
ਉਹਨਾਂ ਕਿਹਾ ਕਿ ਮੋਦੀ ਸਰਕਾਰ ਪੁੱਛਦੀ ਹੈ ਕਿ ਕਾਂਗਰਸ ਨੇ 70 ਸਾਲਾਂ 'ਚ ਕੀ ਕੀਤਾ? ਮੈਂ ਕਹਿੰਦੀ ਹਾਂ, '70 ਸਾਲਾਂ ਦੀ ਗੱਲ ਛੱਡੋ, ਦੱਸੋ 7 ਸਾਲਾਂ 'ਚ ਤੁਸੀਂ ਕੀ ਕੀਤਾ?'
ਜੈਪੁਰ: ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਵਧਦੀ ਮਹਿੰਗਾਈ ਨੂੰ ਲੈ ਕੇ ਐਤਵਾਰ ਨੂੰ ਕੇਂਦਰ ਸਰਕਾਰ 'ਤੇ ਨਿਸ਼ਾਨਾ ਸਾਧਦੇ ਹੋਏ ਆਰੋਪ ਲਾਇਆ ਕਿ ਕੇਂਦਰ ਸਰਕਾਰ ਲੋਕ ਭਲਾਈ ਨਹੀਂ ਚਾਹੁੰਦੀ ਅਤੇ ਉਹ ਸਿਰਫ ਕੁਝ ਉਦਯੋਗਪਤੀਆਂ ਲਈ ਕੰਮ ਕਰ ਰਹੀ ਹੈ।
Priyanka Gandhi Vadra
ਜੈਪੁਰ 'ਚ ਕਾਂਗਰਸ ਦੀ ਮਹਿੰਗਾਈ ਹਟਾਓ ਮਹਾਰੈਲੀ ਨੂੰ ਸੰਬੋਧਨ ਕਰਦਿਆਂ ਉਹਨਾਂ ਕਿਹਾ, 'ਕੇਂਦਰ 'ਚ ਜੋ ਸਰਕਾਰ ਹੈ, ਯਕੀਨੀ ਤੌਰ ’ਤੇ ਉਹ ਲੋਕਾਂ ਦੀ ਭਲਾਈ ਨਹੀਂ ਚਾਹੁੰਦੀ। ਉਹ ਤੁਹਾਡੇ ਲਈ ਕੰਮ ਨਹੀਂ ਕਰ ਰਹੀ ਹੈ। ਕਿਸ ਦੇ ਲਈ ਕੰਮ ਕਰ ਰਹੀ ਹੈ? ਪੂਰਾ ਦੇਸ਼, ਪੂਰੀ ਦੁਨੀਆ ਦੇਖ ਰਹੀ ਹੈ ਕਿ ਇਹ ਸਰਕਾਰ ਕੁਝ ਗਿਣੇ-ਚੁਣੇ ਉਦਯੋਗਪਤੀਆਂ ਲਈ ਕੰਮ ਕਰ ਰਹੀ ਹੈ’।
Mehangai Hatao Rally
ਪ੍ਰਿਯੰਕਾ ਗਾਂਧੀ ਵਾਡਰਾ ਨੇ ਕਿਹਾ, 'ਦੋ ਤਰ੍ਹਾਂ ਦੀਆਂ ਸਰਕਾਰਾਂ ਹੁੰਦੀਆਂ ਹਨ। ਇਕ ਸਰਕਾਰ ਦਾ ਟੀਚਾ ਲੋਕਾਂ ਦੀ ਸੇਵਾ, ਸਮਰਪਣ ਅਤੇ ਸੱਚ ਦੀ ਗੱਲ ਕਰਨਾ ਹੁੰਦਾ ਹੈ। ਇਕ ਸਰਕਾਰ ਅਜਿਹੀ ਹੁੰਦੀ ਹੈ ਜਿਸ ਦਾ ਉਦੇਸ਼ ਝੂਠ, ਲਾਲਚ ਅਤੇ ਲੁੱਟ ਹੈ...ਮੌਜੂਦਾ ਕੇਂਦਰ ਸਰਕਾਰ ਦਾ ਉਦੇਸ਼ ਝੂਠ, ਲਾਲਚ ਅਤੇ ਲੁੱਟ ਹੈ।'
ਉਹਨਾਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਵਾਰ-ਵਾਰ ਪੁੱਛਦੀ ਹੈ ਕਿ ਕਾਂਗਰਸ ਨੇ 70 ਸਾਲਾਂ 'ਚ ਕੀ ਕੀਤਾ? ਮੈਂ ਕਹਿੰਦੀ ਹਾਂ, '70 ਸਾਲਾਂ ਦੀ ਗੱਲ ਛੱਡੋ, ਦੱਸੋ ਸੱਤ ਸਾਲਾਂ 'ਚ ਤੁਸੀਂ ਕੀ ਕੀਤਾ?'
Priyanka Gandhi Vadra
ਉਹਨਾਂ ਕਿਹਾ ਕਿ ਪੀਐਮ ਮੋਦੀ ਸੈਰ ਸਪਾਟੇ 'ਚ ਰੁੱਝੇ ਹੋਏ ਹਨ। ਉਹਨਾਂ ਨੇ ਦੁਨੀਆ ਦੀ ਯਾਤਰਾ ਕੀਤੀ ਪਰ ਕਿਸਾਨਾਂ ਨਾਲ ਗੱਲ ਕਰਨ ਲਈ ਦਿੱਲੀ ਨਹੀਂ ਜਾ ਸਕੇ। ਪ੍ਰਿਯੰਕਾ ਗਾਂਧੀ ਨੇ ਲੋਕਾਂ ਦੇ ਸਾਹਮਣੇ ਸ਼ਿਕਾਇਤ ਵੀ ਕੀਤੀ। ਉਹਨਾਂ ਕਿਹਾ ਕਿ ਜਦੋਂ ਚੋਣਾਂ ਆਉਂਦੀਆਂ ਹਨ ਤਾਂ ਭਾਜਪਾ ਵਾਲੇ ਜਾਤ-ਪਾਤ, ਧਰਮ, ਚੀਨ-ਪਾਕਿਸਤਾਨ ਦੀਆਂ ਗੱਲਾਂ ਕਰਨ ਲੱਗ ਜਾਂਦੇ ਹਨ। ਜਦੋਂ ਚੋਣਾਂ ਹੋਣਗੀਆਂ ਤਾਂ ਇਸ ਭਾਜਪਾ ਸਰਕਾਰ ਤੋਂ ਜਵਾਬ ਮੰਗੋ।
Mehangai Hatao Rally
ਉਹਨਾਂ ਨੂੰ ਪੁੱਛੋ ਕਿ ਤੁਸੀਂ ਲੋਕਾਂ ਲਈ ਕੀ ਕੀਤਾ ਹੈ? ਜੇਕਰ ਕਿਸਾਨ ਨੂੰ ਦੇਣ ਲਈ ਪੈਸੇ ਨਹੀਂ ਤਾਂ ਹਜ਼ਾਰਾਂ ਕਰੋੜ ਦਾ ਜਹਾਜ਼ ਕਿਉਂ ਖਰੀਦਿਆ ਗਿਆ? ਉਹਨਾਂ ਕਿਹਾ ਕਿ ਭਾਜਪਾ ਸਰਕਾਰ ਤੋਂ ਜਵਾਬ ਮੰਗਣਾ ਲੋਕਾਂ ਦੀ ਜ਼ਿੰਮੇਵਾਰੀ ਹੈ। ਕਾਂਗਰਸ ਆਗੂ ਨੇ ਕਿਹਾ ਕਿ ਕਾਂਗਰਸ ਨੇ 70 ਸਾਲਾਂ 'ਚ ਦੇਸ਼ 'ਚ ਜੋ ਕੁਝ ਬਣਾਇਆ ਹੈ, ਉਸ ਨੂੰ ਭਾਜਪਾ ਸਰਕਾਰ ਵੇਚਣਾ ਚਾਹੁੰਦੀ ਹੈ। ਇਸ ਰੈਲੀ 'ਚ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ, ਰਾਹੁਲ ਗਾਂਧੀ, ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਸਮੇਤ ਕਾਂਗਰਸ ਦੇ ਕਈ ਸੀਨੀਅਰ ਆਗੂ ਮੌਜੂਦ ਸਨ।