
ਲੜਕੀ ਉਕਤ ਲੜਕੇ ਨੂੰ 2020 ਤੋਂ ਜਾਣਦੀ ਸੀ, ਜਦੋਂ ਉਹ ਆਪਣੇ ਪਰਿਵਾਰ ਸਮੇਤ ਆਈਐਨਐਸ ਤੁਨੀਰ, ਕਰੰਜਾ ਵਿਖੇ ਰਹਿੰਦੀ ਸੀ,
ਮੁੰਬਈ - ਸਥਾਨਕ ਪੁਲਿਸ ਨੇ ਇੱਕ ਨੇਵੀ ਇੰਜੀਨੀਅਰ ਵਿਰੁੱਧ ਇੱਕ 19 ਸਾਲਾ ਲੜਕੀ ਦੇ ਬਲਾਤਕਾਰ ਦਾ ਮਾਮਲਾ ਦਰਜ ਕੀਤਾ ਹੈ। ਕੱਫ਼ੇ ਪਰੇਡ ਪੁਲਿਸ ਸਟੇਸ਼ਨ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਸ਼ਿਕਾਇਤ ਦਰਜ ਕਰਵਾਉਣ ਵਾਲੀ ਕਿਸ਼ੋਰ ਲੜਕੀ ਇੱਕ ਪ੍ਰਾਈਵੇਟ ਕਾਲਜ ਵਿੱਚ ਪੜ੍ਹਦੀ ਹੈ ਅਤੇ ਦੱਖਣੀ ਮੁੰਬਈ ਵਿੱਚ ਨੇਵੀ ਨਗਰ ਵਿੱਚ ਆਈ.ਐੱਨ.ਐਚ.ਐੱਸ. ਅਸਵਿਨੀ ਦੇ ਨੇੜੇ ਇੱਕ ਹੋਸਟਲ ਵਿੱਚ ਰਹਿੰਦੀ ਹੈ।
"ਐਤਵਾਰ 9 ਅਕਤੂਬਰ ਦੀ ਦੁਪਹਿਰ, ਲੜਕੀ ਨੇਵੀ ਨਗਰ ਵਿੱਚ ਰਹਿੰਦੇ ਆਪਣੇ ਪਿਤਾ ਦੇ ਪੁਰਾਣੇ ਦੋਸਤ ਨੂੰ ਮਿਲਣ ਗਈ ਸੀ ਅਤੇ ਇਸੇ ਦੌਰਾਨ ਉਸ ਦੀ ਮੁਲਾਕਾਤ 29 ਸਾਲਾ ਨੇਵੀ ਇੰਜੀਨੀਅਰ ਨਾਲ ਹੋ ਗਈ। ਬਾਅਦ 'ਚ ਲੜਕੀ ਲੜਕੇ ਨੂੰ ਮਿਲਣ ਲਈ ਨਿਊ ਨੇਵੀ ਨਗਰ ਵਿੱਚ ਉਸ ਦੇ ਕੁਆਰਟਰ ਗਈ।" ਅਧਿਕਾਰੀ ਨੇ ਕਿਹਾ।
ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਪੀੜਤਾ ਨਾਲ ਬਲਾਤਕਾਰ ਕੀਤਾ ਗਿਆ, ਅਤੇ ਦੋਸ਼ੀ ਨੇ ਉਸ ਨੂੰ ਧਮਕੀ ਦਿੱਤੀ ਕਿ ਉਹ ਕਿਸੇ ਕੋਲ ਵੀ ਇਸ ਦਾ ਖੁਲਾਸਾ ਨਾ ਕਰੇ, ਨਹੀਂ ਤਾਂ ਇਸ ਨਾਲ ਉਸ (ਲੜਕੀ) ਦਾ ਅਕਸ ਖਰਾਬ ਹੋ ਜਾਵੇਗਾ। ਹਾਲਾਂਕਿ, ਹੋਸਟਲ ਪਹੁੰਚਣ ਤੋਂ ਬਾਅਦ, ਲੜਕੀ ਨੇ ਆਪਣੇ ਦੋਸਤਾਂ, ਹੋਸਟਲ ਇੰਚਾਰਜ ਅਤੇ ਮਾਪਿਆਂ ਨੂੰ ਇਸ ਬਾਰੇ ਸੂਚਿਤ ਕੀਤਾ।
ਜਾਣਕਾਰੀ ਮਿਲੀ ਹੈ ਕਿ ਲੜਕੀ ਉਕਤ ਲੜਕੇ ਨੂੰ 2020 ਤੋਂ ਜਾਣਦੀ ਸੀ, ਜਦੋਂ ਉਹ ਆਪਣੇ ਪਰਿਵਾਰ ਸਮੇਤ ਆਈਐਨਐਸ ਤੁਨੀਰ, ਕਰੰਜਾ ਵਿਖੇ ਰਹਿੰਦੀ ਸੀ, ਅਤੇ ਲਾਕਡਾਊਨ ਦੌਰਾਨ ਦੋਵੇਂ ਦੋਸਤ ਬਣੇ ਸੀ। ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਧਾਰਾ 376 ਦੇ ਤਹਿਤ ਬਲਾਤਕਾਰ ਦਾ ਮਾਮਲਾ ਦਰਜ ਕੀਤਾ ਗਿਆ ਹੈ, ਅਤੇ ਜਾਂਚ ਕੀਤੀ ਜਾ ਰਹੀ ਹੈ।