
ਹੁਣ ਬਿਹਾਰ ਵਿਚ ਅਪਣੇ ਬਜ਼ੁਰਗ ਮਾਤਾ-ਪਿਤਾ ਦੀ ਸੇਵਾ ਨਾ ਕਰਨ ‘ਤੇ ਜੇਲ੍ਹ ਹੋ ਸਕਦੀ ਹੈ।
ਪਟਨਾ: ਹੁਣ ਬਿਹਾਰ ਵਿਚ ਅਪਣੇ ਬਜ਼ੁਰਗ ਮਾਤਾ-ਪਿਤਾ ਦੀ ਸੇਵਾ ਨਾ ਕਰਨ ‘ਤੇ ਜੇਲ੍ਹ ਹੋ ਸਕਦੀ ਹੈ। ਬਿਹਾਰ ਮੰਤਰੀ ਮੰਡਲ ਦੀ ਮੰਗਲਵਾਰ ਨੂੰ ਹੋਈ ਬੈਠਕ ਵਿਚ ਫੈਸਲਾ ਲਿਆ ਗਿਆ ਕਿ ਬਿਹਾਰ ਵਿਚ ਰਹਿਣ ਵਾਲੇ ਬੱਚੇ ਜੇਕਰ ਅਪਣੇ ਮਾਤਾ-ਪਿਤਾ ਦੀ ਸੇਵਾ ਨਹੀਂ ਕਰਨਗੇ ਤਾਂ ਉਹਨਾਂ ਨੂੰ ਜੇਲ੍ਹ ਦੀ ਸਜ਼ਾ ਹੋ ਸਕਦੀ ਹੈ। ਮਾਤਾ-ਪਿਤਾ ਦੀ ਸ਼ਿਕਾਇਤ ਮਿਲਣ ‘ਤੇ ਬੱਚਿਆਂ ‘ਤੇ ਅਜਿਹੀ ਕਾਰਵਾਈ ਕੀਤੀ ਜਾਵੇਗੀ।
Nitish Kumar
ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਦੀ ਅਗਵਾਈ ਵਿਚ ਮੰਗਲਵਾਰ ਨੂੰ ਹੋਈ ਬੈਠਕ ਵਿਚ ਕੁੱਲ 15 ਪ੍ਰਸਤਾਵਾਂ ‘ਤੇ ਮੌਹਰ ਲਗਾਈ ਗਈ। ਬੈਠਕ ਤੋਂ ਬਾਅਦ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਇਕ ਅਧਿਕਾਰੀ ਨੇ ਦੱਸਿਆ ਕਿ ਜੰਮੂ ਅਤੇ ਕਸ਼ਮੀਰ ਦੇ ਪੁਲਵਾਮਾ ਅਤਿਵਾਦੀ ਘਟਨਾਵਾਂ ਵਿਚ ਸ਼ਹੀਦ ਹੋਏ ਬਿਹਾਰ ਦੇ ਜਵਾਨਾਂ ਦੇ ਪਰਿਵਾਰਾਂ ਨੂੰ ਬਿਹਾਰ ਸਰਕਾਰ ਨੇ ਨੌਕਰੀ ਦੇਣ ਦਾ ਫ਼ੈਸਲਾ ਵੀ ਕੀਤਾ ਹੈ।
Old Age Parents
ਬੈਠਕ ਵਿਚ ਸੂਬੇ ਦੀ ਬੁਢਾਪਾ ਪੈਨਸ਼ਨ ਯੋਜਨਾ ਨੂੰ ਵੀ ਬਿਹਾਰ ਲੋਕ ਸੇਵਾਵਾਂ ਦੇ ਅਧਿਕਾਰ ਕਾਨੂੰਨ 2011 ਅਧੀਨ ਲਿਆਉਣ ਦੀ ਪੇਸ਼ਕਸ਼ ਨੂੰ ਮਨਜੂਰੀ ਦੇ ਦਿੱਤੀ ਗਈ। ਹੁਣ ਕਿਸੇ ਵੀ ਬਜ਼ੁਰਗ ਵੱਲੋਂ ਕੀਤੀ ਗਈ ਸ਼ਿਕਾਇਤ ਦਾ ਨਿਪਟਾਰਾ 21 ਦਿਨਾਂ ਦੇ ਅੰਦਰ ਹੋਵੇਗਾ। ਇਸ ਤੋਂ ਇਲਾਵਾ ਗੰਗਾ ਨਦੀ ‘ਤੇ ਵੀ ਇਕ ਨਵਾਂ ਪੁਲ ਬਣਾਉਣ ਦਾ ਫ਼ੈਸਲਾ ਲਿਆ ਗਿਆ।