀ ’ਚ ਮੰਗਲਵਾਰ ਨੂੰ ਇੱਥੇ ਵਿਸ਼ਾਲ ਜੰਗ ਅਭਿਆਸ ‘ਭਾਰਤ ਸ਼ਕਤੀ’ ਚੱਲ ਰਿਹਾ ਸੀ। ਫੌਜੀ ਸੂਤਰਾਂ ਨੇ ਸੰਕੇਤ ਦਿਤਾ ਕਿ ਤੇਜਸ ਜੈੱਟ ਨੂੰ ਅਭਿਆਸ ਦਾ ਹਿੱਸਾ ਹੋਣਾ ਸੀ।
ਜੈਸਲਮੇਰ ਦੇ ਵਧੀਕ ਪੁਲਿਸ ਸੁਪਰਡੈਂਟ ਮਹਿੰਦਰ ਸਿੰਘ ਨੇ ਦਸਿਆ ਕਿ ਕੱਲਾ ਰਿਹਾਇਸ਼ੀ ਕਲੋਨੀ ਅਤੇ ਜਵਾਹਰ ਕਲੋਨੀ ਨੇੜੇ ਹੋਏ ਹਾਦਸੇ ’ਚ ਕਿਸੇ ਜਾਨੀ ਨੁਕਸਾਨ ਦੀ ਖ਼ਬਰ ਨਹੀਂ ਹੈ। ਇਕ ਹੋਰ ਪੁਲਿਸ ਅਧਿਕਾਰੀ ਨੇ ਦਸਿਆ ਕਿ ਇਸ ਘਟਨਾ ਵਿਚ ਹੋਸਟਲ ਦਾ ਇਕ ਹਿੱਸਾ ਨੁਕਸਾਨਿਆ ਗਿਆ। ਹਾਲਾਂਕਿ, ਘਟਨਾ ਦੇ ਸਮੇਂ ਕਮਰਿਆਂ ’ਚ ਕੋਈ ਵੀ ਨਹੀਂ ਸੀ। ਇਕ ਮੰਜ਼ਿਲਾ ਇਮਾਰਤ ਤੋਂ ਸੰਘਣਾ ਕਾਲਾ ਧੂੰਆਂ ਨਿਕਲਦਾ ਵੇਖਿਆ ਗਿਆ, ਜਿੱਥੇ ਜਹਾਜ਼ ਹਾਦਸਾਗ੍ਰਸਤ ਹੋਇਆ ਸੀ।
ਅਧਿਕਾਰੀਆਂ ਨੇ ਦਸਿਆ ਕਿ ਇਹ ਹਾਦਸਾਗ੍ਰਸਤ ਹੋਣ ਵਾਲਾ ਪਹਿਲਾ ਤੇਜਸ ਜੈੱਟ ਸੀ। ਉਨ੍ਹਾਂ ਕਿਹਾ ਕਿ ਹਾਦਸੇ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਕੋਰਟ ਆਫ ਇਨਕੁਆਇਰੀ ਦੇ ਹੁਕਮ ਦਿਤੇ ਗਏ ਹਨ। ਘਟਨਾ ਤੋਂ ਬਾਅਦ ਜੈਸਲਮੇਰ ਦੇ ਵਿਧਾਇਕ ਛੋਟੂ ਸਿੰਘ ਭਾਟੀ ਵੀ ਮੌਕੇ ’ਤੇ ਪਹੁੰਚੇ। ਉਨ੍ਹਾਂ ਕਿਹਾ ਕਿ ਘਟਨਾ ਵਾਲੀ ਥਾਂ ਸਾਰੀਆਂ ਦਿਸ਼ਾਵਾਂ ’ਚ ਆਬਾਦੀ ਸੀ ਅਤੇ ਖੁਸ਼ਕਿਸਮਤੀ ਨਾਲ ਸਾਰੇ ਸੁਰੱਖਿਅਤ ਹਨ।
One Tejas aircraft of the Indian Air Force met with an accident at Jaisalmer, today during an operational training sortie. The pilot ejected safely.
— Indian Air Force (@IAF_MCC) March 12, 2024
A Court of Inquiry has been constituted to find out the cause of the accident.
ਇਕ ਚਸ਼ਮਦੀਦ ਨੇ ਦਸਿਆ ਕਿ ਪਾਇਲਟ ਨੇ ਹਾਦਸੇ ਤੋਂ ਥੋੜ੍ਹੀ ਦੇਰ ਪਹਿਲਾਂ ਜਹਾਜ਼ ਤੋਂ ਛਾਲ ਮਾਰ ਦਿਤੀ। ਉਨ੍ਹਾਂ ਕਿਹਾ ਕਿ ਜਿਵੇਂ ਹੀ ਜਹਾਜ਼ ਜ਼ਮੀਨ ’ਤੇ ਡਿੱਗਿਆ, ਤੇਜ਼ ਆਵਾਜ਼ ਆਈ। ਅੱਗ ਬੁਝਾਉਣ ਲਈ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ’ਤੇ ਪਹੁੰਚੀਆਂ ਅਤੇ ਅੱਗ ’ਤੇ ਕਾਬੂ ਪਾ ਲਿਆ ਗਿਆ। ਪਾਇਲਟ ਨੂੰ ਹਸਪਤਾਲ ਲਿਜਾਇਆ ਗਿਆ।
ਹਿੰਦੁਸਤਾਨ ਏਅਰੋਨੋਟਿਕਸ ਲਿਮਟਿਡ (ਐਚ.ਏ.ਐਲ.) ਵਲੋਂ ਨਿਰਮਿਤ ਤੇਜਸ ਜਹਾਜ਼ ਨੂੰ ਹਵਾਈ ਲੜਾਈ ਅਤੇ ਹਮਲਾਵਰ ਹਵਾਈ ਸਹਾਇਤਾ ਮਿਸ਼ਨਾਂ ਲਈ ਇਕ ਤਾਕਤਵਰ ਹਥਿਆਰ ਮੰਨਿਆ ਜਾਂਦਾ ਹੈ। ਤੇਜਸ ਜਹਾਜ਼ ਭਾਰਤੀ ਹਵਾਈ ਫ਼ੌਜ ਦਾ ਮੁੱਖ ਆਧਾਰ ਬਣਨ ਲਈ ਤਿਆਰ ਹੈ। ਸ਼ੁਰੂਆਤੀ ਸੰਸਕਰਣ ਦੇ ਲਗਭਗ 40 ਤੇਜਸ ਪਹਿਲਾਂ ਹੀ ਇਸ ’ਚ ਸ਼ਾਮਲ ਕੀਤੇ ਜਾ ਚੁਕੇ ਹਨ। ਫ਼ਰਵਰੀ 2021 ’ਚ, ਰੱਖਿਆ ਮੰਤਰਾਲੇ ਨੇ ਭਾਰਤੀ ਹਵਾਈ ਫ਼ੌਜ ਲਈ 83 ਤੇਜਸ ਐਮ.ਕੇ.-1 ਏ ਜਹਾਜ਼ਾਂ ਦੀ ਖਰੀਦ ਲਈ ਹਿੰਦੁਸਤਾਨ ਏਅਰੋਨੋਟਿਕਸ ਲਿਮਟਿਡ ਨਾਲ 48,000 ਕਰੋੜ ਰੁਪਏ ਦਾ ਸੌਦਾ ਕੀਤਾ ਸੀ। ਪਿਛਲੇ ਸਾਲ ਨਵੰਬਰ ’ਚ ਮੰਤਰਾਲੇ ਨੇ ਭਾਰਤੀ ਹਵਾਈ ਫੌਜ ਲਈ 97 ਤੇਜਸ ਜਹਾਜ਼ਾਂ ਦੀ ਵਾਧੂ ਖੇਪ ਦੀ ਖਰੀਦ ਨੂੰ ਸ਼ੁਰੂਆਤੀ ਮਨਜ਼ੂਰੀ ਦਿਤੀ ਸੀ।
(For more Punjabi news apart from Tejas aircraft crashes in Rajasthan news, stay tuned to Rozana Spokesman)