
ਦੇਸ਼ ਭਰ ਵਿਚ ਸੀਏਏ ਅਤੇ ਐਨਆਰਸੀ ਵਿਰੁੱਧ ਪ੍ਰਦਰਸ਼ਨ ਲਗਾਤਾਰ ਜਾਰੀ
ਨਵੀਂ ਦਿੱਲੀ : ਦੇਸ਼ ਦੇ ਵੱਖ-ਵੱਖ ਹਿੱਸਿਆ ਵਿਚ ਸੀਏਏ ਅਤੇ ਐਨਆਰਸੀ ਨੂੰ ਲੈ ਪ੍ਰਦਰਸ਼ਨ ਅਜੇ ਵੀ ਜਾਰੀ ਹੈ। ਰਾਜਧਾਨੀ ਦਿੱਲੀ ਦੇ ਸ਼ਾਹੀਨ ਬਾਗ ਵਿਚ ਵੀ ਸੀਏਏ ਅਤੇ ਐਨਆਰਸੀ ਵਿਰੁੱਧ ਔਰਤਾ ਵੱਲੋਂ ਸ਼ਾਤਮਈ ਤਰੀਕੇ ਨਾਲ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਪਰ ਬੀਤੇ ਦਿਨ ਇਸ ਪ੍ਰਦਰਸ਼ਨ ਵਿਚ ਇਕ ਧਾਰਮਿਕ ਏਕਤਾ ਦੀ ਵੱਡੀ ਮਿਸਾਲ ਵੇਖਣ ਨੂੰ ਮਿਲੀ ਹੈ।
Photo
ਦਰਅਸਲ ਐਤਵਾਰ ਨੂੰ ਸ਼ਾਹੀਨ ਬਾਗ ਵਿਚ ਵਿਰੋਧ ਪ੍ਰਦਰਸ਼ਨ ਦੇ ਦੌਰਾਨ ਹਿੰਦੂ,ਸਿੱਖ,ਈਸਾਈ, ਅਤੇ ਮੁਸਲਮਾਨਾ ਨੇ ਇੱਕਠੇ ਮਿਲ ਕੇ ਆਪੋ-ਆਪਣੇ ਧਾਰਮਿਕ ਤਰੀਕਿਆਂ ਨਾਲ ਪੂਜਾ ਪਾਠ ਕੀਤਾ। ਇਸ ਪੂਜਾ ਪਾਠ ਦੀਆ ਤਸਵੀਰਾ ਅਤੇ ਵੀਡੀਓ ਵੀ ਖੂਬ ਵਾਇਰਲ ਹੋ ਰਹੀਆਂ ਹਨ। ਨਾਗਰਿਕਤਾ ਸੋਧ ਕਾਨੂੰਨ ਵਿਰੁੱਧ ਬੀਤੇ ਇਕ ਮਹੀਂਨੇ ਤੋਂ ਇੱਥੇ ਸ਼ਾਤੀਪੂਰਨ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਪਰ ਐਤਵਾਰ ਨੂੰ ਪ੍ਰਦਰਸ਼ਨ ਦੌਰਾਨ ਸਾਹਮਣੇ ਆਈਆਂ ਤਸਵੀਰਾਂ ਨੇ ਦੇਸ਼ ਵਿਚ ਧਾਰਮਿਕ ਏਕਤਾ ਦੀ ਵੱਡੀ ਮਿਸਾਲ ਵੀ ਪੇਸ਼ ਕੀਤੀ ਹੈ।
Photo
ਸ਼ਾਹੀਨੀ ਬਾਗ ਵਿਚ ਦਿਨ ਰਾਤ ਸੀਏਏ ਖਿਲਾਫ਼ ਆਵਾਜ਼ਾ ਉੱਠ ਰਹੀਆਂ ਹਨ ਅਤੇ ਐਤਵਾਰ ਨੂੰ ਵੀ ਇੱਥੇ ਦੱਸ ਹਜ਼ਾਰ ਤੋਂ ਵੱਧ ਲੋਕ ਇੱਕਠੇ ਹੋਏ। ਵੱਡੀ ਗਿਣਤੀ ਵਿਚ ਲੋਕ ਸ਼ਾਹੀਨ ਬਾਗ ਵਿਚ ਔਰਤਾਂ ਨੂੰ ਆਪਣਾ ਸਮੱਰਥਨ ਦੇਣ ਲਈ ਪਹੁੰਚੇ ਸਨ। ਇਸ ਧਰਨੇ ਪ੍ਰਦਰਸ਼ਨ ਵਿਚ ਬੈਠੇ ਲੋਕਾ ਨੂੰ ਕਾਂਗਰਸੀ ਨੇਤਾ ਸ਼ਸ਼ੀ ਥਰੂਰ ਅਤੇ ਸੁਭਾਸ਼ ਚੋਪੜਾ ਨੇ ਵੀ ਇੱਥੇ ਆ ਕੇ ਆਪਣਾ ਸਮੱਰਥਨ ਦਿੱਤਾ ਹੈ।
Photo
ਦੱਸ ਦਈਏ ਕਿ ਮੋਦੀ ਸਰਕਾਰ ਨੇ ਇਕ ਸੰਸਦ ਵਿਚ ਇਕ ਬਿੱਲ ਪਾਸ ਕਰਵਾ ਕੇ ਨਾਗਰਿਕਤਾ ਕਾਨੂੰਨ ਵਿਚ ਸੋਧ ਕੀਤਾ ਹੈ ਜਿਸ ਅਧੀਨ ਹੁਣ ਪਾਕਿਸਤਾਨ,ਬੰਗਲਾਦੇਸ਼ ਅਤੇ ਅਫਗਾਨਿਸਤਾਨ ਤੋਂ ਧਾਰਮਿਕ ਤੌਰ 'ਤੇ ਯਾਤਨਾਵਾਂ ਝੱਲ ਕੇ ਆਏ ਹਿੰਦੂ , ਸਿੱਖ. ਈਸਾਈ, ਜੈਨ,ਬੋਧੀ ਅਤੇ ਪਾਰਸੀ ਧਰਮ ਦੇ ਲੋਕਾਂ ਨੂੰ ਭਾਰਤ ਦੀ ਅਸਾਨੀ ਨਾਲ ਨਾਗਰਿਕਤਾ ਮਿਲ ਸਕੇਗੀ। ਇਸ ਬਿਲ ਵਿਚ ਕੇਵਲ ਮੁਸਲਮਾਨਾਂ ਨੂੰ ਸ਼ਾਮਲ ਨਹੀਂ ਕੀਤਾ ਗਿਆ ਹੈ ਜਿਸ ਕਰਕੇ ਇਸ ਕਾਨੂੰਨ ਦਾ ਵਿਰੋਧ ਕੀਤਾ ਜਾ ਰਿਹਾ ਹੈ।