
ਪ੍ਰਧਾਨ ਮੰਤਰੀ ਵਿਰੁਧ ਇਤਰਾਜ਼ਯੋਗ ਟਿਪਣੀਆਂ ਕਰਨਾ ਦਾ ਕਾਂਗਰਸ ਦਾ ਪੁਰਾਣਾ ਇਤਿਹਾਸ ਰਿਹਾ ਹੈ
ਨਵੀਂ ਦਿੱਲੀ : ਕੇਂਦਰੀ ਮੰਤਰੀਆਂ ਸਮੇਤ ਭਾਜਪਾ ਆਗੂਆਂ ਨੇ ਪ੍ਰਧਾਨ ਮੰਤਰੀ ਮੋਦੀ ਵਿਰੁਧ ਕਾਂਗਰਸ ਆਗੂ ਰਾਜਾ ਪਟੇਰੀਆ ਵਲੋਂ ਕੀਤੀ ਗਈ ਵਿਵਾਦਤ ਟਿਪਣੀ ਲਈ ਸੋਮਵਾਰ ਨੂੰ ਮੁੱਖ ਵਿਰੋਧੀ ਧਿਰ ’ਤੇ ਨਿਸ਼ਾਨਾ ਸਾਧਿਆ। ਕੇਂਦਰੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਪਟੇਰੀਆ ਦੇ ਇਸ ਬਿਆਨ ਲਈ ਕਾਂਗਰਸ ਦੀ ਸਖ਼ਤ ਨਿਖੇਧੀ ਕੀਤੀ ਅਤੇ ਕਿਹਾ, ‘‘ਇਸ ਕਾਂਗਰਸ ਦੀ ਹਿੰਸਕ ਮਾਨਸਿਕਤਾ ਦੇ ਕਾਰਨ ਹੀ ਦੇਸ਼ ਭਰ ਵਿਚ ਕਾਂਗਰਸ ਦਾ ਪ੍ਰਭਾਵ ਹੋਇਆ ਹੈ।’’ ਉਨ੍ਹਾਂ ਕਿਹਾ ਕਿ ਇਸ ‘‘ਨਿੰਦਣਯੋਗ ਅਤੇ ਘਿਣਾਉਣੇ’’ ਬਿਆਨ ਲਈ ਕਾਂਗਰਸ ਦੀ ਸੀਨੀਅਰ ਲਿਡਰਸ਼ਿਪ ਨੂੰ ਮਾਫ਼ੀ ਮੰਗਣੀ ਚਾਹੀਦੀ ਅਤੇ ਮੱਧ ਪ੍ਰਦੇਸ਼ ਸਰਕਾਰ ਨੂੰ ਘਟਨਾ ਦਾ ਨੋਟਿਸ ਲੈ ਕੇ ਬਣਦੀ ਕਾਰਵਾਈ ਕਰਨੀ ਚਾਹੀਦੀ ਹੈ।
ਕੇਂਦਰੀ ਮੰਤਰੀ ਅਸ਼ਵਨੀ ਚੌਬੇ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਵਿਰੁਧ ਇਸ ਪ੍ਰਕਾਰ ਦੀ ਇਤਰਾਜਯੋਗ ਟਿਪਣੀ ਕਰਨ ਦਾ ਕਾਂਗਰਸ ਦਾ ਪੁਰਾਣਾ ਇਤਿਹਾਸ ਰਿਹਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਦੀ ਸਾਬਕਾ ਪ੍ਰਧਾਨ ਸੋਨੀਆ ਗਾਂਧੀ ਨੇ ਮੋਦੀ ਨੂੰ ‘‘ਮੌਤ ਦਾ ਸੌਦਾਗਰ’’ ਕਿਹਾ ਸੀ, ਉਥੇ ਹੀ ਮੌਜੂਦਾ ਪ੍ਰਧਾਨ ਮੱਲਿਕਾਰਜੁਨ ਖੜਗੇ ਨੇ ਹਾਲ ਹੀ ਵਿਚ ਪ੍ਰਧਾਨ ਮੰਤਰੀ ਦੀ ਤੁਲਨਾ ‘‘ਰਾਵਣ’’ ਨਾਲ ਕੀਤੀ ਸੀ। ਉਨ੍ਹਾਂ ਕਿਹਾ ਕਿ ਪਟੇਰੀਆ ਦਾ ਬਿਆਨ ਕਾਂਗਰਸ ਸ਼ਾਸਨ ਦੌਰਾਨ ਪੈਦਾ ਹੋਈ ‘‘ਕਤਲ ਦੀ ਰਾਜਨੀਤੀ’’ ਨੂੰ ਦਰਸ਼ਾਉਂਦਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਨੂੰ ਦੇਸ਼ ਦੀ ਜਨਤਾ ਨੇ ਸਮੇਂ ਸਮੇਂ ’ਤੇ ਸਬਕ ਸਿਖਾਇਆ ਹੈ, ਪਰ ਫਿਰ ਵੀ ਉਸ ਨੇ ਕੁੱਝ ਨਹੀਂ ਸਿਖਿਆ।
ਕਾਂਗਰਸ ਨੇ ਅਪਣੇ ਨੇਤਾ ਦੀ ਟਿਪਣੀ ਦੀ ਕੀਤੀ ਨਿੰਦਾ, ਸ਼ਬਦਾਂ ਦੀ ਹਿੰਸਾ ਸਵੀਕਾਰ ਨਹੀਂ ਕੀਤੀ ਜਾ ਸਕਦੀ
ਨਵੀਂ ਦਿੱਲੀ : ਕਾਂਰਗਸ ਨੇ ਪ੍ਰਧਾਨ ਮੰਤਰੀ ਵਿਰੁਧ ਮੱਧ ਪ੍ਰਦੇਸ਼ ਦੇ ਅਪਣੇ ਨੇਤਾ ਰਾਜਾ ਪਟੇਰੀਆ ਦੀ ਟਿਪਣੀ ਨੂੰ ‘ਅਸ਼ਲੀਲ’ ਕਰਾਰ ਦਿੰਦੇ ਹੋਏ ਸੋਮਵਾਰ ਨੂੰ ਕਿਹਾ ਕਿ ਇਸ ਤਰ੍ਹਾਂ ਦੀਆਂ ਟਿਪਣੀਆਂ ਨੂੰ ਸਵੀਕਾਰ ਨਹੀਂ ਕੀਤਾ ਜਾ ਸਕਦਾ ਹੈ ਅਤੇ ਉਹ ਇਸ ਦੀ ਨਿੰਦਾ ਕਰਦੀ ਹੈ। ਪਾਰਟੀ ਦੇ ਮੀਡੀਆ ਅਤੇ ਪ੍ਰਚਾਰ ਮੁਖੀ ਪਵਨ ਖੇੜਾ ਨੇ ਕਿਹਾ, ‘‘ਪ੍ਰਧਾਨ ਮੰਤਰੀ ਅਤੇ ਕਿਸੇ ਵਿਰੁਧ ਇਸ ਤਰ੍ਹਾਂ ਦੀ ਅਸ਼ਲੀਲ ਟਿਪਣੀ ਨਹੀਂ ਹੋਣੀ ਚਾਹੀਦੀ। ਕਾਂਗਰਸ ਇਸ ਦੀ ਨਿੰਦਾ ਕਰਦੀ ਹੈ। ਇਕ ਲੋਕਤੰਤਰ ’ਚ ਸ਼ਬਦਾਂ ਦੀ ਹਿੰਸਾ ਸਵੀਕਾਰ ਨਹੀਂ ਕੀਤੀ ਜਾ ਸਕਦੀ। ਜੇਕਰ ਜ਼ੁਬਾਨ ਫਿਸਲਣ ਨਾਲ ਵੀ ਅਜਿਹਾ ਹੋਇਆ ਹੈ, ਤਾਂ ਉਸ ਨੂੰ ਸਵੀਕਾਰ ਨਹੀਂ ਕੀਤਾ ਜਾ ਸਕਦਾ।’’