
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਉਨ੍ਹਾਂ ਦੇ ਮੰਤਰੀ ਮੰਡਲ ਦੇ ਸਹਿਯੋਗੀ ਅਪਣੀਆਂ ਮੰਗਾਂ ਸਬੰਧੀ ਰਾਤ ਭਰ ਉਪ ਰਾਜਪਾਲ ਦਫ਼ਤਰ ਵਿਚ ਬੈਠੇ ਰਹੇ। ਕੇਜਰੀਵਾਲ...
ਨਵੀਂ ਦਿੱਲੀ, ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਉਨ੍ਹਾਂ ਦੇ ਮੰਤਰੀ ਮੰਡਲ ਦੇ ਸਹਿਯੋਗੀ ਅਪਣੀਆਂ ਮੰਗਾਂ ਸਬੰਧੀ ਰਾਤ ਭਰ ਉਪ ਰਾਜਪਾਲ ਦਫ਼ਤਰ ਵਿਚ ਬੈਠੇ ਰਹੇ। ਕੇਜਰੀਵਾਲ ਅਤੇ ਉਸ ਦੇ ਮੰਤਰੀਆਂ ਨੇ ਆਈਏਐਸ ਅਧਿਕਾਰੀਆਂ ਨੂੰ ਹੜਤਾਲ ਖ਼ਤਮ ਕਰਨ ਦਾ ਨਿਰਦੇਸ਼ ਦੇਣ ਅਤੇ ਚਾਰ ਮਹੀਨਿਆਂ ਤੋਂ ਕੰਮਕਾਜ ਰੋਕ ਰੱਖੇ ਅਧਿਕਾਰੀਆਂ ਵਿਰੁਧ ਕਾਰਵਾਈ ਕਰਨ ਸਮੇਤ ਤਿੰਨਾਂ ਮੰਗਾਂ ਕੀਤੀਆਂ ਹਨ।
ਕੇਜਰੀਵਾਲ, ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਅਤੇ ਦੋ ਹੋਰ ਮੰਤਰੀ ਗੋਪਾਲ ਰਾਏ ਅਤੇ ਸਤੇਂਦਰ ਜੈਨ ਨੇ ਕਲ ਸ਼ਾਮ ਸਾਢੇ ਪੰਜ ਵਜੇ ਉਪ ਰਾਜਪਾਲ ਅਨਿਲ ਬੈਜਲ ਨਾਲ ਮੁਲਾਕਾਤ ਕੀਤੀ ਅਤੇ ਤਦ ਤੋਂ ਉਹ ਉਪ ਰਾਜਪਾਲ ਦਫ਼ਤਰ ਵਿਚ ਬੈਠੇ ਹਨ। ਸੂਤਰਾਂ ਨੇ ਦਸਿਆ ਕਿ ਸ਼ੂਗਰ ਤੋਂ ਪੀੜਤ ਮੁੱਖ ਮੰਤਰੀ ਨੂੰ ਇਸ ਦੌਰਾਨ ਇੰਸੁਲਿਨ ਲੈਣਾ ਪਿਆ ਅਤੇ ਉਨ੍ਹਾਂ ਨੇ ਘਰ ਦਾ ਬਣਿਆ ਖਾਣਾ ਹੀ ਖਾਧਾ।
ਦਿੱਲੀ ਦੇ ਇਤਿਹਾਸ ਵਿਚ ਪਹਿਲੀ ਵਾਰ ਹੈ ਜਦ ਮੁੱਖ ਮੰਤਰੀ ਅਤੇ ਉਸ ਦੇ ਮੰਤਰੀਆਂ ਨੇ ਉਪ ਰਾਜਪਾਲ ਦਫ਼ਤਰ ਵਿਚ ਰਾਤ ਬਿਤਾਈ। ਕਈ ਵਿਧਾਇਕਾਂ ਅਤੇ ਕਾਰਕੁਨਾਂ ਨੇ ਵੀ ਰਾਜਪਾਲ ਦਫ਼ਤਰ ਦੇ ਬਾਹਰ ਡੇਰਾ ਲਾ ਲਿਆ। ਕੇਜਰੀਵਾਲ ਨੇ ਕਿਹਾ ਕਿ ਉਨ੍ਹਾਂ ਕੋਲ ਧਰਨਾ ਦੇਣ ਤੋਂ ਬਿਨਾਂ ਹੋਰ ਕੋਈ ਚਾਰਾ ਨਹੀਂ ਸੀ। ਆਮ ਆਦਮੀ ਪਾਰਟੀ ਨੇ ਐਲਾਨ ਕੀਤਾ ਹੈ ਕਿ ਮੰਗਾਂ ਪੂਰੀਆਂ ਕਰਵਾਉਣ ਲਈ ਕਲ ਸ਼ਾਮ ਰਾਜਨਿਵਾਸ ਤਕ ਅੰਦੋਲਨ ਕੀਤਾ ਜਾਵੇਗਾ।
ਕੇਜਰੀਵਾਲ ਅਤੇ ਤਿੰਨ ਹੋਰ ਮੰਤਰੀ ਕਲ ਤੋਂ ਇਨ੍ਹਾਂ ਮੰਗਾਂ ਦੇ ਹੱਕ ਵਿਚ ਰਾਜਨਿਵਾਸ ਵਿਚ ਧਰਨੇ 'ਤੇ ਬੈਠੇ ਹਨ। ਕੇਜਰੀਵਾਲ ਨਾਲ ਧਰਨੇ 'ਤੇ ਬੈਠੇ ਸਿਹਤ ਮੰਤਰੀ ਸਤੇਂਦਰ ਜੈਨ ਦੁਆਰਾ ਰਾਜਨਿਵਾਸ ਵਿਚ ਹੀ ਅੱਜ ਤੋਂ ਅਣਮਿੱਥੀ ਭੁੱਖ ਹੜਤਾਲ 'ਤੇ ਜਾਣ ਦੇ ਐਲਾਨ ਮਗਰੋਂ ਅੰਦੋਲਨ ਦੀ ਰਣਨੀਤੀ ਲਈ ਹੋਈ ਬੈਠਕ ਵਿਚ ਇਹ ਫ਼ੈਸਲਾ ਕੀਤਾ ਗਿਆ। (ਏਜੰਸੀ)