
ਕਿਹਾ- 2014 ਤੋਂ ਪਹਿਲਾਂ ਸਿਰਫ ਰੁਪਿਆ ਆਈਸੀਯੂ 'ਚ ਨਹੀਂ ਸੀ, ਸਗੋਂ ਪੂਰੀ ਅਰਥਵਿਵਸਥਾ ਆਈਸੀਯੂ 'ਚ ਸੀ
ਨਵੀਂ ਦਿੱਲੀ: ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਸੋਮਵਾਰ ਨੂੰ ਲੋਕ ਸਭਾ 'ਚ ਵਿਰੋਧੀ ਧਿਰ ਦੇ ਕੁਝ ਮੈਂਬਰਾਂ 'ਤੇ ਤੰਜ਼ ਕੱਸਦਿਆਂ ਕਿਹਾ ਕਿ ਜਦੋਂ ਦੇਸ਼ ਦੀ ਅਰਥਵਿਵਸਥਾ ਵਧ ਰਹੀ ਹੈ ਤਾਂ ਕਿਸੇ ਨੂੰ ਈਰਖਾ ਨਹੀਂ ਕਰਨੀ ਚਾਹੀਦੀ ਅਤੇ ਮਜ਼ਾਕ ਨਹੀਂ ਕਰਨਾ ਚਾਹੀਦਾ, ਸਗੋਂ ਇਸ 'ਤੇ ਮਾਣ ਕਰਨਾ ਚਾਹੀਦਾ ਹੈ। ਉਹਨਾਂ ਨੇ ਸਦਨ 'ਚ ਪ੍ਰਸ਼ਨ ਕਾਲ ਦੌਰਾਨ ਇਹ ਵੀ ਕਿਹਾ ਕਿ ''2014 ਤੋਂ ਪਹਿਲਾਂ ਸਿਰਫ ਰੁਪਿਆ ਆਈਸੀਯੂ 'ਚ ਨਹੀਂ ਸੀ, ਸਗੋਂ ਪੂਰੀ ਅਰਥਵਿਵਸਥਾ ਆਈਸੀਯੂ 'ਚ ਸੀ।''
ਕਾਂਗਰਸ ਦੇ ਸੰਸਦ ਮੈਂਬਰ ਏ. ਰੇਵੰਤ ਰੈੱਡੀ ਨੇ ਇਕ ਸਵਾਲ ਕਰਦੇ ਹੋਏ ਡਾਲਰ ਦੇ ਮੁਕਾਬਲੇ ਰੁਪਏ ਦੀ ਕੀਮਤ 'ਚ ਗਿਰਾਵਟ ਦੇ ਸੰਦਰਭ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਇਕ ਪੁਰਾਣੇ ਬਿਆਨ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਅੱਜ ਰੁਪਿਆ 83 ਨੂੰ ਪਾਰ ਕਰ ਗਿਆ ਹੈ ਤਾਂ ਸਰਕਾਰ ਇਸ ਨੂੰ 'ICU' ’ਚੋਂ ਬਾਹਰ ਕੱਢਣ ਲਈ ਕੀ ਕਰ ਰਹੀ ਹੈ।
ਇਸ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਸੀਤਾਰਮਨ ਨੇ ਕਿਹਾ, "ਜਦੋਂ ਪ੍ਰਧਾਨ ਮੰਤਰੀ (ਗੁਜਰਾਤ ਦੇ) ਮੁੱਖ ਮੰਤਰੀ ਸਨ ਤਾਂ ਉਸ ਸਮੇਂ ਦੇ ਉਹਨਾਂ ਦੇ ਬਿਆਨ 'ਤੇ ਸਵਾਲ ਪੁੱਛੇ ਜਾ ਰਹੇ ਹਨ। ਚੰਗਾ ਹੁੰਦਾ ਜੇਕਰ ਮੈਂਬਰਾਂ ਨੂੰ ਉਸ ਦੌਰ (2014 ਤੋਂ ਪਹਿਲਾਂ) ਦੀ ਅਰਥਵਿਵਸਥਾ ਦੇ ਹੋਰ ਸੂਚਕਾਂ ਦੀ ਯਾਦ ਦਿਵਾਈ ਜਾਂਦੀ। ਉਸ ਸਮੇਂ ਪੂਰੀ ਅਰਥਵਿਵਸਥਾ ਆਈਸੀਯੂ ਵਿਚ ਸੀ। ਸਿਰਫ਼ ਰੁਪਿਆ ਹੀ ਆਈਸੀਯੂ ਵਿਚ ਨਹੀਂ ਸੀ।''
ਉਹਨਾਂ ਕਿਹਾ, ''ਉਸ ਸਮੇਂ ਭਾਰਤ ਦੀ ਅਰਥਵਿਵਸਥਾ ਨੂੰ ਪੰਜ ਕਮਜ਼ੋਰ ਅਰਥਵਿਵਸਥਾਵਾਂ ਵਿਚ ਰੱਖਿਆ ਗਿਆ ਸੀ। ਉਸ ਸਮੇਂ ਵਿਦੇਸ਼ੀ ਮੁਦਰਾ ਭੰਡਾਰ ਹੇਠਾਂ ਵੱਲ ਸੀ।'' ਵਿੱਤ ਮੰਤਰੀ ਨੇ ਕਿਹਾ, “ਕੋਵਿਡ ਅਤੇ ਰੂਸ-ਯੂਕਰੇਨ ਯੁੱਧ ਦੇ ਬਾਵਜੂਦ ਸਾਡੀ ਅਰਥਵਿਵਸਥਾ ਸਭ ਤੋਂ ਤੇਜ਼ੀ ਨਾਲ ਵਧਣ ਵਾਲੀਆਂ ਅਰਥਵਿਵਸਥਾਵਾਂ 'ਚੋਂ ਇਕ ਹੈ। ਉਹਨਾਂ ਕਿਹਾ, ‘ਜੇਕਰ ਸਾਡੀ ਅਰਥਵਿਵਸਥਾ ਚੰਗੀ ਤਰ੍ਹਾਂ ਚੱਲ ਰਹੀ ਹੈ, ਅੱਗੇ ਵਧ ਰਹੀ ਹੈ ਤਾਂ ਲੋਕ ਸੜ ਰਹੇ ਹਨ। ਇਸ ’ਤੇ ਤਾਂ ਮਾਣ ਕਰਨਾ ਚਾਹੀਦਾ ਹੈ। ਇਸ ਦਾ ਮਜ਼ਾਕ ਉਡਾਉਣ ਵਾਲਿਆਂ ਨੂੰ ਸ਼ਰਮ ਆਉਣੀ ਚਾਹੀਦੀ ਹੈ”।
ਵਿੱਤ ਮੰਤਰੀ ਨੇ 'ਪਿਆਜ਼ ਨਾ ਖਾਣ' ਬਾਰੇ ਆਪਣੀ ਪੁਰਾਣੀ ਟਿੱਪਣੀ ਅਤੇ 'ਡਾਲਰ ਦੇ ਮਜ਼ਬੂਤ ਹੋਣ' ਬਾਰੇ ਉਹਨਾਂ ਦੇ ਬਿਆਨ 'ਤੇ ਸੋਸ਼ਲ ਮੀਡੀਆ 'ਤੇ ਬਣਾਏ ਜਾ ਰਹੇ ਮੀਮਜ਼ ਦਾ ਹਵਾਲਾ ਦਿੰਦੇ ਹੋਏ ਕਿਹਾ, "ਭਾਰਤ ਦਾ ਰੁਪਿਆ ਹਰ ਮੁਦਰਾ ਦੇ ਮੁਕਾਬਲੇ ਮਜ਼ਬੂਤ ਹੈ। ਅਮਰੀਕੀ ਫੈਡਰਲ ਰਿਜ਼ਰਵ ਦੀਆਂ ਨੀਤੀਆਂ ਕਾਰਨ ਡਾਲਰ ਮਜ਼ਬੂਤ ਹੋ ਰਿਹਾ ਹੈ”।