
ਜ਼ਿਆਦਾ ਮੀਂਹ ਦੇ ਮੱਦੇਨਜ਼ਰ ਦਿਲ ਅਤੇ ਫੇਫੜਿਆਂ ਦੀਆਂ ਬੀਮਾਰੀਆਂ ਸਮੇਤ ਮੌਤ ਦਾ ਖਤਰਾ ਵਧ ਗਿਆ
Heavy Rain : ਜ਼ਿਆਦਾ ਮੀਂਹ ਦੇ ਮੱਦੇਨਜ਼ਰ ਦਿਲ ਅਤੇ ਫੇਫੜਿਆਂ ਦੀਆਂ ਬੀਮਾਰੀਆਂ ਸਮੇਤ ਮੌਤ ਦਾ ਖਤਰਾ ਵਧ ਗਿਆ ਹੈ। ਇਹ ਜਾਣਕਾਰੀ ਇਕ ਅਧਿਐਨ ਤੋਂ ਮਿਲੀ ਹੈ।
ਦੁਨੀਆਂ ਭਰ ’ਚ 62,000 ਤੋਂ ਵੱਧ ਮੀਂਹ ਕਾਰਨ ਵਾਪਰੀਆਂ ਘਟਨਾਵਾਂ ’ਤੇ ਆਧਾਰਤ ਇਕ ਅਧਿਐਨ ’ਚ ਖੋਜਕਰਤਾਵਾਂ ਨੇ ਕਿਹਾ ਕਿ ਜਲਵਾਯੂ ਪਰਿਵਰਤਨ ਕਾਰਨ ਪੈਣ ਵਾਲੇ ਬੇਹੱਦ ਤੇਜ਼ ਅਤੇ ਅਕਸਰ ਥੋੜ੍ਹੀ ਮਿਆਦ ਦਾ ਮੀਂਹ ਇਸ ਗੱਲ ਦਾ ਸਬੂਤ ਦਿੰਦਾ ਹੈ ਕਿ ਇਨ੍ਹਾਂ ਘਟਨਾਵਾਂ ਅਤੇ ਉਨ੍ਹਾਂ ਦੇ ਮਾੜੇ ਸਿਹਤ ਪ੍ਰਭਾਵਾਂ, ਖਾਸ ਤੌਰ ’ਤੇ ਛੂਤ ਦੀਆਂ ਬਿਮਾਰੀਆਂ ਦੇ ਫੈਲਣ ਵਿਚਾਲੇ ਮਜ਼ਬੂਤ ਸਬੰਧ ਹੈ।
ਉਨ੍ਹਾਂ ਕਿਹਾ ਕਿ ਜਰਮਨ ਰੀਸਰਚ ਸੈਂਟਰ ਫਾਰ ਇਨਵਾਇਰਨਮੈਂਟਲ ਹੈਲਥ ਦੇ ਖੋਜਕਰਤਾ ਵੀ ਇਸ ਅਧਿਐਨ ’ਚ ਸ਼ਾਮਲ ਸਨ। ਅਧਿਐਨ ਇਸ ਬਾਰੇ ਇਕ ਵਿਸ਼ਵਵਿਆਪੀ ਦ੍ਰਿਸ਼ਟੀਕੋਣ ਪ੍ਰਦਾਨ ਕਰਦਾ ਹੈ ਕਿ ਬਹੁਤ ਜ਼ਿਆਦਾ ਮੀਂਹ ਸਿਹਤ ਨੂੰ ਕਿਵੇਂ ਪ੍ਰਭਾਵਤ ਕਰ ਸਕਦੀ ਹੈ। ਇਹ ਅਧਿਐਨ ਬ੍ਰਿਟਿਸ਼ ਮੈਡੀਕਲ ਜਰਨਲ ’ਚ ਪ੍ਰਕਾਸ਼ਿਤ ਹੋਇਆ ਹੈ।
ਉਨ੍ਹਾਂ ਨੇ 34 ਦੇਸ਼ਾਂ ਅਤੇ ਖੇਤਰਾਂ ਦੇ 645 ਸਥਾਨਾਂ ਤੋਂ 1980 ਤੋਂ 2020 ਤਕ ਰੀਕਾਰਡ ਕੀਤੀਆਂ ਰੋਜ਼ਾਨਾ ਮੌਤਾਂ ਅਤੇ ਮੀਂਹ ਦੇ ਅੰਕੜਿਆਂ ਨੂੰ ਵੇਖਿਆ। ਕਿਸੇ ਵੀ ਕਾਰਨ ਕਰਕੇ ਕੁਲ 10 ਕਰੋੜ ਮੌਤਾਂ ਅਤੇ ਦਿਲ ਅਤੇ ਫੇਫੜਿਆਂ ਦੀਆਂ ਬਿਮਾਰੀਆਂ ਕਾਰਨ ਕ੍ਰਮਵਾਰ 31 ਮਿਲੀਅਨ ਅਤੇ 11.5 ਮਿਲੀਅਨ ਤੋਂ ਵੱਧ ਮੌਤਾਂ ਦਾ ਵਿਸ਼ਲੇਸ਼ਣ ਕੀਤਾ ਗਿਆ।
ਬਹੁਤ ਹੀ ਮੀਂਹ ਵਾਲੇ ਦਿਨ ਦਾ ਸਬੰਧ ‘ਬਹੁਤ ਖਰਾਬ’ ਮੌਸਮ ਤੋਂ ਬਾਅਦ 14 ਦਿਨਾਂ ਤਕ ਕਿਸੇ ਵੀ ਕਾਰਨ ਕਰ ਕੇ ਮੌਤਾਂ ’ਚ 8 ਫ਼ੀ ਸਦੀ ਦੇ ਵਾਧੇ ਨਾਲ ਜੁੜਿਆ ਹੋਇਆ ਸੀ। ਅਜਿਹੀਆਂ ਘਟਨਾਵਾਂ ਮੀਂਹ ਤੋਂ ਬਾਅਦ ਪੰਦਰਵਾੜੇ ’ਚ ਦਿਲ ਦੀਆਂ ਬਿਮਾਰੀਆਂ ਕਾਰਨ ਹੋਣ ਵਾਲੀਆਂ ਮੌਤਾਂ ’ਚ ਪੰਜ ਫ਼ੀ ਸਦੀ ਅਤੇ ਫੇਫੜਿਆਂ ਨਾਲ ਸਬੰਧਤ ਮੌਤਾਂ ’ਚ ਲਗਭਗ 30 ਫ਼ੀ ਸਦੀ ਦੇ ਵਾਧੇ ਨਾਲ ਜੁੜੀਆਂ ਹੋਈਆਂ ਹਨ।