
ਦੰਗਿਆਂ ਦੌਰਾਨ ਮਾਰੇ ਗਏ ਅਪਣੇ ਦੋ ਭਰਾਵਾਂ ਨਵਾਬ ਅਤੇ ਸ਼ਾਹਿਦ ਦੇ ਕਤਲ ਦਾ ਗਵਾਹ ਸੀ
ਮੁਜੱਫ਼ਰਨਗਰ : ਮੁਜੱਫ਼ਰਨਗਰ ਦੰਗਿਆਂ 'ਚ ਅਪਣੇ ਦੋ ਭਰਾਵਾਂ ਦੇ ਕਤਲ ਦੇ ਚਸ਼ਮਦੀਦ ਰਹੇ ਵਿਅਕਤੀ ਦਾ ਇੱਥੇ ਖਤੌਲੀ 'ਚ ਗੋਲੀ ਮਾਰ ਕੇ ਕਤਲ ਕਰ ਦਿਤਾ ਗਿਆ। ਮੁਜੱਫ਼ਰਨਗਰ ਅਤੇ ਆਸਪਾਸ ਦੇ ਇਲਾਕਿਆਂ 'ਚ ਅਗੱਸਤ ਅਤੇ ਸਤੰਬਰ 2013 'ਚ ਹੋਏ ਫ਼ਿਰਕੂ ਦੰਗਿਆਂ 'ਚ 60 ਤੋਂ ਜ਼ਿਆਦਾ ਲੋਕਾਂ ਦੀ ਜਾਨ ਗਈ ਸੀ ਅਤੇ 40,000 ਤੋਂ ਜ਼ਿਆਦਾ ਲੋਕ ਵਿਸਥਾਪਿਤ ਹੋਏ ਸਨ।
ਪੁਲਿਸ ਅਧਿਕਾਰੀ ਆਸ਼ੀਸ਼ ਕੁਮਾਰ ਨੇ ਕਿਹਾ ਕਿ ਮਾਮਲੇ ਦੇ ਚਸ਼ਮਦੀਦ ਅਸ਼ਫ਼ਾਕ ਦਾ ਸੋਮਵਾਰ ਨੂੰ ਖਤੌਲੀ 'ਚ ਗੋਲੀ ਮਾਰ ਕੇ ਕਤਲ ਕਰ ਦਿਤਾ ਗਿਆ। ਅਸ਼ਫ਼ਾਕ ਦੇ ਭਰਾਵਾਂ ਦਾ ਕਥਿਤ ਤੌਰ 'ਤੇ ਕਤਲ ਕਰਨ ਲਈ ਅੱਠ ਜਣਿਆਂ ਉਤੇ ਮੁਕੱਦਮਾ ਚਲ ਰਿਹਾ ਹੈ ਅਤੇ ਮਾਮਲੇ 'ਚ ਅਗਲੀ ਸੁਣਵਾਈ 25 ਮਾਰਚ ਨੂੰ ਹੋਣੀ ਹੈ। ਉਨ੍ਹਾਂ ਕਿਹਾ ਕਿ ਪੁਲਿਸ ਗੋਲੀ ਚਲਾਉਣ ਵਾਲੇ ਦਾ ਪਤਾ ਕਰਨ ਲਈ ਸੀ.ਸੀ.ਟੀ.ਵੀ. ਫ਼ੁਟੇਜ ਵੇਖ ਰਹੀ ਹੈ। ਅਸ਼ਫ਼ਾਕ ਦਾ ਕਤਲ ਉਦੋਂ ਕੀਤਾ ਗਿਆ ਜਦੋਂ ਉਹ ਦੁੱਧ ਪਾਉਣ ਜਾ ਰਿਹਾ ਸੀ।
ਉਹ ਦੰਗਿਆਂ ਦੌਰਾਨ ਮਾਰੇ ਗਏ ਅਪਣੇ ਦੋ ਭਰਾਵਾਂ - ਨਵਾਬ ਅਤੇ ਸ਼ਾਹਿਦ ਦੇ ਕਤਲ ਦਾ ਗਵਾਹ ਸੀ ਅਤੇ ਇਸ ਤੋਂ ਪਹਿਲਾਂ ਉਸ ਨੂੰ ਮਾਮਲਾ ਵਾਪਸ ਨਾ ਲੈਣ 'ਤੇ ਖ਼ਤਰਨਾਕ ਨਤੀਜੇ ਭੁਗਤਣ ਦੀਆਂ ਧਮਕੀਆਂ ਵੀ ਮਿਲ ਚੁਕੀਆਂ ਸਨ। ਅਜਿਹਾ ਦਸਿਆ ਜਾ ਰਿਹਾ ਹੈ ਕਿ ਅਸ਼ਫ਼ਾਕ ਨੇ ਧਮਕੀਆਂ ਮਿਲਣ ਮਗਰੋਂ ਪੁਲਿਸ ਤੋਂ ਸੁਰੱਖਿਆ ਵੀ ਮੰਗੀ ਸੀ। (ਪੀਟੀਆਈ)