
ਪ੍ਰਧਾਨ ਮੰਤਰੀ ਨੇ ਕਿਹਾ ਕਿ ਗਾਂਧੀ ਅਸਮਾਨਤਾ ਅਤੇ ਜਾਤੀ ਤਫ਼ਰਕਿਆਂ ਵਿਚ ਵਿਸ਼ਵਾਸ ਨਹੀਂ ਰੱਖਦੇ ਸਨ ਪਰ ਅਫ਼ਸੋਸ ਕਾਂਗਰਸ ਕਦੇ ਵੀ ਸਮਾਜ ਨੂੰ ਵੰਡਣ ਤੋਂ ਨਾ ਟਲੀ।
ਨਵੀ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਡਾਡੀ ਮਾਰਚ ਦੀ ਵਰ੍ਹੇਗੰਢ ਤੇ ਬੋਲਦਿਆਂ ਕਿਹਾ ਕਿ ਕਾਂਗਰਸ ਦਾ ਸਭਿਆਚਾਰ ਅਤੇ ਸੋਚ ਮਹਾਤਮਾ ਗਾਂਧੀ ਤੋਂ ਐਨ ਉਲਟ ਹੈ। ਡਾਂਡੀ ਮਾਰਚ ਦੀ 89ਵੀਂ ਵਰ੍ਹੇਗੰਢ ਮੌਕੇ ਮੋਦੀ ਨੇ ਆਪਣੇ ਬਲੌਗ ਪੋਸਟ ਵਿਚ ਲਿਖਿਆ ਕਿ ਮਹਾਤਮਾ ਗਾਂਧੀ ਸਾਨੂੰ ਸਭ ਤੋਂ ਵੱਧ ਗਰੀਬ ਬਾਰੇ ਸੋਚਣ ਲਈ ਪ੍ਰੇਰਦੇ ਹਨ ਪਰ ਇਹ ਵੇਖਣ ਲਈ ਕਹਿੰਦੇ ਹਨ ਕਿ ਸਾਡੇ ਕੰਮ ਨਾਲ ਉਸ ਵਿਅਕਤੀ ਤੇ ਕਿਹੋ ਜਿਹਾ ਪ੍ਰਭਾਵ ਪੈਂਦਾ ਹੈ। ਮੈਂ ਮਾਣ ਨਾਲ ਕਹਿ ਸਕਦਾ ਹਾਂ ਕਿ ਸਾਡੀ ਸਰਕਾਰ ਦੇ ਕੰਮ ਕਾਜ ਦੇ ਸਭ ਪੱਖਾਂ ਤੋਂ ਮਾਰਗ ਦਰਸ਼ਨ ਇਹੀ ਰਿਹਾ ਹੈ ਕਿ ਗਰੀਬੀ ਕਿਵੇਂ ਘਟੇ ਅਤੇ ਖੁਸ਼ਹਾਲੀ ਕਿਵੇਂ ਲਿਆਂਦੀ ਜਾ ਸਕੇ। ਅਫ਼ਸੋਸ ਦੀ ਗੱਲ ਹੈ ਕਿ ਗਾਂਧੀਵਾਦੀ ਵਿਚਾਰ ਕਾਂਗਰਸ ਦੇ ਸਭਿਆਚਾਰ ਦੇ ਬਿਲਕੁਲ ਉਲਟ ਹੈ।’’ ਪ੍ਰਧਾਨ ਮੰਤਰੀ ਨੇ ਕਿਹਾ ਕਿ ਗਾਂਧੀ ਅਸਮਾਨਤਾ ਅਤੇ ਜਾਤੀ ਤਫ਼ਰਕਿਆਂ ਵਿਚ ਵਿਸ਼ਵਾਸ ਨਹੀਂ ਰੱਖਦੇ ਸਨ ਪਰ ਅਫ਼ਸੋਸ ਦੀ ਗੱਲ ਹੈ ਕਿ ਕਾਂਗਰਸ ਕਦੇ ਵੀ ਸਮਾਜ ਨੂੰ ਵੰਡਣ ਤੋਂ ਨਾ ਟਲੀ। ਸਭ ਤੋਂ ਮਾੜੇ ਜਾਤੀ ਦੰਗੇ ਅਤੇ ਦਲਿਤ ਕਤਲੇਆਮ ਕਾਂਗਰਸ ਸ਼ਾਸਨ ਦੌਰਾਨ ਵਾਪਰੇ ਸਨ। ਗਾਂਧੀ ਨੇ ਤਿਆਗ ਦਾ ਰਾਹ ਦਿਖਾਇਆ ਅਤੇ ਵਾਧੂ ਧਨ ਦੌਲਤ ਇਕੱਠਾ ਕਰਨ ਤੋਂ ਗੁਰੇਜ਼ ਕੀਤਾ ਜਦਕਿ ਕਾਂਗਰਸ ਨੇ ਆਪਣੇ ਖਾਤੇ ਭਰੇ ਅਤੇ ਗਰੀਬਾਂ ਨੂੰ ਮੂਲ ਲੋੜਾਂ ਮੁਹੱਈਆ ਕਰਾਉਣ ਦੀ ਕੀਮਤ ’ਤੇ ਸ਼ਾਹੀ ਠਾਠ ਵਾਲੀ ਜੀਵਨ ਸ਼ੈਲੀ ਅਪਣਾਈ। ਮਹਾਤਮਾ ਗਾਂਧੀ ਨੇ ਰਾਜਨੀਤੀ ਵਿਚ ਕਦੇ ਵੀ ਵੰਸ਼ਵਾਦ ਨੂੰ ਤਰਜੀਹ ਨਹੀਂ ਦਿੱਤੀ ਪਰ ਅੱਜ ਕਾਂਗਰਸ ਪਰਿਵਾਰ ਨੂੰ ਹੀ ਤਰਜੀਹ ਦੇ ਕੇ ਚਲਦੀ ਹੈ।-ਪੀਟੀਆਈ