
ਕਰਨਲ ਮਨਪ੍ਰੀਤ ਸਿੰਘ, ਮੇਜਰ ਆਸ਼ੀਸ਼, ਜੰਮੂ-ਕਸ਼ਮੀਰ ਪੁਲਿਸ ਦੇ ਡਿਪਟੀ ਸੁਪਰਡੈਂਟ ਹੁਮਾਯੂੰ ਭੱਟ ਗੋਲੀਬਾਰੀ ’ਚ ਜ਼ਖਮੀ ਹੋ ਗਏ ਅਤੇ ਬਾਅਦ ’ਚ ਉਨ੍ਹਾਂ ਦੀ ਮੌਤ ਹੋ ਗਈ।
ਸ੍ਰੀਨਗਰ, 13 ਸਤੰਬਰ: ਜੰਮੂ-ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਦੇ ਕੋਕੇਰਨਾਗ ਇਲਾਕੇ ’ਚ ਅਤਿਵਾਦੀਆਂ ਨਾਲ ਮੁਕਾਬਲੇ ਵਿਚ ਫੌਜ ਦੇ ਇਕ ਕਰਨਲ ਸਮੇਤ ਸੁਰੱਖਿਆ ਫ਼ੋਰਸ ਦੇ ਤਿੰਨ ਅਧਿਕਾਰੀ ਸ਼ਹੀਦ ਹੋ ਗਏ। ਅਧਿਕਾਰੀਆਂ ਨੇ ਬੁਧਵਾਰ ਨੂੰ ਇਥੇ ਇਹ ਜਾਣਕਾਰੀ ਦਿਤੀ।
ਉਨ੍ਹਾਂ ਦਸਿਆ ਕਿ ਕਰਨਲ ਮਨਪ੍ਰੀਤ ਸਿੰਘ, ਮੇਜਰ ਆਸ਼ੀਸ਼, ਜੰਮੂ-ਕਸ਼ਮੀਰ ਪੁਲਿਸ ਦੇ ਡਿਪਟੀ ਸੁਪਰਡੈਂਟ ਹੁਮਾਯੂੰ ਭੱਟ ਗੋਲੀਬਾਰੀ ’ਚ ਗੰਭੀਰ ਰੂਪ ’ਚ ਜ਼ਖਮੀ ਹੋ ਗਏ ਅਤੇ ਬਾਅਦ ’ਚ ਉਨ੍ਹਾਂ ਦੀ ਮੌਤ ਹੋ ਗਈ। ਉਨ੍ਹਾਂ ਕਿਹਾ ਕਿ ਭੱਟ ਦੀ ਮੌਤ ਜ਼ਿਆਦਾ ਖੂਨ ਵਹਿਣ ਕਾਰਨ ਹੋਈ ਹੈ।
ਅਧਿਕਾਰੀਆਂ ਨੇ ਦਸਿਆ ਕਿ ਗਡੋਲ ਇਲਾਕੇ ’ਚ ਅਤਿਵਾਦੀਆਂ ਵਿਰੁਧ ਮੁਹਿੰਮ ਮੰਗਲਵਾਰ ਸ਼ਾਮ ਨੂੰ ਸ਼ੁਰੂ ਹੋਈ ਸੀ ਪਰ ਰਾਤ ਨੂੰ ਇਸ ਨੂੰ ਰੋਕ ਦਿਤਾ ਗਿਆ। ਅਧਿਕਾਰੀਆਂ ਨੇ ਦਸਿਆ ਕਿ ਅਤਿਵਾਦੀਆਂ ਦੀ ਤਲਾਸ਼ੀ ਅੱਜ ਸਵੇਰੇ ਫਿਰ ਤੋਂ ਸ਼ੁਰੂ ਕੀਤੀ ਗਈ ਸੀ ਜਦੋਂ ਸੂਚਨਾ ਮਿਲੀ ਸੀ ਕਿ ਉਨ੍ਹਾਂ ਨੂੰ ਇਕ ਛੁਪਣਗਾਹ ’ਤੇ ਵੇਖਿਆ ਗਿਆ ਸੀ। ਫੌਜ ਦੇ ਕਰਨਲ ਅਪਣੀ ਟੀਮ ਦੀ ਅਗਵਾਈ ਕਰ ਰਹੇ ਸਨ, ਜਿਸ ’ਤੇ ਅਤਿਵਾਦੀਆਂ ਨੇ ਹਮਲਾ ਕੀਤਾ। ਹਾਲਾਂਕਿ ਅਤਿਵਾਦੀਆਂ ਨੇ ਉਨ੍ਹਾਂ ’ਤੇ ਗੋਲੀਬਾਰੀ ਕਰ ਦਿਤੀ, ਜਿਸ ’ਚ ਉਹ ਗੰਭੀਰ ਜ਼ਖਮੀ ਹੋ ਗਏ।