
ਦੱਖਣੀ ਅਫਰੀਕਾ ਨੂੰ 134 ਦੌੜਾਂ ਨਾਲ ਹਰਾਇਆ
ਲਖਨਊ: ਕ੍ਰਿਕਟ ਵਿਸ਼ਵ ਕੱਪ ਦਾ 10ਵਾਂ ਮੈਚ ਅੱਜ ਲਖਨਊ ਦੇ ਅਟਲ ਬਿਹਾਰੀ ਵਾਜਪਈ ਸਟੇਡੀਅਮ ਵਿਖੇ ਦਖਣੀ ਅਫ਼ਰੀਕਾ ਤੇ ਆਸਟਰੇਲੀਆ ਵਿਚਕਾਰ ਖੇਡਿਆ ਗਿਆ। ਟਾਸ ਜਿੱਤ ਆਸਟਰੇਲੀਆ ਨੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਲਿਆ ਪਰ ਇਹ ਫ਼ੈਸਲਾ ਆਸਟਰੇਲੀਆ ਨੂੰ ਭਾਰੀ ਪੈ ਗਿਆ।
ਆਸਟਰੇਲੀਆ ਪੱਲੇ ਦੂਜੇ ਮੈਚ ’ਚ ਵੀ ਹਾਰ ਪਈ। ਉਸ ਨੂੰ ਦੂਜੇ ਮੈਚ ’ਚ ਦਖਣੀ ਅਫ਼ਰੀਕਾ ਹੱਥੋਂ 134 ਦੌੜਾਂ ਨਾਲ ਹਾਰ ਮਿਲੀ। ਪਹਿਲਾਂ ਬੱਲੇਬਾਜ਼ੀ ਕਰਦਿਆਂ ਦਖਣੀ ਅਫ਼ਰੀਕਾ ਨੇ ਆਸਟਰੇਲੀਆ ਨੂੰ 7 ਵਿਕਟਾਂ ਗੁਆ ਕੇ 312 ਦੌੜਾਂ ਦਾ ਟੀਚਾ ਦਿਤਾ। ਇਸ ਵਿਚ ਡੀ-ਕਾਕ ਦਾ ਸੈਂਕੜਾ ਵੀ ਸ਼ਾਮਲ ਹੈ। ਉਸ ਨੇ 106 ਗੇਂਦਾਂ ’ਤੇ 109 ਦੌੜਾਂ ਬਣਾਈਆਂ। ਇਸ ਤੋਂ ਬਾਅਦ ਮਾਰਕਮ ਨੇ 56 ਦੌੜਾਂ ਦਾ ਯੋਗਦਾਨ ਪਾਇਆ।
ਆਸਟਰੇਲੀਆ ਵਲੋਂ ਸਟਾਰਕ ਤੇ ਮੈਕਸਵੈਲ ਨੇ ਦੋ-ਦੋ ਵਿਕਟਾਂ ਲਈਆਂ।
ਇਸ ਤੋਂ ਬਾਅਦ ਬੱਲੇਬਾਜ਼ੀ ਕਰਨ ਉਤਰੀ ਆਸਟਰੇਲੀਆ ਦੀ ਟੀਮ ਤਾਸ਼ ਦੇ ਪੱਤਿਆਂ ਵਾਂਗ ਖਿਲਰ ਗਈ। ਉਸ ਦੇ ਮੁੱਢਲੇ ਬੱਲੇਬਾਜ਼ਾਂ ਨੇ ਦਖਣੀ ਅਫ਼ਰੀਕਾ ਦੇ ਗੇਂਦਬਾਜ਼ਾਂ ਅੱਗੇ ਗੋਡੇ ਟੇਕ ਦਿਤੇ। ਆਸਟਰੇਲੀਆ ਵਲੋਂ ਸੱਭ ਤੋਂ ਵੱਧ 46 ਦੌੜਾਂ ਲੱਭੂਸ਼ੇਨ ਨੇ ਬਣਾਈਆਂ। ਇਸ ਤਰ੍ਹਾਂ ਆਸਟਰੇਲੀਆ ਦੀ ਪੂਰੀ ਟੀਮ 40.5 ਓਵਰਾਂ ਵਿਚ 177 ਦੌੜਾਂ ਬਣਾ ਕੇ ਆਊਟ ਹੋ ਗਈ। ਦਖਣੀ ਅਫ਼ਰੀਕਾ ਵਲੋਂ ਰਵਾਡਾ ਨੇ ਤਿੰਨ ਵਿਕਟਾਂ ਲਈਆਂ। ਆਸਟਰੇਲੀਆ ਨੂੰ ਭਾਰਤ ਤੋਂ ਬਾਅਦ ਦਖਣੀ ਅਫ਼ਰੀਕਾ ਨੇ ਵੀ ਢਾਹ ਲਿਆ। (ਏਜੰਸੀ)