
ਕਿਹਾ, ਲੋਕਾਂ ਨੂੰ ਅਪਮਾਨਿਤ ਕਰਨਾ ਕਮਜ਼ੋਰੀ ਦੀ ਨਿਸ਼ਾਨੀ ਹੈ, ਤਾਕਤ ਦੀ ਨਹੀਂ
ਨਵੀਂ ਦਿੱਲੀ: ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਵੀਰਵਾਰ ਨੂੰ ਕਿਹਾ ਕਿ ਸਾਬਕਾ ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਜਾਂ ਕਿਸੇ ਹੋਰ ਨੇਤਾ ਵਿਰੁਧ ਅਪਮਾਨਜਨਕ ਭਾਸ਼ਾ ਦੀ ਵਰਤੋਂ ਨਹੀਂ ਕੀਤੀ ਜਾਣੀ ਚਾਹੀਦੀ।
ਉਨ੍ਹਾਂ ਦੀ ਅਪੀਲ ਇਰਾਨੀ ਦੇ ਸਰਕਾਰੀ ਰਿਹਾਇਸ਼ ਖਾਲੀ ਕਰਨ ਤੋਂ ਬਾਅਦ ਕਈ ਸੋਸ਼ਲ ਮੀਡੀਆ ਪ੍ਰਯੋਗਕਰਤਾਵਾਂ ਵਲੋਂ ਉਨ੍ਹਾਂ ਵਿਰੁਧ ਵਿਅੰਗਾਤਮਕ ਟਿਪਣੀਆਂ ਪੋਸਟ ਕਰਨ ਤੋਂ ਬਾਅਦ ਆਈ ਹੈ। ਇਰਾਨੀ ਨੇ ਅਮੇਠੀ ਤੋਂ ਹਾਲ ਹੀ ’ਚ ਹੋਈਆਂ ਲੋਕ ਸਭਾ ਚੋਣਾਂ ’ਚ ਹਾਰ ਤੋਂ ਬਾਅਦ ਅਪਣੀ ਸਰਕਾਰੀ ਰਿਹਾਇਸ਼ ਖਾਲੀ ਕਰ ਦਿਤੀ ਸੀ। ਉਨ੍ਹਾਂ ਨੂੰ ਕਾਂਗਰਸ ਦੇ ਕਿਸ਼ੋਰੀ ਲਾਲ ਸ਼ਰਮਾ ਨੇ ਹਰਾਇਆ ਸੀ।
ਰਾਹੁਲ ਗਾਂਧੀ ਨੇ ‘ਐਕਸ’ ’ਤੇ ਪੋਸਟ ਕੀਤਾ, ‘‘ਜ਼ਿੰਦਗੀ ’ਚ ਹਾਰ ਅਤੇ ਜਿੱਤ ਹੁੰਦੀ ਹੈ। ਮੈਂ ਸਾਰਿਆਂ ਨੂੰ ਅਪੀਲ ਕਰਦਾ ਹਾਂ ਕਿ ਉਹ ਸ਼੍ਰੀਮਤੀ ਸਮ੍ਰਿਤੀ ਇਰਾਨੀ ਜਾਂ ਕਿਸੇ ਹੋਰ ਆਗੂ ਪ੍ਰਤੀ ਅਪਮਾਨਜਨਕ ਭਾਸ਼ਾ ਦੀ ਵਰਤੋਂ ਕਰਨ ਅਤੇ ਮਾੜੇ ਵਿਵਹਾਰ ਤੋਂ ਪਰਹੇਜ਼ ਕਰਨ।’’ ਉਨ੍ਹਾਂ ਕਿਹਾ, ‘‘ਲੋਕਾਂ ਨੂੰ ਅਪਮਾਨਿਤ ਕਰਨਾ ਕਮਜ਼ੋਰੀ ਦੀ ਨਿਸ਼ਾਨੀ ਹੈ, ਤਾਕਤ ਦੀ ਨਹੀਂ।’’
ਜਦਕਿ ਭਾਜਪਾ ਦੇ ਆਈਟੀ ਸੈੱਲ ਦੇ ਮੁਖੀ ਅਮਿਤ ਮਾਲਵੀਆ ਨੇ ਰਾਹੁਲ ਗਾਂਧੀ 'ਤੇ ਜਵਾਬੀ ਹਮਲਾ ਕਰਦਿਆਂ ਦੋਸ਼ ਲਾਇਆ ਕਿ ਉਨ੍ਹਾਂ ਨੇ ਕਾਂਗਰਸ ਨੇਤਾਵਾਂ ਨੂੰ ਭੇਡਿਆਂ ਵਾਂਗ ਭੜਕਾਉਣ ਤੋਂ ਬਾਅਦ ਧੋਖਾਧੜੀ ਦਾ ਸੰਦੇਸ਼ ਭੇਜਿਆ ਹੈ।
ਮਾਲਵੀਆ ਨੇ ਐਕਸ 'ਤੇ ਪੋਸਟ ਕੀਤਾ, "ਇਹ ਹੁਣ ਤੱਕ ਦਾ ਸਭ ਤੋਂ ਘਾਤਕ ਸੰਦੇਸ਼ ਹੈ। ਅਮੇਠੀ 'ਚ ਰਾਹੁਲ ਗਾਂਧੀ ਨੂੰ ਹਰਾਉਣ ਵਾਲੀ ਅਤੇ ਉਨ੍ਹਾਂ ਦੀ ਹਉਮੈ ਤੋੜਨ ਵਾਲੀ ਔਰਤ 'ਤੇ ਕਾਂਗਰਸ ਨੇਤਾਵਾਂ ਨੂੰ ਭੇਡਿਆਂ ਦੇ ਟੋਲੇ ਵਾਂਗ ਛੱਡ ਦਿੱਤਾ ਗਿਆ। ਇਸ ਤੱਥ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਸਮ੍ਰਿਤੀ ਇਰਾਨੀ ਨੇ "ਬਾਲਕ ਬੁੱਧੀ" ਨੂੰ ਅਮੇਠੀ ਛੱਡਣ ਲਈ ਮਜਬੂਰ ਕੀਤਾ। ’’