
ਰਾਜੇਵਾਲ ਨੇ ਪ੍ਰਦਰਸ਼ਨਕਾਰੀ ਕਿਸਾਨਾਂ ਨੂੰ ਚੌਕਸ ਰਹਿਣ ਦੀ ਕੀਤੀ ਅਪੀਲ
ਨਵੀਂ ਦਿੱਲੀ: ਸੰਘਰਸ਼ ਵਿਚ ਸ਼ਾਮਲ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਕਿਸਾਨੀ ਮੋਰਚੇ ਨੂੰ ਗਲਤ ਰੰਗਤ ਦੇ ਕੇ ਵਿਗਾੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਹਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਅੰਦੋਲਨ ਤੁਹਾਡਾ ਹੈ, ਜਿਸ ਪਾਸੇ ਲੈ ਕੇ ਜਾਣਾ ਹੈ, ਉਸ ਵਿਚ ਤੁਹਾਡਾ ਹੀ ਯੋਗਦਾਨ ਹੋਵੇਗਾ।
Balbir Singh Rajewal
ਰਾਜੇਵਾਲ ਨੇ ਕਿਹਾ ਕਿ ਉਹ ਅਪਣੀ ਜ਼ਿੰਮੇਵਾਰੀ ਨਿਭਾਅ ਰਹੇ ਹਨ ਤੇ ਅੱਗੇ ਵੀ ਨਿਭਾਉਂਦੇ ਰਹਿਣਗੇ ਤੇ ਕਿਸੇ ਵੀ ਤਰ੍ਹਾਂ ਕਿਸਾਨਾਂ ਦਾ ਸਿਰ ਨੀਵਾਂ ਨਹੀਂ ਹੋਣ ਦੇਆਂਗੇ। ਪਰ ਕਿਸਾਨਾਂ ਦੀ ਵੀ ਇਕ ਜ਼ਿੰਮੇਵਾਰੀ ਹੈ। ਉਹਨਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਜੇਕਰ ਕਿਸੇ ਮੁੱਦੇ ਬਾਰੇ ਜਾਣਕਾਰੀ ਨਹੀਂ ਹੈ ਤਾਂ ਕੈਮਰਿਆਂ ਅੱਗੇ ਖੜ੍ਹ ਕੇ ਬਿਆਨ ਨਾ ਦਿਓ।
Balbir Singh Rajewal
ਉਹਨਾਂ ਦੱਸਿਆ ਕਿ ਉਹ ਇਹ ਮੀਟਿੰਗ ਵਿਚ ਮੁੱਦਾ ਚੁੱਕਣਗੇ ਕਿ ਕੁਝ ਮੀਡੀਆ ਚੈਨਲਾਂ ਦਾ ਬਾਈਕਾਟ ਕੀਤਾ ਜਾਵੇ। ਕਿਸਾਨਾਂ ਦੇ ਅੰਦੋਲਨ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਜਿਹੜੇ ਮੀਡੀਆ ਚੈਨਲ ਕਿਸਾਨਾਂ ਨੂੰ ਗੁੰਮਰਾਹ ਕਰਨਗੇ, ਉਹਨਾਂ ਖਿਲਾਫ਼ ਕਾਰਵਾਈ ਕੀਤੀ ਜਾਵੇਗੀ। ਬਲਬੀਰ ਰਾਜੇਵਾਲ ਨੇ ਕਿਸਾਨਾਂ ਨੂੰ ਅਨੁਸ਼ਾਸਨ ‘ਚ ਰਹਿਣ ਦੀ ਅਪੀਲ ਕੀਤੀ। ਉਹਨਾਂ ਕਿਹਾ ਕਿ ਇਹ ਅੰਦੋਲਨ ਜਾਇਜ਼ ਹੈ ਤੇ ਸੱਚ ‘ਤੇ ਅਧਾਰਤ ਹੈ, ਇਸ ਲਈ ਸਰਕਾਰ ਕੋਲ ਕਿਸਾਨਾਂ ਦੀਆਂ ਗੱਲਾਂ ਦਾ ਕੋਈ ਜਵਾਬ ਨਹੀਂ ਹੈ।
Balbir Singh Rajewal
ਅਮਰੀਕਾ ਦੇ ਚਾਰ ਪਾਰਲੀਮੈਂਟ ਮੈਂਬਰਾਂ ਨੇ ਭਾਰਤੀ ਅੰਬੈਸੀ ਰਾਹੀਂ ਸਰਕਾਰ ਨੂੰ ਲਿਖਿਆ ਕਿ ਸਰਕਾਰ ਅਪਣੇ ਦੇਸ਼ ਦੇ ਕਿਸਾਨਾਂ ਨਾਲ ਧੱਕਾ ਕਰ ਰਹੀ ਹੈ। ਚਿੱਠੀ ਵਿਚ ਵਿਸਥਾਰ ਨਾਲ ਲਿਖਿਆ ਗਿਆ ਹੈ ਕਿ ਠੰਢ ਵਿਚ ਕਿਸਾਨਾਂ ‘ਤੇ ਪਾਣੀ ਦੀਆਂ ਬੁਛਾੜਾਂ ਸੁੱਟਣਾ ਤੇ ਅੱਥਰੂ ਗੈਸ ਨਾਲ ਹਮਲਾ ਕਰਨਾ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੈ। ਉਹਨਾਂ ਨੇ ਇਸ ਚਿੱਠੀ ਦੀ ਕਾਪੀ ਬਲਬੀਰ ਸਿੰਘ ਰਾਜੇਵਾਲ ਨੂੰ ਵੀ ਭੇਜੀ।
Farmer Protest
ਉਹਨਾਂ ਕਿਹਾ ਕਿ ਸਾਰੀ ਦੁਨੀਆਂ ਇਸ ਅੰਦੋਲਨ ਵੱਲ ਦੇਖ ਰਹੀ ਹੈ ਤੇ ਦੁਨੀਆਂ ਭਰ ਦੀਆਂ ਪਾਰਲੀਮੈਂਟਾਂ ਵਿਚ ਇਸ ਅੰਦੋਲਨ ਦੀ ਚਰਚਾ ਹੋ ਰਹੀ ਹੈ। ਟੋਰਾਂਟੋ ਵਿਚ ਕਿਸਾਨਾਂ ਲਈ ਅੱਜ ਤੱਕ ਦਾ ਸਭ ਤੋਂ ਵੱਡਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਇਸ ਲਈ ਇਹ ਖਿਆਲ ਰੱਖਣ ਦੀ ਲੋੜ ਹੈ ਕੇ ਵਿਦੇਸਾਂ ਵਿਚ ਬੈਠੇ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਨਾ ਪਹੁੰਚਾਈ ਜਾਵੇ। ਬਲਬੀਰ ਸਿੰਘ ਰਾਜੇਵਾਲ ਨੇ ਪ੍ਰਦਰਸ਼ਨਕਾਰੀ ਕਿਸਾਨਾਂ ਨੂੰ ਚੌਕਸ ਰਹਿਣ ਦੀ ਅਪੀਲ ਕੀਤੀ।