
ਅਧਿਕਾਰੀਆਂ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਰਾਜਬੀਰ ਸਿੰਘ (39) ਵਜੋਂ ਕੀਤੀ ਗਈ ਹੈ।
ਨਵੀਂ ਦਿੱਲੀ: ਦਿੱਲੀ ਪੁਲਿਸ ਦੇ ਇਕ ਸਬ-ਇੰਸਪੈਕਟਰ ਨੇ ਹਸਪਤਾਲ ਲਿਜਾਉਣ ਦੌਰਾਨ ਐਂਬੂਲੈਂਸ ਵਿਚ ਹੀ ਆਤਮਹੱਤਿਆ ਕਰ ਲਈ। ਅਧਿਕਾਰੀਆਂ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਰਾਜਬੀਰ ਸਿੰਘ (39) ਵਜੋਂ ਕੀਤੀ ਗਈ ਹੈ। ਉਹ ਦੱਖਣੀ ਪੂਰਬੀ ਜ਼ਿਲ੍ਹਾ ਲਾਈਨ ਵਿਚ ਤੈਨਾਤ ਸਨ ਅਤੇ ਉਹ ਮਾਨਸਿਕ ਤੌਰ ‘ਤੇ ਬਿਮਾਰ ਸੀ।
Police
ਪੁਲਿਸ ਡਿਪਟੀ ਕਮਿਸ਼ਨਰ ਆਰਪੀ ਮੀਨਾ ਨੇ ਦੱਸਿਆ ਕਿ ਉਹਨਾਂ ਨੂੰ ਐਂਬੂਲੈਂਸ ਵਿਚ ਫਾਂਸੀ ਲਗਾ ਕੇ ਆਤਮ ਹੱਤਿਆ ਕਰਨ ਦੀ ਸੂਚਨਾ ਮਿਲੀ। ਘਟਨਾ ਦੌਰਾਨ ਰਾਜਬੀਰ ਸਿੰਘ ਨੂੰ ਹਸਪਤਾਲ ਲਿਜਾਇਆ ਰਿਹਾ ਸੀ। ਉਹ ਪੰਜ ਦਿਨ ਤੋਂ ਛੁੱਟੀ ‘ਤੇ ਸੀ। ਪੁਲਿਸ ਅਨੁਸਾਰ ਰਾਜਬੀਰ ਸਿੰਘ ਨੇ ਅਪਣੀ ਰਿਹਾਇਸ਼ ਤੋਂ ਐਂਬੂਲੈਂਸ ਨੂੰ ਬੁਲਾਇਆ ਅਤੇ ਦੀਨ ਦਿਆਲ ਉਪਾਧਿਆਏ ਹਸਪਤਾਲ ਗਏ ਪਰ ਡਾਕਟਰਾਂ ਨੇ ਉਹਨਾਂ ਨੂੰ ਭਰਤੀ ਕਰਨ ਤੋਂ ਮਨਾਂ ਕਰ ਦਿੱਤਾ।
Delhi police
ਇਸ ਤੋਂ ਬਾਅਦ ਇਕ ਹੋਰ ਐਂਬੂਲੈਂਸ ਵਿਚ ਉਹਨਾਂ ਨੂੰ ਇੰਸਟੀਚਿਊਟ ਆਫ ਹਿਊਮਨ ਬਿਹੇਵੀਅਰ ਐਂਡ ਅਲਾਇਡ ਸਾਇੰਸ ( Institute of Human Behavior and Allied Sciences) ਹਸਪਤਾਲ ਵਿਚ ਲਿਜਾਇਆ ਗਿਆ ਪਰ ਉੱਥੇ ਵੀ ਡਾਕਟਰਾਂ ਨੇ ਉਹਨਾਂ ਨੂੰ ਦਾਖਲ ਕਰਨ ਤੋਂ ਮਨਾ ਕਰ ਦਿੱਤਾ।
Hospital
ਪੁਲਿਸ ਨੇ ਦੱਸਿਆ ਕਿ ਇਸ ਤੋਂ ਬਾਅਦ ਉਹਨਾਂ ਨੂੰ ਗੁਰੂ ਤੇਗ ਬਹਾਦਰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਪਰਚੀ ਤਿਆਰ ਕਰਨ ਲਈ ਕਿਹਾ। ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਜਦੋਂ ਉਹਨਾਂ ਨੂੰ ਦੁਬਾਰਾ ਆਈਐਚਬੀਏਐਸ ਜਾਣ ਲਈ ਜ਼ੋਰ ਦਿੱਤਾ ਗਿਆ ਤਾਂ ਉਸ ਦੌਰਾਨ ਉਹ ਹਸਪਤਾਲ ਵਿਚੋਂ ਭੱਜਣ ਲੱਗੇ।
Ambulance
ਇਸ ਤੋਂ ਬਾਅਦ ਜਦੋਂ ਉਹ ਵਾਪਸ ਆਈਐਚਬੀਏਐਸ ਜਾ ਰਹੇ ਸੀ ਤਾਂ ਉਹਨਾਂ ਨੇ ਐਂਬੂਲੈਂਸ ਵਿਚ ਫਾਂਸੀ ਲਗਾ ਕੇ ਆਤਮਹੱਤਿਆ ਕਰ ਲਈ। ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਵਿਚ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਉਸ ਅਨੁਸਾਰ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।