
2019 ਦੀਆਂ ਲੋਕ ਸਭਾ ਚੋਣਾਂ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਹਨ ਅਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਨੂੰ ਹਰਾਉਣ ਲਈ ਵਿਰੋਧੀ ਇਕਜੁਟ ਹੋਣ ਲੱਗੇ ਹਨ...............
ਨਵੀਂ ਦਿੱਲੀ: 2019 ਦੀਆਂ ਲੋਕ ਸਭਾ ਚੋਣਾਂ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਹਨ ਅਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਨੂੰ ਹਰਾਉਣ ਲਈ ਵਿਰੋਧੀ ਇਕਜੁਟ ਹੋਣ ਲੱਗੇ ਹਨ। ਸੂਤਰਾਂ ਦੇ ਹਵਾਲੇ ਨਾਲ ਖ਼ਬਰ ਮਿਲੀ ਹੈ ਕਿ ਉੱਤਰ ਪ੍ਰਦੇਸ਼ ਵਿਚ ਕਾਂਗਰਸ, ਐਸ.ਪੀ., ਬਸਪਾ ਅਤੇ ਆਰ.ਐਲ.ਡੀ. ਮਿਲ ਕੇ ਚੋਣਾਂ ਲੜਨਗੇ। ਜਾਣਕਾਰੀ ਅਨੁਸਾਰ ਚਾਰੇ ਪਾਰਟੀਆਂ ਦੇ ਨਾਲ ਮਿਲ ਕੇ ਲੜਨ ਦੀ ਸਹਿਮਤੀ ਬਣ ਗਈ ਹੈ। ਹਾਲਾਂਕਿ ਸੀਟਾਂ ਦੀ ਵੰਡ 'ਤੇ ਅਜੇ ਆਖ਼ਰੀ ਫ਼ੈਸਲਾ ਨਹੀਂ ਹੋਇਆ ਪਰ ਸੂਤਰਾਂ ਦਾ ਕਹਿਣਾ ਹੈ ਕਿ ਮਹਾਂਗਠਜੋੜ ਵਿਚ ਕਾਂਗਰਸ ਨੂੰ 8 ਸੀਟਾਂ ਮਿਲਣਗੀਆਂ।
Mayawati
ਸਮਾਜਵਾਦੀ ਪਾਰਟੀ ਨੂੰ 30 ਸੀਟਾਂ ਮਿਲ ਸਕਦੀਆਂ ਹਨ। ਆਰ.ਐਲ.ਡੀ. ਦੀਆਂ ਸੀਟਾਂ ਐਸ.ਪੀ. ਦੇ ਕੋਟੇ ਵਿਚ ਹੀ ਹੋਣਗੀਆਂ। ਉਥੇ ਸੱਭ ਤੋਂ ਜ਼ਿਆਦਾ ਸੀਟਾਂ ਮਾਇਆਵਤੀ ਦੀ ਪਾਰਟੀ ਬਸਪਾ ਨੂੰ ਮਿਲ ਸਕਦੀਆਂ ਹਨ। ਬਸਪਾ ਨੂੰ 40 ਸੀਟਾਂ ਮਿਲਣ ਦਾ ਅਨੁਮਾਨ ਹੈ। ਹਾਲਾਂਕਿ ਸੀਟਾਂ ਦਾ ਇਹ ਫ਼ਾਰਮੂਲਾ ਅਜੇ ਆਖ਼ਰੀ ਨਹੀਂ। ਸਿਆਸੀ ਗਲਿਆਰਿਆਂ ਵਿਚ ਹਮੇਸ਼ਾ ਤੋਂ ਹੀ ਇਹ ਗੱਲ ਆਖੀ ਜਾਂਦੀ ਰਹੀ ਹੈ ਕਿ ਦਿੱਲੀ ਦਾ ਰਸਤਾ ਉੱਤਰ ਪ੍ਰਦੇਸ਼ ਤੋਂ ਹੋ ਕੇ ਹੀ ਜਾਂਦਾ ਹੈ। ਸੀਟਾਂ ਦੇ ਲਿਹਾਜ਼ ਨਾਲ ਉੱਤਰ ਪ੍ਰਦੇਸ਼ ਸੱਭ ਤੋਂ ਵੱਡਾ ਸੂਬਾ ਹੈ ਅਤੇ ਇੱਥੇ ਲੋਕ ਸਭਾ ਦੀਆਂ 80 ਸੀਟਾਂ ਹਨ।
Akhilesh Yadav
2014 ਦੀਆਂ ਚੋਣਾਂ ਵਿਚ ਭਾਜਪਾ ਦੀ ਅਗਵਾਈ ਵਿਚ ਐਨ.ਡੀ.ਏ. ਨੂੰ 73 ਸੀਟਾਂ ਮਿਲੀਆਂ ਸਨ, ਜਿਸ ਵਿਚ ਇਕੱਲੀ ਭਾਜਪਾ ਨੂੰ ਹੀ 71 ਸੀਟਾਂ ਮਿਲੀਆਂ ਸਨ। ਕੁੱਝ ਦਿਨ ਪਹਿਲਾਂ ਹੀ ਗੋਰਖਪੁਰ-ਫੂਲਪੁਰ ਅਤੇ ਕੈਰਾਨਾ ਵਿਚ ਹੋਈਆਂ ਲੋਕ ਸਭਾ ਉਪ-ਚੋਣਾਂ ਵਿਚ ਇਨ੍ਹਾਂ ਪਾਰਟੀਆਂ ਦੀ ਏਕਤਾ ਨੇ ਭਾਜਪਾ ਨੂੰ ਹਰਾਉਣ ਵਿਚ ਕਾਮਯਾਬੀ ਹਾਸਲ ਕੀਤੀ ਸੀ। ਇਸ ਵਿਚ ਗੋਰਖ਼ਪੁਰ ਸੀਟ 'ਤੇ ਭਾਜਪਾ ਦੀ ਹਾਰ ਐਸ.ਪੀ.-ਬਸਪਾ ਗਠਜੋੜ ਦੀ ਸੱਭ ਤੋਂ ਵੱਡੀ ਜਿੱਤ ਸੀ। ਵਿਰੋਧੀ ਏਕਤਾ ਦੀ ਕੋਸ਼ਿਸ਼ ਵਿਚ ਲੱਗੀ ਐਨ.ਸੀ.ਪੀ. ਆਗੂ ਸ਼ਰਦ ਪਵਾਰ ਅਤੇ ਬਸਪਾ ਮੁਖੀ ਮਾਇਆਵਤੀ ਦੇ ਵਿਚਕਾਰ ਪਿਛਲੇ ਹੀ ਹਫ਼ਤੇ ਇਕ ਮੁਲਾਕਾਤ ਹੋਈ ਸੀ।
Ajit Singh
ਸੂਤਰਾਂ ਮੁਤਾਬਕ ਇਸ ਮੀਟਿੰਗ ਵਿਚ ਦੋਹਾਂ ਨੇਤਾਵਾਂ ਵਿਚਕਾਰ ਬਸਪਾ ਦੀਆਂ ਸੀਟਾਂ ਨੂੰ ਲੈ ਕੇ ਚਰਚਾ ਹੋਈ ਹੈ। ਖ਼ਾਸ ਤੌਰ 'ਤੇ ਰਾਜਸਥਾਨ, ਮੱਧ ਪ੍ਰਦੇਸ਼ ਅਤੇ ਛੱਤੀਸਗੜ੍ਹ ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ। ਖ਼ਬਰ ਇਹ ਵੀ ਹੈ ਕਿ ਮੱਧ ਪ੍ਰਦੇਸ਼ ਵਿਚ ਬਸਪਾ ਨੇ ਕਾਂਗਰਸ ਤੋਂ 50 ਸੀਟਾਂ ਦੀ ਮੰਗ ਕੀਤੀ ਹੈ ਪਰ ਕਾਂਗਰਸ ਨੇ ਉਸ ਨੂੰ 22 ਸੀਟਾਂ ਦੀ ਆਫ਼ਰ ਦਿਤੀ ਸੀ ਅਤੇ ਉਹ 30 ਤੋਂ ਜ਼ਿਆਦਾ ਸੀਟਾਂ 'ਤੇ ਸਮਝੌਤਾ ਕਰਨ ਲਈ ਰਾਜ਼ੀ ਨਹੀਂ ਹੈ।
ਇਸ ਦੇ ਬਾਅਦ ਤੋਂ ਗੱਲ ਅਟਕ ਗਈ ਹੈ। ਕਾਂਗਰਸ ਨਾਲ ਜੁੜੇ ਸੂਤਰਾਂ ਦਾ ਕਹਿਣਾ ਹੈ ਕਿ ਜਿਸ ਫ਼ਾਰਮੂਲੇ ਦੀ ਗੱਲ ਕੀਤੀ ਜਾ ਰਹੀ ਹੈ, ਉਸ 'ਤੇ ਪਾਰਟੀ ਵਿਚ ਚਰਚਾ ਕਰਨਾ ਅਜੇ ਬਾਕੀ ਹੈ। ਉਥੇ ਪਾਰਟੀ ਨੇ ਝਾਰਖੰਡ, ਮਹਾਰਾਸ਼ਟਰ, ਬਿਹਾਰ, ਤਾਮਿਲਨਾਡੂ ਅਤੇ ਕੇਰਲ ਵਿਚ ਪਹਿਲਾਂ ਹੀ ਗਠਜੋੜ ਕਰ ਲਿਆ ਹੈ। (ਏਜੰਸੀਆਂ)