
ਬੀਤੀ ਰਾਤ ਜ਼ੀਰਕਪੁਰ–ਪਟਿਆਲਾ ਸੜ੍ਹਕ 'ਤੇ ਸਥਿਤ ਗੁਰਦੁਆਰਾ ਨਾਭਾ ਸਾਹਿਬ ਦੇ ਨੇੜੇ ਇਕ ਅੱਗੇ ਜਾ ਰਹੇ ਟਰੱਕ ਨਾਲ ਟੱਕਰ ਹੋ ਜਾਣ ਕਾਰਨ ਮੋਟਰਸਾਈਕਲ 'ਤੇ ਸਵਾਰ ਇਕ...
ਬੀਤੀ ਰਾਤ ਜ਼ੀਰਕਪੁਰ–ਪਟਿਆਲਾ ਸੜ੍ਹਕ 'ਤੇ ਸਥਿਤ ਗੁਰਦੁਆਰਾ ਨਾਭਾ ਸਾਹਿਬ ਦੇ ਨੇੜੇ ਇਕ ਅੱਗੇ ਜਾ ਰਹੇ ਟਰੱਕ ਨਾਲ ਟੱਕਰ ਹੋ ਜਾਣ ਕਾਰਨ ਮੋਟਰਸਾਈਕਲ 'ਤੇ ਸਵਾਰ ਇਕ ਪਰਿਵਾਰ ਦੇ ਦੋ ਜੀਅ ਜ਼ਖ਼ਮੀ ਹੋ ਗਏ ਜਦਕਿ ਉਨ੍ਹਾਂ ਦੇ ਕਰੀਬ 6 ਸਾਲਾ ਦੇ ਪੁੱਤਰ ਦੀ ਮੌਤ ਹੋ ਗਈ। ਜ਼ਖ਼ਮੀਆਂ ਨੂੰ ਇਲਾਜ ਲਈ ਸੈਕਟਰ 32 ਦੇ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ ਹੈ।
ਪੁਲਿਸ ਨੇ ਮਾਮਲਾ ਦਰਜ ਅਗਲੀ ਕਾਰਵਾਈ ਆਰੰਭ ਕਰ ਦਿਤੀ ਹੈ। ਪੁਲਿਸ ਸੂਤਰਾਂ ਤੋਂ ਹਾਸਲ ਜਾਣਕਾਰੀ ਅਨੂਸਾਰ ਬੀਤੀ ਰਾਤ ਕਰੀਬ ਦਸ ਵਜੇ ਪਿੰਡ ਦਿਆਲਪੁਰਾ ਦਾ ਵਸਨੀਕ ਗੁਰਦੀਪ ਸਿੰਘ ਆਪਣੀ ਪਤਨੀ ਮਨਜੀਤ ਕੌਰ ਅਤੇ ਪੁੱਤਰ ਜਸਕੀਰਤ ਸਿੰਘ ਨਾਲ ਮੋਟਰ ਸਾਈਕਲ ਤੇ ਸਵਾਰ ਹੋ ਕੇ ਜ਼ੀਕਰਪੁਰ ਤੋਂ ਦਿਆਲਪੁਰਾ ਵੱਲ ਜਾ ਰਿਹਾ ਸੀ। ਇਸ ਦੌਰਾਨ ਜਦ ਉਹ ਗੁਰਦੁਆਰਾ ਨਾਭਾ ਸਾਹਿਬ ਨੇੜੇ ਪੁਜਿਆ ਤਾਂ ਅੱਗੇ ਜਾ ਰਹੇ ਟਰੱਕ ਚਾਲਕ ਨੇ ਅਚਾਨਕ ਬਰੇਕ ਮਾਰ ਦਿਤੀ ਜਿਸ ਕਾਰਨ ਉਸ ਦਾ ਮੋਟਰਸਾਈਕਲ ਟਰੱਕ ਦੇ ਪਿੱਛੇ ਜਾ ਵਜਿਆ।
ਹਾਦਸੇ ਦੌਰਾਨ ਜਸਕੀਰਤ ਸਿੰਘ (6) ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦਕਿ ਗੁਰਦੀਪ ਸਿੰਘ ਅਤੇ ਮਨਜੀਤ ਕੌਰ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ। ਪੁਲਿਸ ਅਨੁਸਾਰ ਗੁਰਦੀਪ ਸਿੰਘ ਦੀ ਹਾਲਤ ਜ਼ਿਆਦਾ ਗੰਭੀਰ ਦੱਸੀ ਜਾ ਰਹੀ ਹੈ। ਇਸ ਤੋਂ ਇਲਾਵਾ ਇਸੇ ਸੜ੍ਹਕ 'ਤੇ ਪਿੰਡ ਰਾਮਪੁਰ ਨੇੜੇ ਇਕ ਟਿੱਪਰ ਚਾਲਕ ਨੇ ਸਵਿਫਟ ਕਾਰ ਨੂੰ ਟੱਕਰ ਮਾਰ ਦਿਤੀ।
ਜਿਸ ਕਾਰਨ ਕਾਰ ਵਿਚ ਸਵਾਰ ਇਕ ਲੜਕੀ ਸਮੇਤ ਤਿੰਨ ਜਣੇ ਜ਼ਖ਼ਮੀ ਹੋ ਗਏ। ਪੁਲਿਸ ਨੂੰ ਦਿਤੀ ਸ਼ਿਕਾਇਤ ਵਿਚ ਜਸਪ੍ਰੀਤ ਸਿੰਘ ਪੁੱਤਰ ਬਚਿੱਤਰ ਸਿੰਘ ਵਾਸੀ ਰਾਜਪੁਰਾ ਨੇ ਦਸਿਆ ਕਿ ਬੀਤੇ ਦਿਨੀਂ ਉਹ ਆਪਣੇ ਮਾਮੇ ਦੀ ਲੜਕੀ ਅਮ੍ਰਿਤਪਾਲ ਰਾਠੌਰ, ਮਾਸੀ ਦੇ ਲੜਕੇ ਗੁਰਪ੍ਰੀਤ ਸਿੰਘ ਅਤੇ ਦੋਸਤ ਸੂਰਜ ਨਾਲ ਆਪਣੀ ਸਵਿਫਟ ਕਾਰ ਵਿਚ ਸਵਾਰ ਹੋ ਕੇ ਚੰਡੀਗੜ ਵਿਖੇ ਸ਼ਾਪਿੰਗ ਕਰਨ ਗਏ ਸਨ ਅਤੇ ਸ਼ਾਪਿੰਗ ਕਰਨ ਤੋਂ ਬਾਅਦ ਜਦੋਂ ਉਹ ਵਾਪਸ ਰਾਜਪੁਰਾ ਵੱਲ ਆ ਰਹੇ
ਸਨ ਤਾਂ ਪਿੰਡ ਰਾਮਪੁਰ ਨੇੜੇ ਲਿੰਕ ਰੋਡ ਤੋਂ ਅਚਾਨਕ ਆਏ ਇਕ ਟਿੱਪਰ ਨੇ ਉਨਾਂ੍ਹ ਦੀ ਕਾਰ ਨੂੰ ਟੱਕਰ ਮਾਰ ਦਿਤੀ ਜਿਸ ਕਾਰਨ ਸ਼ਿਕਾਇਤ ਕਰਤਾ ਸਮੇਤ ਕਾਰ ਵਿਚ ਸਵਾਰ ਸਾਰੇ ਜਣੇ ਜ਼ਖ਼ਮੀ ਹੋ ਗਏ। ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ। ਪੁਲਿਸ ਨੇ ਜਸਪ੍ਰੀਤ ਸਿੰਘ ਦੀ ਸ਼ਿਕਾਇਤ 'ਤੇ ਅਪਣਛਾਤੇ ਟਿੱਪਰ ਚਾਲਕ ਵਿਰੁਧ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਆਰੰਭ ਕਰ ਦਿਤੀ ਹੈ।