
ਭਾਰਤ ਜਿੱਥੇ ਦੁਨੀਆਂ ਦੀਆਂ ਵੱਡੀਆਂ ਅਰਥਵਿਵਸਥਾਵਾਂ ਵਿਚ ਸ਼ੁਮਾਰ ਹੋਣ ਵਲ ਲਗਾਤਾਰ ਵੱਧ ਰਿਹਾ ਹੈ..............
ਨਵੀਂ ਦਿੱਲੀ : ਭਾਰਤ ਜਿੱਥੇ ਦੁਨੀਆਂ ਦੀਆਂ ਵੱਡੀਆਂ ਅਰਥਵਿਵਸਥਾਵਾਂ ਵਿਚ ਸ਼ੁਮਾਰ ਹੋਣ ਵਲ ਲਗਾਤਾਰ ਵੱਧ ਰਿਹਾ ਹੈ, ਉਥੇ ਹੀ ਰਖਿਆ ਖੇਤਰ ਵਿਚ ਵੀ ਭਾਰਤ ਪਹਿਲਾਂ ਨਾਲੋਂ ਕਾਫ਼ੀ ਤਰੱਕੀ ਹਾਸਲ ਕਰ ਰਿਹਾ ਹੈ। ਦੇਸ਼ ਨੇ ਪਿਛਲੇ ਸਮੇਂ ਦੌਰਾਨ ਜਿੱਥੇ ਦੇਸ਼ ਅੰਦਰ ਬਣੇ ਹਥਿਆਰ ਅਤੇ ਲੜਾਕੂ ਜਹਾਜ਼ ਆਦਿ ਤਿਆਰ ਕੀਤੇ ਹਨ, ਉਥੇ ਹੀ ਹੁਣ ਸਿਆਚਿਨ ਗਲੇਸ਼ੀਅਰ ਵਿਚ ਤੈਨਾਤ ਫ਼ੌਜੀ ਜਵਾਨਾਂ ਲਈ ਬਣਨ ਵਾਲੀਆਂ ਵਿਸ਼ੇਸ਼ ਕਿਸਮ ਦੀਆਂ ਵਰਦੀਆਂ ਵੀ ਹੁਣ ਭਾਰਤ ਵਿਚ ਬਣਨੀਆਂ ਸ਼ੁਰੂ ਹੋ ਜਾਣਗੀਆਂ। ਦਸ ਦਈਏ ਕਿ ਸਿਆਚਿਨ ਗਲੇਸ਼ੀਅਰ ਨੂੰ ਵਿਸ਼ਵ ਦਾ ਸੱਭ ਤੋਂ ਵੱਧ ਖ਼ਤਰਨਾਕ ਜੰਗ ਦਾ ਮੈਦਾਨ ਮੰਨਿਆ ਜਾਂਦਾ ਹੈ।(ਏਜੰਸੀਆਂ)
ਉਥੇ ਬਰਫ਼ੀਲੀਆਂ ਪਹਾੜੀਆਂ 'ਤੇ ਤਾਪਮਾਨ ਜ਼ੀਰੋ ਤੋਂ ਵੀ ਹੇਠਾਂ ਹੁੰਦਾ ਹੈ, ਅਜਿਹੇ ਵਿਚ ਉਥੇ ਤੈਨਾਤ ਫ਼ੌਜੀ ਜਵਾਨਾਂ ਨੂੰ ਖ਼ਾਸ ਤਰ੍ਹਾਂ ਦੀਆਂ ਪੋਸ਼ਾਕਾਂ ਦੀ ਲੋੜ ਹੁੰਦੀ ਹੈ। ਇਨ੍ਹਾਂ ਪੋਸ਼ਾਕਾਂ ਨੂੰ ਵਿਦੇਸ਼ ਤੋਂ ਮੰਗਵਾਇਆ ਹੈ ਪਰ ਹੁਣ ਇਹ ਖ਼ਾਸ ਪੋਸ਼ਾਕਾਂ ਤਿਆਰ ਕਰਨ ਦਾ ਪ੍ਰਾਜੈਕਟ ਭਾਰਤ ਵਿਚ ਸ਼ੁਰੂ ਹੋਣ ਜਾ ਰਿਹਾ ਹੈ, ਜਿਸ ਨੂੰ ਅੰਤਮ ਛੋਹਾਂ ਦਿਤੀਆਂ ਜਾ ਰਹੀਆਂ ਹਨ। ਇਸ ਖੇਤਰ ਵਿਚ ਤੈਨਾਤ ਫ਼ੌਜੀ ਜਵਾਨਾਂ ਲਈ ਹੱਦ ਤੋਂ ਜ਼ਿਆਦਾ ਠੰਢ ਤੋਂ ਬਚਣ ਲਈ ਵਿਸ਼ੇਸ਼ ਤਰ੍ਹਾਂ ਦੇ ਕਪੜੇ ਵਿਦੇਸ਼ ਤੋਂ ਖ਼ਰੀਦਣ ਲਈ ਭਾਰਤ ਨੂੰ ਹਰ ਸਾਲ 800 ਰਕੋੜ ਰੁਪਏ ਖ਼ਰਚਣੇ ਪੈਂਦੇ ਹਨ।
ਇਨ੍ਹਾਂ ਕਪੜਿਆਂ ਨਾਲ ਉਹ ਵਿਸ਼ੇਸ਼ ਕਿਸਮ ਦੀ ਕਿੱਟ ਵੀ ਮੌਜੂਦ ਹੁੰਦੀ ਹੈ, ਜਿਹੜੀ 16,000 ਤੋਂ ਲੈ ਕੇ 20,000 ਫ਼ੁੱਟ ਤਕ ਦੀ ਉਚਾਈ ਦੇ ਗਲੇਸ਼ੀਅਰ ਤੇ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਕਰਨ ਵਾਲੇ ਫ਼ੌਜੀ ਜਵਾਨਾਂ ਦੇ ਕੰਮ ਆਉਂਦੀ ਹੈ।(ਪੀ.ਟੀ.ਆਈ.) ਫ਼ੌਜ ਦੇ ਸੂਤਰਾਂ ਨੇ ਦਸਿਆ ਕਿ ਦੇਸ਼ ਵਿਚ ਹੀ ਇਹ ਖ਼ਾਸ ਕਿਸਮ ਦੀਆਂ ਪੋਸ਼ਾਕਾਂ ਤਿਆਰ ਕਰਨ ਨਾਲ ਭਾਰਤ ਦਾ ਘੱਟ ਖ਼ਰਚਾ ਹੋਵੇਗਾ ਅਤੇ ਹਰ ਸਾਲ ਇਸ ਨਾਲ ਫ਼ੌਜ ਦੇ 300 ਕਰੋੜ ਰੁਪਏ ਬਚਾਏ ਜਾ ਸਕਣਗੇ। ਇਸ ਵੇਲੇ ਇਹ ਵਿਸ਼ੇਸ਼ ਕਿਸਮ ਦੀਆਂ ਪੋਸ਼ਾਕਾਂ ਅਮਰੀਕਾ, ਆਸਟ੍ਰੇਲੀਆ, ਕੈਨੇਡਾ ਅਤੇ ਸਵਿਟਜ਼ਰਲੈਂਡ ਵਰਗੇ ਦੇਸ਼ਾਂ ਤੋਂ ਮੰਗਵਾਉਣੀਆਂ ਪੈਂਦੀਆਂ ਹੈ।
ਸੂਤਰਾਂ ਨੇ ਦਸਿਆ ਕਿ ਨਿਜੀ ਖੇਤਰ ਦੀ ਸ਼ਮੂਲੀਅਤ ਲਈ ਸਿਆਚਿਨ ਗਲੇਸ਼ੀਅਰ 'ਤੇ ਤਾਇਨਾਤ ਫ਼ੌਜੀ ਜਵਾਨਾਂ ਲਈ ਪੋਸ਼ਾਕਾਂ ਹੁਣ ਦੇਸ਼ ਵਿਚ ਹੀ ਤਿਆਰ ਕਰਨ ਦੇ ਪ੍ਰਾਜੈਕਟ ਨੂੰ ਲਗਭਗ ਅੰਤਮ ਰੂਪ ਦੇ ਦਿਤਾ ਜਾ ਰਿਹਾ ਹੈ। ਹੁਣ ਇਸ ਪ੍ਰਾਜੈਕਟ ਦੇ ਸ਼ੁਰੂ ਹੋਣ ਨਾਲ ਭਾਰਤ 'ਚ ਥਰਮਲ ਇਨਸੋਲਜ਼, ਬਰਫ਼ ਦੀਆਂ ਐਨਕਾਂ, ਬਰਫ਼ ਨੂੰ ਤੋੜਨ ਵਾਲੀ ਕੁਹਾੜੀ, ਬਰਫ਼ ਵਿਚ ਵਰਤੇ ਜਾਣ ਵਾਲੇ ਬੂਟ, ਬਰਫ਼ਾਨੀ ਤੋਦਿਆਂ ਦੇ ਸ਼ਿਕਾਰ ਪੀੜਤਾਂ ਦਾ ਪਤਾ ਲਾਉਣ ਵਾਲਾ ਡਿਟੈਕਟਰ, ਚੱਟਾਨੀ ਪਿਟਆਨਜ਼, ਕਾਰਾਬਾਈਨਰ ਸਬੰਧਤ ਪਰਬਤਾਰੋਹਣ ਉਪਕਰਨ ਤੇ ਸੌਣ ਵਾਲੇ ਬੈਗ ਆਦਿ ਬਣਾਏ ਜਾਇਆ ਕਰਨਗੇ।
ਇਸ ਵਿਸ਼ੇਸ਼ ਕਿਸਮ ਦੀ ਪੋਸ਼ਾਕ ਨੂੰ ਚੀਨ ਸਰਹੱਦ 'ਤੇ ਡੋਕਲਾਮ ਵਰਗੇ ਉੱਚੇ ਪਹਾੜੀ ਖੇਤਰਾਂ 'ਤੇ ਤਾਇਨਾਤ ਫ਼ੌਜੀ ਜਵਾਨਾਂ ਲਈ ਵਰਤੀ ਜਾਵੇਗੀ। ਇਨ੍ਹਾਂ ਗਲੇਸ਼ੀਅਰਾਂ 'ਤੇ ਬਹੁਤ ਵਾਰ ਤਾਪਮਾਨ ਮਨਫ਼ੀ 60 ਡਿਗਰੀ ਸੈਲਸੀਅਸ ਤਕ ਚਲਾ ਜਾਂਦਾ ਹੈ। ਪਿਛਲੇ 10 ਵਰ੍ਹਿਆਂ ਦੌਰਾਨ ਸਿਆਚਿਨ ਗਲੇਸ਼ੀਅਰ 'ਤੇ ਤੈਨਾਤ 163 ਜਵਾਨਾਂ ਦੀ ਡਿਊਟੀ ਦੌਰਾਨ ਮੌਤ ਹੋ ਚੁੱਕੀ ਹੈ। (ਏਜੰਸੀਆਂ)