
5 ਜਨਵਰੀ ਦੀ ਰਾਤ ਨੂੰ ਜੇਐਨਯੂ ਕੈਂਪਸ ਵਿਚ ਕੁੱਝ ਨਕਾਬਪੋਸ਼ ਵਿਅਕਤੀਆਂ ਵੱਲੋਂ ਵਿਦਿਆਰਥੀਆਂ 'ਤੇ ਹਮਲਾ ਕੀਤਾ ਗਿਆ ਸੀ
ਨਵੀਂ ਦਿੱਲੀ : 5 ਜਨਵਰੀ ਨੂੰ ਜੇਐਨਯੂ ਵਿਚ ਹੋਈ ਹਿੰਸਾ 'ਤੇ ਅੱਜ ਸੋਮਵਾਰ ਨੂੰ ਦਿੱਲੀ ਹਾਈਕੋਰਟ ਵਿਚ ਸੁਣਵਾਈ ਹੋਈ। ਹਾਈਕੋਰਟ ਨੇ ਹਿੰਸਾ ਨਾਲ ਜੁੜੇ ਵੀਡੀਓਜ਼ ਨੂੰ ਲੈ ਕੇ ਐਪਲ, ਵਟਸਐਪ ਅਤੇ ਗੂਗਲ ਨੂੰ ਨੋਟਿਸ ਜਾਰੀ ਕੀਤਾ ਹੈ ਅਤੇ ਵੀਡੀਓਜ਼ ਨੂੰ ਸੁਰੱਖਿਅਤ ਰੱਖਣ ਦੇ ਲਈ ਕਿਹਾ ਹੈ।
Delhi High Court
ਇਸ ਮਾਮਲੇ 'ਤੇ ਸੁਣਵਾਈ ਦੌਰਾਨ ਦਿੱਲੀ ਪੁਲਿਸ ਨੇ ਅਦਾਲਤ ਵਿਚ ਕਿਹਾ ਕਿ ਉਨ੍ਹਾ ਵੱਲੋਂ ਯੂਨੀਵਰਸਿਟੀ ਪ੍ਰਸ਼ਾਸਨ ਨੂੰ ਪੱਤਰ ਲਿਖਿਆ ਗਿਆ ਹੈ ਅਤੇ ਸੀਸੀਟੀਵੀ ਫੁਟੇਜ ਦੀ ਮੰਗ ਕੀਤੀ ਗਈ ਹਾਲਾਕਿ ਪ੍ਰਸ਼ਾਸਨ ਨੇ ਹੁਣ ਤੱਕ ਇਸ ਪੱਤਰ ਦਾ ਜਵਾਬ ਨਹੀਂ ਦਿੱਤਾ ਹੈ।
Apple
ਪੁਲਿਸ ਨੇ ਅਦਾਲਤ ਵਿਚ ਆਪਣਾ ਪੱਖ ਰੱਖਦਿਆ ਕਿਹਾ ਕਿ ਉਸ ਨੇ ਵਟਸਐਪ ਨੂੰ ਵੀ ਲਿਖਤ ਵਿਚ ਅਪੀਲ ਭੇਜੀ ਹੈ ਕਿ ਉਨ੍ਹਾਂ ਦੋ ਗਰੁੱਪਾ ਦਾ ਡਾਟਾ ਸੁਰੱਖਿਅਤ ਰੱਖਿਆ ਜਾਵੇ ਜਿਨ੍ਹਾਂ ਵਿਚ ਜੇਐਨਯੂ ਹਿੰਸਾ ਨੂੰ ਲੈ ਕੇ ਸਾਜਿਸ਼ ਰਚੀ ਗਈ ਸੀ। ਦੱਸ ਦਈਏ ਕਿ ਜੇਐਨਯੂ ਹਿੰਸਾ 'ਤੇ ਯੂਨੀਵਰਸਿਟੀ ਦੇ ਤਿੰਨਾਂ ਪ੍ਰਫੈਸਰਾ ਨੇ ਪਟੀਸ਼ਨ ਦਾਖਲ ਕੀਤੀ ਸੀ ਅਤੇ 5 ਜਨਵਰੀ ਨੂੰ ਵਾਪਰੀ ਹਿੰਸਾ ਨਾਲ ਜੁੜੇ ਵੀਡੀਓਜ਼ ਦੀ ਫੁਟੇਜ਼ ਅਤੇ ਡਾਟਾ ਸੁਰੱਖਿਅਤ ਰੱਖਣ ਲਈ ਕਿਹਾ ਸੀ।
File Photo
ਪ੍ਰਫੈਸਰ ਅਮੀਤ ਪਰਮੇਸ਼ਰਨ, ਅਤੁਲ ਸੁਦ ਅਤੇ ਵਿਨਾਇਕ ਸ਼ੁਕਲਾ ਨੇ ਅਦਾਲਤ ਵਿਚ ਪਟੀਸ਼ਨ ਦਾਖਲ ਕਰ ਕਿਹਾ ਸੀ ਕਿ ਜੇਐਨਯੂ ਵਿਚ ਪੰਜ ਜਨਵਰੀ ਨੂੰ ਹੋਈ ਹਿੰਸਾ ਨਾਲ ਜੁੜੀਆ ਸਾਰੀਆ ਵੀਡੀਓਜ਼, ਵਟਸਐਪ,ਗੂਗਲ,ਐਪਲ ਕੰਪਨੀ ਦੇ ਨਾਲ ਜੁੜੇ ਸਾਫਟਵੇਅਰ ਵਿਚ ਮੌਜੂਦ ਹਨ। ਇਸ ਲਈ ਇਨ੍ਹਾਂ ਕੰਪਨੀਆਂ ਨੂੰ ਹੁਕਮ ਦਿੱਤਾ ਜਾਣਾ ਚਾਹੀਦਾ ਹੈ ਕਿ ਹਿੰਸਾ ਨਾਲ ਜੁੜਿਆ ਸਾਰਾ ਡਾਟਾ ਸੁਰੱਖਿਅਤ ਰੱਖਿਆ ਜਾਵੇ ਅਤੇ ਉਨ੍ਹਾਂ ਨੂੰ ਵਾਪਸ ਉੱਪਲਬਧ ਕਵਾਇਆ ਜਾਵੇ।
File Photo
ਜਿਕਰਯੋਗ ਹੈ ਕਿ 5 ਜਨਵਰੀ ਦੀ ਰਾਤ ਨੂੰ ਜੇਐਨਯੂ ਕੈਂਪਸ ਵਿਚ ਕੁੱਝ ਨਕਾਬਪੋਸ਼ ਵਿਅਕਤੀਆਂ ਵੱਲੋਂ ਵਿਦਿਆਰਥੀਆਂ 'ਤੇ ਹਮਲਾ ਕੀਤਾ ਗਿਆ ਸੀ ਜਿਸ ਦੌਰਾਨ ਕਈ ਵਿਦਿਆਰਥੀ ਜਖ਼ਮੀ ਹੋ ਗਏ ਸਨ। ਇਸ ਤੋਂ ਬਾਅਦ ਦੇਸ਼ ਭਰ ਦੀਆਂ ਯੂਨੀਵਰਸਿਟੀਆਂ ਦੇ ਵਿਚ ਇਸ ਹਮਲੇ ਵਿਰੁੱਧ ਪ੍ਰਦਰਸ਼ਨ ਹੋਏ ਸਨ ਅਤੇ ਆਰੋਪੀਆਂ 'ਤੇ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਸੀ।