ਸੀਤਾਰਮਨ ਨੇ 'ਇੰਡੀਆ-ਯੂਐਸ ਬਿਜ਼ਨਸ ਐਂਡ ਇਨਵੈਸਟਮੈਂਟ ਅਪਰਚਿਊਨਿਟੀਜ਼' ਸਮਾਗਮ ਵਿਚ ਕਿਹਾ ਕਿ ਵਿਸ਼ਵ ਆਰਥਿਕ ਦ੍ਰਿਸ਼ਟੀਕੋਣ ਚੁਣੌਤੀਪੂਰਨ ਬਣਿਆ ਹੋਇਆ ਹੈ
ਨਵੀਂ ਦਿੱਲੀ: ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਭਾਰਤ ਦੁਨੀਆ ਦੀਆਂ ਸਭ ਤੋਂ ਤੇਜ਼ੀ ਨਾਲ ਵਧਣ ਵਾਲੀਆਂ ਪ੍ਰਮੁੱਖ ਅਰਥਵਿਵਸਥਾਵਾਂ ਵਿਚੋਂ ਇਕ ਹੈ ਅਤੇ ਅਗਲੇ 10-15 ਸਾਲਾਂ ਵਿਚ ਇਸ ਦੇ ਚੋਟੀ ਦੀਆਂ ਤਿੰਨ ਆਰਥਿਕ ਸ਼ਕਤੀਆਂ ਵਿਚ ਸ਼ਾਮਲ ਹੋਣ ਦੀ ਉਮੀਦ ਹੈ।
ਸੀਤਾਰਮਨ ਨੇ 'ਇੰਡੀਆ-ਯੂਐਸ ਬਿਜ਼ਨਸ ਐਂਡ ਇਨਵੈਸਟਮੈਂਟ ਅਪਰਚਿਊਨਿਟੀਜ਼' ਸਮਾਗਮ ਵਿਚ ਕਿਹਾ ਕਿ ਵਿਸ਼ਵ ਆਰਥਿਕ ਦ੍ਰਿਸ਼ਟੀਕੋਣ ਚੁਣੌਤੀਪੂਰਨ ਬਣਿਆ ਹੋਇਆ ਹੈ ਅਤੇ ਭਾਰਤੀ ਅਰਥਵਿਵਸਥਾ ਵਿਸ਼ਵ ਆਰਥਿਕ ਵਿਕਾਸ ਦੇ ਪ੍ਰਭਾਵ ਤੋਂ ਅਛੂਤ ਨਹੀਂ ਹੈ।
ਉਹਨਾਂ ਕਿਹਾ ਕਿ ਹਾਲਾਂਕਿ ਭਾਰਤ ਦੱਖਣ-ਪੱਛਮੀ ਮੌਨਸੂਨ ਵਿਚ ਆਮ ਨਾਲੋਂ ਵੱਧ ਬਾਰਿਸ਼, ਜਨਤਕ ਨਿਵੇਸ਼, ਮਜ਼ਬੂਤ ਕਾਰਪੋਰੇਟ ਬੈਲੇਂਸ ਸ਼ੀਟ, ਖਪਤਕਾਰਾਂ ਅਤੇ ਕਾਰੋਬਾਰਾਂ ਦਾ ਭਰੋਸਾ ਅਤੇ ਕੋਵਿਡ ਦੇ ਘਟਦੇ ਖ਼ਤਰੇ ਦੀ ਮਦਦ ਨਾਲ ਵਿਕਾਸ ਦੇ ਰਾਹ 'ਤੇ ਅੱਗੇ ਵਧਣ ਵਿਚ ਕਾਮਯਾਬ ਰਿਹਾ ਹੈ।
ਉਹਨਾਂ ਕਿਹਾ, “ਭਾਰਤ ਦੁਨੀਆ ਦੀ ਸਭ ਤੋਂ ਤੇਜ਼ੀ ਨਾਲ ਵਧ ਰਹੀ ਵੱਡੀ ਅਰਥਵਿਵਸਥਾ ਵਜੋਂ ਉਭਰਿਆ ਹੈ। ਇਹ ਹਾਲ ਹੀ ਵਿਚ ਯੂਕੇ ਨੂੰ ਪਛਾੜ ਕੇ ਦੁਨੀਆ ਦੀ ਪੰਜਵੀਂ ਸਭ ਤੋਂ ਵੱਡੀ ਅਰਥਵਿਵਸਥਾ ਬਣ ਗਿਆ ਹੈ ਅਤੇ ਅਗਲੇ 10-15 ਸਾਲਾਂ ਵਿਚ ਵਿਸ਼ਵ ਪੱਧਰ 'ਤੇ ਚੋਟੀ ਦੀਆਂ ਤਿੰਨ ਆਰਥਿਕ ਸ਼ਕਤੀਆਂ ਵਿਚ ਸ਼ਾਮਲ ਹੋਣ ਦੀ ਉਮੀਦ ਹੈ।