
ਕਾਂਗਰਸ ਦੇ ਸੀਨੀਅਰ ਨੇਤਾ ਸਲਮਾਨ ਖੁਰਸ਼ੀਦ ਨੇ ਐਤਵਾਰ ਨੂੰ ਐਸ.ਪੀ. ਅਤੇ ਬੀ.ਐਸ.ਪੀ. ਵਰਗੀਆਂ ਵਿਰੋਧੀ ਪਾਰਟੀਆਂ ਨੂੰ ਕਿਹਾ ਕਿ 2019 ਲਈ ਯੂ.ਪੀ. ਵਿਚ................
ਨਵੀਂ ਦਿੱਲੀ : ਕਾਂਗਰਸ ਦੇ ਸੀਨੀਅਰ ਨੇਤਾ ਸਲਮਾਨ ਖੁਰਸ਼ੀਦ ਨੇ ਐਤਵਾਰ ਨੂੰ ਐਸ.ਪੀ. ਅਤੇ ਬੀ.ਐਸ.ਪੀ. ਵਰਗੀਆਂ ਵਿਰੋਧੀ ਪਾਰਟੀਆਂ ਨੂੰ ਕਿਹਾ ਕਿ 2019 ਲਈ ਯੂ.ਪੀ. ਵਿਚ ਗਠਜੋੜ ਵਲੋਂ ਕਾਂਗਰਸ ਨੂੰ ਬਾਹਰ ਰਖਣਾ ਦੂਰਦਰਸ਼ੀ ਕਦਮ ਨਹੀਂ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਗਠਜੋੜ ਨਾਲ ਕਾਂਗਰਸ ਨੂੰ ਬਾਹਰ ਰੱਖਣ ਜਾਂ ਉਸ ਨੂੰ ਸੂਬੇ ਵਿਚ ਹੇਠਾਂ ਵਿਖਾਉਣ ਦੀ ਕੋਈ ਵੀ ਕੋਸ਼ਿਸ਼ ਦੂਰਦਰਸ਼ੀ ਨਹੀਂ ਹੋਵੇਗੀ ਅਤੇ ਇਸ ਤੋਂ ਭਾਰਤੀ ਜਨਤਾ ਪਾਰਟੀ (ਭਾਜਪਾ) ਨੂੰ ਫ਼ਾਇਦਾ ਪਹੁੰਚੇਗਾ। ਖੁਰਸ਼ੀਦ ਨੇ ਨਾਲ ਵਿਚ ਇਹ ਵੀ ਕਿਹਾ ਕਿ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਇਹ ਸੁਨੇਹਾ ਦਿਤਾ ਹੈ
ਕਿ ਵਿਰੋਧੀ ਪਾਰਟੀਆ ਵਲੋਂ ਪ੍ਰਧਾਨ ਮੰਤਰੀ ਅਹੁਦੇ ਦਾ ਉਮੀਦਵਾਰ ਕੌਣ ਹੋਵੇਗਾ, ਇਸ ਵਿਚ ਉਲਝਣ ਦੀ ਬਜਾਏ ਆਮ ਚੋਣਾਂ ਵਿਚ ਸਮੂਹਕ ਤੌਰ 'ਤੇ ਜਿੱਤ ਹਾਸਲ ਕਰਨ 'ਤੇ ਧਿਆਨ ਕੇਂਦਰਤ ਕਰਨਾ ਚਾਹੀਦਾ ਹੈ। ਇਕ ਇੰਟਰਵਿਊ ਵਿਚ ਖੁਰਸ਼ੀਦ ਨੇ ਕਿਹਾ ਕਿ ਕਾਂਗਰਸ ਜੋ ਸੱਭ ਤੋਂ ਚੰਗਾ ਕੰਮ ਕਰ ਸਕਦੀ ਹੈ, ਉਹ ਇਹ ਯਕੀਨੀ ਕਰਨਾ ਹੈ ਕਿ ਭਾਜਪਾ ਗਠਜੋੜ ਦੇ ਵਲ ਵੱਧ ਰਹੀਆਂ ਵਿਰੋਧੀ ਪਾਰਟੀਆਂ ਵਿਚ ਦਰਾਰ ਫੈਲਾਉਣ ਦੀ ਅਪਣੀ ਕੋਸ਼ਿਸ਼ ਵਿਚ ਨਾਕਾਮ ਹੋਵੇ। ਦੋ ਵਾਰ ਯੂ.ਪੀ. ਕਾਂਗਰਸ ਦੇ ਮੁਖੀ ਰਹਿ ਚੁੱਕੇ ਖੁਰਸ਼ੀਦ ਨੇ ਜ਼ੋਰ ਦੇ ਕੇ ਕਿਹਾ ਕਿ ਸੂਬਾਈ ਪਾਰਟੀਆਂ ਨੂੰ ਕਾਂਗਰਸ ਨੂੰ ਕਮਜ਼ੋਰ ਨਹੀਂ ਚਾਹੀਦਾ।
ਉਨ੍ਹਾਂ ਕਿਹਾ ਕਿ 2019 ਦੀਆਂ ਚੋਣ ਵਿਚ ਭਾਜਪਾ ਨੂੰ ਹਰਾਉਣ ਲਈ ਸਮਾਜਵਾਦੀ ਪਾਰਟੀ ਅਤੇ ਬੀ.ਐਸ.ਪੀ. ਨਾਲ ਗਠਜੋੜ ਵਿਚ ਕਾਂਗਰਸ ਦੀ ਹਿੱਸੇਦਾਰੀ ਅਹਿਮ ਹੈ। ਕਾਂਗਰਸ ਨੂੰ ਬਹੁਤ ਘੱਟ ਸੀਟਾਂ ਦਿਤੇ ਜਾਣ ਜਾਂ ਮਹਾਂਗਠਜੋੜ ਤੋਂ ਬਾਹਰ ਕੀਤੇ ਜਾਣ ਦੇ ਕਿਆਸਿਆਂ ਨਾਲ ਜੁੜੇ ਸਵਾਲ ਦੇ ਜਵਾਬ ਵਿਚ ਖੁਰਸ਼ੀਦ ਨੇ ਕਿਹਾ ਕਿ ਜੇਕਰ ਅਜਿਹਾ ਹੁੰਦਾ ਹੈ ਤਾਂ ਭਾਜਪਾ ਨੂੰ ਫ਼ਾਇਦਾ ਪਹੁੰਚੇਗਾ।
ਸਾਬਕਾ ਕੇਂਦਰੀ ਮੰਤਰੀ ਨੇ ਕਿਹਾ ਕਿ ਇਹ ਯਾਦ ਰਖਣਾ ਚਾਹੀਦਾ ਹੈ ਕਿ ਕਾਂਗਰਸ ਨੇ 2009 ਦੀਆਂ ਲੋਕ ਸਭਾ ਚੋਣਾਂ ਵਿਚ ਯੂ.ਪੀ. ਵਿਚ ਵਧੀਆ ਪ੍ਰਦਰਸ਼ਨ ਕੀਤਾ ਸੀ। ਉਨ੍ਹਾਂ ਨੇ ਕਿਹਾ ਕਿ ਯੂ.ਪੀ. ਵਿਚ ਬਹੁਤ ਭੈੜੇ ਹਾਲਾਤ ਵਿਚ ਵੀ ਕਾਂਗਰਸ ਦਾ 7 ਫ਼ੀ ਸਦੀ ਵੋਟਾਂ ਦਾ ਹਿੱਸਾ ਹੈ ਅਤੇ ਇਹ ਇਕ ਵਾਰ ਫਿਰ ਵੱਧ ਕੇ 10 ਜਾਂ 12 ਫ਼ੀ ਸਦੀ ਪਹੁੰਚ ਜਾਵੇਗਾ। ਉਨ੍ਹਾਂ ਕਿਹਾ ਕਿ ਕਾਂਗਰਸ ਦਾ ਵੋਟ ਹਿੱਸਾ ਕਈ ਸੀਟਾਂ ਉੱਤੇ ਫ਼ੈਸਲਾਕੁਨ ਭੂਮਿਕਾ ਵਿਚ ਹਨ। (ਏਜੰਸੀਆਂ)