
ਈ-ਮੇਲ ਮਿਲਣ ਤੋਂ ਬਾਅਦ ਮਚਿਆ ਹੜਕੰਪ
Delhi Bomb Threat : ਦਿੱਲੀ ਦੇ ਦੋ ਵੱਖ-ਵੱਖ ਹਸਪਤਾਲਾਂ ਨੂੰ ਧਮਕੀ ਭਰੇ ਈਮੇਲ ਭੇਜੇ ਗਏ ਹਨ। ਇਸ ਈਮੇਲ ਵਿੱਚ ਹਸਪਤਾਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਹੈ। ਦਿੱਲੀ ਫਾਇਰ ਸਰਵਿਸ ਦੇ ਅਨੁਸਾਰ ਉਨ੍ਹਾਂ ਨੂੰ ਦੋ ਹਸਪਤਾਲਾਂ ਤੋਂ ਕਾਲਾਂ ਆਈਆਂ ਹਨ, ਪਹਿਲਾ ਬੁਰਾੜੀ ਸਰਕਾਰੀ ਹਸਪਤਾਲ ਤੋਂ ਅਤੇ ਦੂਜਾ ਮੰਗੋਲਪੁਰੀ ਦੇ ਸੰਜੇ ਗਾਂਧੀ ਹਸਪਤਾਲ ਤੋਂ। ਦਿੱਲੀ ਫਾਇਰ ਅਫਸਰ ਮੁਤਾਬਕ ਮਾਮਲੇ ਦੀ ਜਾਂਚ ਅਜੇ ਜਾਰੀ ਹੈ।
ਦੱਸਿਆ ਜਾ ਰਿਹਾ ਹੈ ਕਿ ਈਮੇਲ ਮਿਲਣ ਤੋਂ ਬਾਅਦ ਹਸਪਤਾਲ ਮੈਨੇਜਮੈਂਟ ਨੇ ਪੁਲਿਸ ਨੂੰ ਸੂਚਿਤ ਕਰ ਦਿੱਤਾ, ਜਿਸ ਤੋਂ ਬਾਅਦ ਪੁਲਿਸ ਦੀ ਟੀਮ ਬੰਬ ਸਕੁਐਡ ਅਤੇ ਫਾਇਰ ਵਿਭਾਗ ਦੇ ਨਾਲ ਹਸਪਤਾਲ ਪਹੁੰਚ ਗਈ। ਜਿਨ੍ਹਾਂ ਹਸਪਤਾਲਾਂ ਨੂੰ ਬੰਬ ਦੀ ਧਮਕੀ ਵਾਲੀ ਈਮੇਲ ਭੇਜੀ ਗਈ ਹੈ, ਉਨ੍ਹਾਂ ਵਿੱਚ ਬੁਰਾੜੀ ਦਾ ਸਰਕਾਰੀ ਹਸਪਤਾਲ ਅਤੇ ਮੰਗੋਲਪੁਰੀ ਦਾ ਸੰਜੇ ਗਾਂਧੀ ਹਸਪਤਾਲ ਸ਼ਾਮਲ ਹੈ।
ਦਿੱਲੀ ਪੁਲਿਸ ਦਾ ਕਹਿਣਾ ਹੈ ਕਿ ਹਸਪਤਾਲ ਵਿੱਚ ਬੰਬ ਦੀ ਧਮਕੀ ਬਾਰੇ ਇੱਕ ਈਮੇਲ ਮਿਲੀ ਸੀ। ਸਥਾਨਕ ਪੁਲਿਸ ਹਸਪਤਾਲ ਵਿੱਚ ਜਾਂਚ ਕਰ ਰਹੀ ਹੈ। ਅਜੇ ਤੱਕ ਕੁਝ ਵੀ ਸ਼ੱਕੀ ਨਹੀਂ ਮਿਲਿਆ ਹੈ।
'IGI ਏਅਰਪੋਰਟ ਨੂੰ ਵੀ ਮਿਲੀ ਸੀ ਬੰਬ ਧਮਾਕੇ ਦੀ ਧਮਕੀ'
ਦਿੱਲੀ ਦੇ ਹਸਪਤਾਲ ਤੋਂ ਬਾਅਦ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਨੂੰ ਵੀ ਧਮਕੀ ਭਰੀ ਈਮੇਲ ਮਿਲੀ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਹਵਾਈ ਅੱਡੇ 'ਤੇ ਤਲਾਸ਼ੀ ਲਈ ਜਾ ਰਹੀ ਹੈ। ਹਸਪਤਾਲ ਅਤੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਨੂੰ ਉਸੇ ਮੇਲ ਆਈਡੀ ਤੋਂ ਈਮੇਲ ਭੇਜੀ ਗਈ ਹੈ। ਇਹ ਈਮੇਲ ਦੁਪਹਿਰ 3 ਵਜੇ ਦੇ ਕਰੀਬ ਭੇਜੀ ਗਈ ਸੀ। ਹਾਲਾਂਕਿ ਪੁਲਸ ਦੀ ਜਾਂਚ 'ਚ ਅਜੇ ਤੱਕ ਏਅਰਪੋਰਟ 'ਤੇ ਕੁਝ ਨਹੀਂ ਮਿਲਿਆ ਹੈ।
150 ਸਕੂਲਾਂ ਨੂੰ ਮਿਲੀਆਂ ਸਨ ਧਮਕੀਆਂ
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਬੁੱਧਵਾਰ 1 ਮਈ ਨੂੰ ਦਿੱਲੀ-ਐੱਨਸੀਆਰ ਦੇ ਕਰੀਬ 150 ਸਕੂਲਾਂ ਨੂੰ ਬੰਬ ਦੀ ਅਫਵਾਹ ਵਾਲੀ ਈਮੇਲ ਭੇਜੀ ਗਈ ਸੀ। ਇਸ ਦੇ ਲਈ ਅਪਰਾਧੀਆਂ ਨੇ ਰੂਸੀ ਈਮੇਲ ਸਰਵਿਸ ਦੀ ਵਰਤੋਂ ਕੀਤੀ ਸੀ। ਇਹ ਸੇਵਾ ਉਪਭੋਗਤਾਵਾਂ ਨੂੰ ਗੁਮਨਾਮ ਰਹਿਣ ਅਤੇ ਗੈਰ ਕਾਨੂੰਨੀ ਗਤੀਵਿਧੀਆਂ ਨੂੰ ਲੁਕਾਉਣ ਵਿੱਚ ਮਦਦ ਕਰਦੀ ਹੈ।