
ਸਾਬਕਾ ਕਸ਼ਮੀਰੀ ਅਤਿਵਾਦੀਆਂ ਦੀਆਂ ਪਤਨੀਆਂ ਨੇ ਕੀਤੀ ਮੰਗ
ਸ੍ਰੀਨਗਰ : ਸਰਹੱਦ ਤੋਂ ਪਾਰ ਮੁੜਵਸੇਬਾ ਯੋਜਨਾ ਦੇ ਤਹਿਤ ਵਾਪਸ ਆਏ ਕਸ਼ਮੀਰ ਦੇ ਸਾਬਕਾ ਅਤਿਵਾਦੀਆਂ ਦੀਆਂ ਪਤਨੀਆਂ ਨੇ ਕੇਂਦਰ ਅਤੇ ਸੂਬਾ ਸਰਕਾਰਾਂ ਤੋਂ ਮੰਗ ਕੀਤੀ ਹੈ ਕਿ ਜਾਂ ਤਾਂ ਉਨ੍ਹਾਂ ਨੂੰ ਭਾਰਤ ਦੀ ਨਾਗਰਿਕਤਾ ਦਿਤੀ ਜਾਵੇ ਜਾਂ ਫਿਰ ਪਾਕਿਸਤਾਨ ਵਾਪਸ ਭੇਜ ਦਿਤਾ ਜਾਵੇ। ਔਰਤਾਂ ਨੇ ਦੋਸ਼ ਲਗਾਇਆ ਕਿ ਸੂਬਾ ਸਰਕਾਰ ਉਨ੍ਹਾਂ ਨੂੰ ਪਾਕਿਸਤਾਨ ਜਾਂ ਮਕਬੂਜਾ ਕਸ਼ਮੀਰ ਵਿਚ ਰਹਿ ਰਹੇ ਅਪਣੇ ਪਰਵਾਰ ਨੂੰ ਮਿਲਣ ਲਈ ਯਾਤਰਾ ਦਸਤਾਵੇਜ਼ ਨਹੀਂ ਦੇ ਰਹੀ ਹੈ।
PM Modi
ਇਸ ਤੋਂ ਪਹਿਲਾਂ ਇਹ ਔਰਤਾਂ ਅਪਣੀਆਂ ਇਹ ਮੰਗਾਂ ਪੂਰੀਆਂ ਕਰਾਉਣ ਲਈ ਸਰਕਾਰ 'ਤੇ ਦਬਾਅ ਪਾਉਣ ਵਾਸਤੇ ਪ੍ਰਦਰਸ਼ਨ ਵੀ ਕਰ ਚੁਕੀਆਂ ਹਨ। ਇਨ੍ਹਾਂ ਔਰਤਾਂ ਵਿਚ ਸ਼ਾਮਲ ਏਬਟਾਬਾਦ ਦੀ ਰਹਿਣ ਵਾਲੀ ਤਾਇਬਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਜਿਹੀਆਂ ਔਰਤਾਂ ਦੀ ਗਿਣਤੀ ਲਗਭਗ 350 ਹੈ। ਉਨ੍ਹਾਂ ਔਰਤਾਂ ਨੂੰ ਭਾਰਤ ਦਾ ਨਾਗਰਿਕ ਬਣਾਇਆ ਜਾਵੇ ਜਿਵੇਂ ਕਿਸੇ ਵੀ ਦੇਸ਼ ਵਿਚ ਪੁਰਸ਼ਾਂ ਦੇ ਨਾਲ ਵਿਆਹ ਕਰਨ ਵਾਲੀਆਂ ਔਰਤਾਂ ਦੇ ਨਾਲ ਹੁੰਦਾ ਹੈ। ਉਨ੍ਹਾਂ ਨੂੰ ਜਾਂ ਤਾਂ ਪਾਸਪੋਰਟ ਦਿਤਾ ਜਾਵੇ ਜਾਂ ਫਿਰ ਪਾਕਿ ਵਾਪਸ ਜਾਣ ਲਈ ਯਾਤਰਾ ਦਸਤਾਵੇਜ਼ ਦਿਤੇ ਜਾਣ।
Kashmir terrorists wives
ਔਰਤਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਵਿਦੇਸ਼ ਮੰਤਰੀ ਐਸ. ਜੈਸ਼ੰਕਰ, ਜੰਮੂ-ਕਸ਼ਮੀਰ ਦੇ ਰਾਜਪਾਲ ਐਸ.ਪੀ. ਮਲਿਕ ਦੇ ਨਾਲ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੂੰ ਅਪੀਲ ਕੀਤੀ ਹੈ ਕਿ ਇਸ ਮਾਮਲੇ ਵਿਚ ਦਖ਼ਲ ਦੇਣ ਤਾਕਿ ਉਨ੍ਹਾਂ ਦੀਆਂ ਪ੍ਰੇਸ਼ਾਨੀਆਂ ਦੂਰ ਹੋ ਜਾਣ। ਇਨ੍ਹਾਂ ਔਰਤਾਂ ਨੇ ਸੰਯੁਕਤ ਰਾਸ਼ਟਰ ਅਤੇ ਸਾਰੀ ਦੁਨੀਆਂ ਦੇ ਮਨੁੱਖੀ ਅਧਿਕਾਰ ਸੰਗਠਨਾਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਇਸ ਮਾਮਲੇ ਨੂੰ ਭਾਰਤ ਅਤੇ ਪਾਕਿਸਤਾਨ ਦੇ ਸਾਹਮਣੇ ਉਠਾਉਣ। ਉਮਰ ਅਬਦੁੱਲਾ ਦੀ ਅਗਵਾਈ ਵਾਲੀ ਜੰਮੂ-ਕਸ਼ਮੀਰ ਦੀ ਉਸ ਸਮੇਂ ਦੀ ਸੂਬਾ ਸਰਕਾਰ ਨੇ ਸਾਲ 2010 ਵਿਚ ਕਸ਼ਮੀਰ ਦੇ ਉਨ੍ਹਾਂ ਸਾਬਕਾ ਅਤਿਵਾਦੀਆਂ ਲਈ ਮੁੜਵਸੇਬਾ ਯੋਜਨਾ ਦਾ ਐਲਾਨ ਕੀਤਾ ਸੀ ਜੋ 1989 ਤੋਂ 2009 ਵਿਚਾਲੇ ਪਾਕਿਸਤਾਨ ਚਲੇ ਗਏ ਸਨ।
Wagah Border
ਉਸ ਸਮੇਂ ਦੀ ਸਰਕਾਰ ਨੇ ਉਨ੍ਹਾਂ ਦੀ ਵਾਪਸੀ ਲਈ ਚਾਰ ਰਾਹ ਤੈਅ ਕੀਤੇ ਸਨ ਜਿਨ੍ਹਾਂ ਵਿਚ ਯਾਤਰਾ ਵਾਘਾ ਬਾਰਡਰ, ਸਲਾਮਬਾਦ, ਚਕਨ ਦਾ ਬਾਗ ਅਤੇ ਦਿੱਲੀ ਵਿਚ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡਾ ਸ਼ਾਮਲ ਸੀ। ਨੇਪਾਲ ਦੇ ਰਾਹ ਨੂੰ ਗ਼ੈਰ ਅਧਿਕਾਰਕ ਰੂਪ ਵਿਚ ਮਨਜ਼ੂਰ ਕੀਤਾ ਗਿਆ ਸੀ। ਹਥਿਆਰਾਂ ਦੀ ਸਿਖਲਾਈ ਲਈ ਸਰਹੱਦ ਰੇਖਾ ਪਾਰ ਕਰ ਕੇ ਪਾਕਿਸਤਾਨ ਵਲ ਗਏ ਕਈ ਵਿਅਕਤੀ 2016 ਤਕ ਅਪਣੇ ਪਰਵਾਰ ਨਾਲ ਨੇਪਾਲ ਦੇ ਰਾਹ ਤੋਂ ਭਾਰਤ ਵਾਪਸ ਆਏ। ਉਸ ਤੋਂ ਬਾਅਦ ਕੇਂਦਰ ਨੇ ਇਸ ਨੀਤੀ ਨੂੰ ਬੰਦ ਕਰ ਦਿਤਾ।