
ਕੋਲੇਜੀਅਮ ਦੀ ਬੈਠਕ ਵਿਚ ਮਤਾ ਪਾਸ, ਅਗਲੀ ਬੈਠਕ 16 ਨੂੰ, ਕੁੱਝ ਹੋਰ ਨਾਮ ਵੀ ਭੇਜੇ ਜਾਣਗੇ
ਨਵੀਂ ਦਿੱਲੀ, ਸੁਪਰੀਮ ਕੋਰਟ ਦੇ ਕੋਲੇਜੀਅਮ ਵਿਚ ਉਤਰਾਖੰਡ ਹਾਈ ਕੋਰਟ ਦੇ ਮੁੱਖ ਜੱਜ ਕੇ ਐਮ ਜੋਜ਼ਫ਼ ਨੂੰ ਤਰੱਕੀ ਦੇ ਕੇ ਸੁਪਰੀਮ ਕੋਰਟ ਦਾ ਜੱਜ ਨਿਯੁਕਤ ਕਰਨ ਦੀ ਮੁੜ ਸਿਫ਼ਾਰਸ਼ ਕਰਨ ਸਬੰਧੀ ਸਿਧਾਂਤਕ ਤੌਰ 'ਤੇ ਸਰਬਸੰਮਤੀ ਬਣ ਗਈ ਹੈ। ਸਰਕਾਰ ਨੇ ਇਸ ਤੋਂ ਪਹਿਲਾਂ ਜੱਜ ਜੋਜ਼ਫ਼ ਦੇ ਨਾਮ 'ਤੇ ਮੁੜ ਵਿਚਾਰ ਲਈ ਉਨ੍ਹਾਂ ਦੀ ਫ਼ਾਈਲ ਮੋੜ ਦਿਤੀ ਸੀ। ਮੁੱਖ ਜੱਜ ਦੀਪਕ ਮਿਸ਼ਰਾ ਦੀ ਪ੍ਰਧਾਨਗੀ ਵਾਲੇ ਪੰਜ ਮੈਂਬਰੀ ਕੋਲੇਜੀਅਮ ਦੀ ਬੈਠਕ ਵਿਚ ਅੱਜ ਇਸ ਦੇ ਸਾਰੇ ਮੈਂਬਰਾਂ ਜੱਜ ਜੇ ਚੇਲਾਮੇਸ਼ਵਰ, ਜੱਜ ਰੰਜਨ ਗੋਗਈ, ਜੱਜ ਮਦਨ ਬੀ ਲੋਕੂਰ ਅਤੇ ਜੱਜ ਜੋਜ਼ਫ਼ ਕੁਰੀਅਨ ਨੇ ਹਿੱਸਾ ਲਿਆ। ਕੋਲੇਜੀਅਮ ਦੀ ਇਕ ਘੰਟ ਤਕ ਚੱਲੀ ਬੈਠਕ ਵਿਚ ਫ਼ੈਸਲਾ ਕੀਤਾ ਗਿਆ ਕਿ ਸੁਪਰੀਮ ਕੋਰਟ ਦੇ ਜੱਜ ਲਈ ਹਾਈ ਕੋਰਟਾਂ ਦੇ ਜੱਜਾਂ ਦੇ ਨਾਵਾਂ ਦੇ ਨਾਲ ਹੀ ਜੱਜ ਜੋਜ਼ਫ਼ ਦੇ ਨਾਮ ਦੀ ਮੁੜ ਸਿਫ਼ਾਰਸ਼ ਕੀਤੀ ਜਾਵੇਗੀ।
Judge Joseph
ਕੋਲੇਜੀਅਮ ਨੇ ਮਤਾ ਪਾਸ ਕਰ ਕੇ ਕਿਹਾ ਕਿ ਕੇਂਦਰ ਨੂੰ ਹੋਰ ਨਾਮ ਭੇਜੇ ਜਾਣ ਦੇ ਮਸਲੇ 'ਤੇ ਹੋਰ ਵਿਚਾਰ ਦੀ ਲੋੜ ਹੈ ਅਤੇ ਇਸ ਲਈ ਅਗਲੀ ਬੈਠਕ 16 ਮਈ ਨੂੰ ਹੋਵੇਗੀ। ਮਤੇ ਵਿਚ ਕਿਹਾ ਗਿਆ, 'ਮੁੱਖ ਜੱਜ ਅਤੇ ਕੋਲੇਜੀਅਮ ਦੇ ਹੋਰ ਮੈਂਬਰਾਂ ਵਿਚ ਸਿਧਾਂਤਕ ਰੂਪ ਵਿਚ ਇਹ ਸਹਿਮਤੀ ਬਣੀ ਹੈ ਕਿ ਕੇ ਐਮ ਜੋਜ਼ਫ਼ ਨੂੰ ਸੁਪਰੀਮ ਕੋਰਟ ਦਾ ਜੱਜ ਨਿਯੁਕਤ ਕਰਨ ਦੀ ਦੁਬਾਰਾ ਸਿਫ਼ਾਰਸ਼ ਕੀਤੀ ਜਾਵੇ।' ਕਿਹਾ ਗਿਆ ਕਿ ਹੋਰ ਨਾਮ ਵੀ ਭੇਜੇ ਜਾਣ ਦੀ ਲੋੜ ਹੈ ਜਿਸ ਲਈ ਹੋਰ ਵਿਚਾਰ-ਚਰਚਾ ਕਰਨੀ ਜ਼ਰੂਰੀ ਹੈ। ਕੋਲੇਜੀਅਮ ਨੇ 10 ਜਨਵਰੀ ਨੂੰ ਜੱਜ ਜੋਸੇਫ਼ ਅਤੇ ਵਕੀਲ ਇੰਦੂ ਮਲਹੋਤਰਾ ਨੂੰ ਸੁਪਰੀਮ ਕੋਰਟ ਵਿਚ ਜੱਜ ਨਿਯੁਕਤ ਕਰਨ ਦੀ ਸਿਫ਼ਾਰਸ਼ ਸਰਕਾਰ ਨੂੰ ਕੀਤੀ ਸੀ। ਸਰਕਾਰ ਨੇ ਮਲਹੋਤਰਾ ਦੇ ਨਾਮ ਨੂੰ ਤਾਂ ਮਨਜ਼ੂਰੀ ਦੇ ਦਿਤੀ ਪਰ ਜੋਸੇਫ਼ ਵਾਲੀ ਫ਼ਾਈਲ ਮੋੜ ਦਿਤੀ। (ਏਜੰਸੀ)