
ਇਹ ਗਲਤੀ 2015 ਵਿਚ ਹੋਈ ਸੀ, ਫਿਰ 2019 ਵਿਚ ਵੀ ਉਹ ਇਸ ਨੂੰ ਠੀਕ ਕਰਵਾਉਣ ਲਈ ਗਈ ਪਰ ਅਧਿਕਾਰੀਆਂ ਨੇ ਕੁਝ ਨਹੀਂ ਕੀਤਾ।
ਕਰਨਾਲ - ਹਰਿਆਣਾ ਦੇ ਅੰਬਾਲਾ ਜ਼ਿਲ੍ਹੇ ਦੇ ਇਕ ਪਿੰਡ 'ਚ 100 ਵੋਟਰ ਕਾਰਡਾਂ 'ਤੇ ਇਕੋ ਔਰਤ ਦੀ ਲੱਗੀ ਫੋਟੋ ਨੂੰ ਲੈ ਕੇ ਹੰਗਾਮਾ ਹੋ ਗਿਆ ਹੈ। ਪੰਚਾਇਤੀ ਚੋਣਾਂ ਕਾਰਨ ਪਿੰਡ ਵਾਸੀ ਇਸ ਦੇ ਵਿਰੋਧ ਵਿਚ ਆ ਗਏ ਹਨ। ਜਿਸ ਤੋਂ ਬਾਅਦ ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ (ਬੀਡੀਪੀਓ) ਨੂੰ ਜਾਂਚ ਕਮੇਟੀ ਬਣਾਉਣੀ ਪਈ। ਜਿਸ ਵਿਚ ਪਿੰਡ ਵਾਸੀਆਂ ਨੇ ਵੀ ਸ਼ਮੂਲੀਅਤ ਕਰਨੀ ਸੀ।
ਜਿਸ ਔਰਤ ਦੀ ਤਸਵੀਰ ਕਾਰਡਾਂ 'ਤੇ ਲੱਗੀ ਹੈ ਉਹ ਪਿੰਡ ਢਕੋਲਾ ਦੀ ਰਹਿਣ ਵਾਲੀ ਹੈ। ਮਹਿਲਾ ਦੀ ਉਮਰ 75 ਸਾਲ ਤੇ ਨਾਮ ਚਰਨਜੀਤ ਕੌਰ ਹੈ। ਜਿਸ ਨੇ ਕਿਹਾ ਕਿ ਉਹ ਖ਼ੁਦ 7 ਸਾਲਾਂ ਤੋਂ ਪ੍ਰੇਸ਼ਾਨ ਹੈ। ਇਹ ਗਲਤੀ 2015 ਵਿਚ ਹੋਈ ਸੀ, ਫਿਰ 2019 ਵਿਚ ਵੀ ਉਹ ਇਸ ਨੂੰ ਠੀਕ ਕਰਵਾਉਣ ਲਈ ਗਈ ਪਰ ਅਧਿਕਾਰੀਆਂ ਨੇ ਕੁਝ ਨਹੀਂ ਕੀਤਾ।
ਹੈਰਾਨੀ ਦੀ ਗੱਲ ਇਹ ਹੈ ਕਿ ਚਰਨਜੀਤ ਕੌਰ ਦੀ ਫੋਟੋ ਨਾ ਸਿਰਫ਼ ਔਰਤਾਂ ਦੇ ਵੋਟਰ ਆਈਡੀ ਕਾਰਡ 'ਤੇ ਲੱਗੀ ਹੈ, ਬਲਕਿ ਨੌਜਵਾਨਾਂ ਅਤੇ ਮਰਦ ਵੋਟਰਾਂ ਦੇ ਵੋਟਰ ਕਾਰਡਾਂ 'ਤੇ ਵੀ ਲਗਾਈ ਗਈ ਹੈ। ਅਜਿਹਾ ਨਹੀਂ ਹੈ ਕਿ ਚਰਨਜੀਤ ਕੌਰ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਨੇ ਵੋਟਰ ਸੂਚੀ ਵਿਚ ਹੋਈ ਗਲਤੀ ਨੂੰ ਸੁਧਾਰਨ ਦੀ ਕੋਸ਼ਿਸ਼ ਨਹੀਂ ਕੀਤੀ ਹੈ। ਚਰਨਜੀਤ ਕੌਰ ਦਾ ਕਹਿਣਾ ਹੈ ਕਿ ਉਹ ਸਾਲ 2015 ਤੋਂ ਲਗਾਤਾਰ ਸ਼ਿਕਾਇਤਾਂ ਕਰ ਰਹੀ ਹੈ। 2019 ਦੀਆਂ ਵਿਧਾਨ ਸਭਾ ਚੋਣਾਂ ਵਿਚ ਵੀ ਉਨ੍ਹਾਂ ਇਸ ਗਲਤੀ ਨੂੰ ਸੁਧਾਰਨ ਦੀ ਅਪੀਲ ਕੀਤੀ ਸੀ ਪਰ ਕੋਈ ਸੁਣਵਾਈ ਨਹੀਂ ਹੋਈ। ਇਸ ਤੋਂ ਇਲਾਵਾ ਕਈ ਹੋਰ ਪਿੰਡ ਵਾਸੀ ਵੀ ਅਧਿਕਾਰੀਆਂ ਦੀ ਲਾਪ੍ਰਵਾਹੀ ਦਾ ਖਮਿਆਜ਼ਾ ਭੁਗਤ ਰਹੇ ਹਨ।
ਪਿਛਲੇ ਦੋ ਦਿਨਾਂ ਤੋਂ ਵਾਰਡ ਬੰਦੀ ਦੀ ਮੁਰੰਮਤ ਵਿਚ ਲੱਗੇ ਪਿੰਡ ਵਾਸੀਆਂ ਦਾ ਦਾਅਵਾ ਹੈ ਕਿ ਉਨ੍ਹਾਂ ਨੂੰ ਵੋਟਰ ਸੂਚੀ ਵਿਚ ਕਾਫ਼ੀ ਜਾਅਲੀ ਵੋਟਾਂ ਮਿਲੀਆਂ ਹਨ। ਪਿੰਡ ਵਾਸੀਆਂ ਅਨੁਸਾਰ ਸੂਚੀ ਵਿਚ 8 ਵਾਰਡਾਂ ਦੀਆਂ ਕੁੱਲ 1480 ਵੋਟਾਂ ਦਿਖਾਈਆਂ ਗਈਆਂ ਹਨ ਪਰ ਇਨ੍ਹਾਂ ਵਿਚੋਂ 350 ਦੇ ਕਰੀਬ ਵੋਟਾਂ ਜਾਅਲੀ ਹਨ। ਵਾਰਡ-2 ਦੀਆਂ 192 ਵੋਟਾਂ 'ਚੋਂ 36, ਵਾਰਡ-4 'ਚ 161 'ਚੋਂ 41 ਵੋਟਾਂ (13 ਦੀ ਮੌਤ ਹੋ ਚੁੱਕੀ ਹੈ) ਅਤੇ ਵਾਰਡ-8 'ਚ 181 'ਚੋਂ 18 ਦੀ ਮੌਤ ਤਾਂ ਕਈ ਸਾਲ ਪਹਿਲਾਂ ਹੋ ਚੁੱਕੀ ਹੈ, ਪਰ ਵਾਰਡਬੰਦੀ ਵਿਚ ਵੋਟ ਪਿਛਲੇ ਸਮੇਂ 'ਚ ਕੱਟੀ ਨਹੀਂ ਗਈ।
ਪਿੰਡ ਵਾਸੀ ਪ੍ਰਵੀਨ ਸ਼ਰਮਾ ਅਤੇ ਹੈਪੀ ਨੇ ਦੱਸਿਆ ਕਿ ਪਿੰਡ ਦੀਆਂ ਲੜਕੀਆਂ ਜਿਨ੍ਹਾਂ ਦਾ ਕਈ ਸਾਲ ਪਹਿਲਾਂ ਵਿਆਹ ਹੋਇਆ ਸੀ, ਉਨ੍ਹਾਂ ਨੂੰ ਵੀ ਵੋਟ ਸੂਚੀ ਵਿਚ ਸ਼ਾਮਲ ਕੀਤਾ ਗਿਆ ਹੈ। ਵਾਰਡਬੰਦੀ ਵਿਚ ਬਹੁਤ ਸਾਰੀਆਂ ਬੇਨਿਯਮੀਆਂ ਹਨ। ਵਾਰਡ 2 ਦੇ ਵੋਟਰ 7 ਵਿਚ, ਵਾਰਡ 3 ਦੇ ਵੋਟਰ 5 ਵਿਚ ਅਤੇ ਵਾਰਡ 4 ਦੇ ਵੋਟਰ 6 ਵਿਚ ਸ਼ਾਮਲ ਹਨ।