
ਭਾਜਪਾ ਵਿਧਾਇਕ ਦਲ ਦੀ ਬੈਠਕ 'ਚ ਹੋਇਆ ਐਲਾਨ
Rajasthan New CM: ਭਾਜਪਾ ਵਲੋਂ ਰਾਜਸਥਾਨ ਦੇ ਨਵੇਂ ਮੁੱਖ ਮੰਤਰੀ ਦੇ ਨਾਂਅ ਦਾ ਐਲਾਨ ਕਰ ਦਿਤਾ ਗਿਆ ਹੈ। ਹੁਣ ਸੂਬੇ ਦੀ ਕਮਾਨ ਭਜਨ ਲਾਲ ਸ਼ਰਮਾ ਦੇ ਹੱਥਾਂ ਵਿਚ ਹੋਵੇਗੀ। ਭਾਜਪਾ ਵਿਧਾਇਕ ਦਲ ਦੀ ਮੀਟਿੰਗ ਵਿਚ ਭਜਨ ਲਾਲ ਸ਼ਰਮਾ ਦੇ ਨਾਂਅ ਨੂੰ ਸਰਬਸੰਮਤੀ ਨਾਲ ਪ੍ਰਵਾਨਗੀ ਦਿਤੀ ਗਈ। ਇਸ ਤੋਂ ਪਹਿਲਾਂ ਪਾਰਟੀ ਨੇ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ, ਸਰੋਜ ਪਾਂਡੇ ਅਤੇ ਵਿਨੋਦ ਤਾਵੜੇ ਨੂੰ ਆਬਜ਼ਰਵਰ ਵਜੋਂ ਜੈਪੁਰ ਭੇਜਿਆ ਸੀ।
ਇਸ ਦੇ ਨਾਲ ਹੀ ਦੀਆ ਕੁਮਾਰੀ ਅਤੇ ਪ੍ਰੇਮਚੰਦ ਬੈਰਵਾ ਉਪ ਮੁੱਖ ਮੰਤਰੀ ਹੋਣਗੇ। ਜਦਕਿ ਵਾਸੁਦੇਵ ਦੇਵਨਾਨੀ ਵਿਧਾਨ ਸਭਾ ਦੇ ਸਪੀਕਰ ਹੋਣਗੇ। ਭਾਜਪਾ ਨੇ ਤਿੰਨੋਂ ਵੱਡੇ ਅਹੁਦੇ ਜੈਪੁਰ ਨੂੰ ਹੀ ਦਿਤੇ ਹਨ। ਭਜਨ ਲਾਲ ਸ਼ਰਮਾ ਜੈਪੁਰ ਦੀ ਸੰਗਨੇਰ ਸੀਟ ਤੋਂ ਵਿਧਾਇਕ ਹਨ। ਦੀਆ ਕੁਮਾਰੀ ਜੈਪੁਰ ਦੀ ਵਿਦਿਆਧਰ ਨਗਰ ਸੀਟ ਤੋਂ ਜਿੱਤੇ ਹਨ, ਜਦਕਿ ਪ੍ਰੇਮਚੰਦ ਬੈਰਵਾ ਜੈਪੁਰ ਜ਼ਿਲ੍ਹੇ ਦੀ ਦੂਦੂ ਸੀਟ ਤੋਂ ਵਿਧਾਇਕ ਹਨ।
ਇਸ ਤੋਂ ਪਹਿਲਾਂ ਸਾਬਕਾ ਮੁੱਖ ਮੰਤਰੀ ਵਸੁੰਧਰਾ ਰਾਜੇ ਨੇ ਦਿੱਲੀ ਵਿਚ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇਪੀ ਨੱਡਾ ਨਾਲ ਮੁਲਾਕਾਤ ਕੀਤੀ ਸੀ। ਵਸੁੰਧਰਾ ਨੇ ਚੋਣਾਂ ਵਿਚ ਜਿੱਤ ਤੋਂ ਬਾਅਦ ਪਾਰਟੀ ਦੇ ਕਈ ਵਿਧਾਇਕਾਂ ਨੂੰ ਡਿਨਰ ਪਾਰਟੀ ਦਿਤੀ ਸੀ, ਜਿਸ ਨੂੰ ਦਬਾਅ ਦੀ ਰਾਜਨੀਤੀ ਵਜੋਂ ਦੇਖਿਆ ਗਿਆ ਸੀ। ਹਾਲਾਂਕਿ ਨੱਡਾ ਨੂੰ ਮਿਲਣ ਤੋਂ ਬਾਅਦ ਵਸੁੰਧਰਾ ਦਾ ਲਹਿਜ਼ਾ ਬਦਲਿਆ ਹੋਇਆ ਨਜ਼ਰ ਆਇਆ ਅਤੇ ਉਨ੍ਹਾਂ ਨੇ ਖੁਦ ਨੂੰ ਪਾਰਟੀ ਦਾ ਅਨੁਸ਼ਾਸਤ ਵਰਕਰ ਦਸਿਆ।
ਇਸ ਤੋਂ ਬਾਅਦ ਪਾਰਟੀ ਨੇ ਸੂਬੇ ਲਈ ਅਬਜ਼ਰਵਰ ਨਿਯੁਕਤ ਕੀਤੇ ਸਨ। ਉਨ੍ਹਾਂ ਨੂੰ ਸੂਬੇ ਵਿਚ ਮੁੱਖ ਮੰਤਰੀ ਦੇ ਅਹੁਦੇ ਨੂੰ ਲੈ ਕੇ ਚੱਲ ਰਹੀ ਦੁਚਿੱਤੀ ਨੂੰ ਖਤਮ ਕਰਨ ਅਤੇ ਵਿਧਾਇਕ ਦਲ ਦੇ ਨੇਤਾ ਦੀ ਚੋਣ ਲਈ ਸਾਰਿਆਂ ਦੀ ਸਹਿਮਤੀ ਲੈਣ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ। ਇਸ ਤੋਂ ਬਾਅਦ ਮੰਗਲਵਾਰ ਨੂੰ ਹੋਈ ਵਿਧਾਇਕ ਦਲ ਦੀ ਬੈਠਕ 'ਚ ਭਜਨ ਲਾਲ ਸ਼ਰਮਾ ਨੂੰ ਮੁੱਖ ਮੰਤਰੀ ਚੁਣਿਆ ਗਿਆ।
ਜ਼ਿਕਰਯੋਗ ਹੈ ਕਿ ਰਾਜਸਥਾਨ ਦੀ ਕਰਨਪੁਰ ਵਿਧਾਨ ਸਭਾ ਸੀਟ ਨੂੰ ਛੱਡ ਕੇ ਬਾਕੀ ਸਾਰੀਆਂ 199 ਸੀਟਾਂ ਲਈ 25 ਨਵੰਬਰ ਨੂੰ ਚੋਣਾਂ ਹੋਈਆਂ ਸਨ ਜਿਸ ਦੇ ਨਤੀਜੇ 3 ਦਸੰਬਰ ਨੂੰ ਆਏ ਸਨ। ਰਾਜਸਥਾਨ ਵਿਧਾਨ ਸਭਾ ਚੋਣਾਂ ਦੀ ਸਿਆਸੀ ਲੜਾਈ ਵਿਚ ਭਾਜਪਾ ਨੇ ਕਾਂਗਰਸ ਨੂੰ ਹਰਾ ਕੇ 115 ਸੀਟਾਂ ਜਿੱਤੀਆਂ ਹਨ। ਜਦਕਿ ਕਾਂਗਰਸ ਨੂੰ ਸਿਰਫ਼ 69 ਸੀਟਾਂ ਹੀ ਮਿਲ ਸਕੀਆਂ। ਇਸ ਤੋਂ ਇਲਾਵਾ 15 ਸੀਟਾਂ ਹੋਰਨਾਂ ਦੇ ਹਿੱਸੇ ਆਈਆਂ।
(For more news apart from BJP leader Bhajanlal Sharma to be the new Chief Minister of Rajasthan, stay tuned to Rozana Spokesman)